ਗੈਸਟ ਪ੍ਰੋਫ਼ੈਸਰਾਂ ਦੀਆਂ ਸੇਵਾਵਾਂ ਨੂੰ ਨਿਯਮਿਤ ਕਰਨ ਦੀ ਮੰਗ ਸੂਬੇ ਦੇ ਸਰਕਾਰੀ ਕਾਲਜਾਂ ਵਿੱਚ ਦਹਾਕਿਆਂ
Publish Date: Thu, 19 Nov 2026 05:18 PM (IST)
Updated Date: Thu, 19 Nov 2026 05:21 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਸੂਬੇ ਦੇ ਸਰਕਾਰੀ ਕਾਲਜਾਂ ਵਿੱਚ ਦਹਾਕਿਆਂ ਤੋਂ ਸੇਵਾਵਾਂ ਨਿਭਾ ਰਹੇ ਗੈਸਟ ਫੈਕਲਟੀ ਸਹਾਇਕ ਪ੍ਰੋਫ਼ੈਸਰਾਂ ਨੂੰ ਪਹਿਲ ਦੇ ਆਧਾਰ ਤੇ ਨਿਯਮਿਤ ਕੀਤਾ ਜਾਵੇ। ਸਥਾਨਕ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਵਿੱਚ ਕੰਮ ਕਰਦੇ ਗੈਸਟ ਫ਼ੈਕਲਟੀ ਸਹਾਇਕ ਪ੍ਰੋਫ਼ੈਸਰਾਂ ਨੇ ਲਾਮਬੰਦੀ ਇਕੱਤਰਤਾ ਕਰਨ ਉਪਰੰਤ ਇਹ ਮੰਗ ਕਰਦਿਆਂ ਕਿਹਾ ਕਿ ਉਹ ਨਿਗੂਣੀਆਂ ਤਨਖ਼ਾਹਾਂ ਤੇ ਸੇਵਾਵਾਂ ਨਿਭਾਅ ਰਹੇ ਹਨ, ਪਰ ਹਾਲੇ ਤੱਕ ਵੀ ਉਨ੍ਹਾਂ ਦੀ ਨੌਕਰੀ ਨੂੰ ਪੱਕਾ ਨਹੀਂ ਕੀਤਾ ਗਿਆ। ਗੈਸਟ ਫ਼ੈਕਲਟੀ ਸਹਾਇਕ ਪ੍ਰੋਫੈਸਰਜ਼ ਸੰਯੁਕਤ ਫਰੰਟ ਦੇ ਸੂਬਾਈ ਆਗੂ ਡਾ. ਰਾਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਮੌਕੇ ਆਪ ਦੇ ਕੌਮੀ ਕਨਵੀਨਰ ਅਰਵਿੰਦਰ ਕੇਜਰੀਵਾਲ ਉਨ੍ਹਾਂ ਦੀਆਂ ਸੇਵਾਵਾਂ ਨੂੰ ਸਰਕਾਰ ਬਣਨ ਤੇ ਨਿਯਮਿਤ ਕਰਕੇ ਸਰਕਾਰੀ ਖਜ਼ਾਨਾ ਚੋਂ ਬਣਦੀਆਂ ਤਨਖਾਹਾਂ ਦੇਣ ਦਾ ਐਲਾਨ ਕੀਤਾ ਸੀ, ਪਰ ਅਗਲੀਆਂ ਵਿਧਾਨ ਸਭਾ ਚੋਣਾਂ ਸਿਰ ਤੇ ਹਨ, ਪ੍ਰੰਤੂ ਇਹ ਵਾਅਦਾ ਹਾਲੇ ਤੱਕ ਵਫ਼ਾ ਨਹੀਂ ਹੋਇਆ ਹੈ। ਕਾਲਜ ਜਥੇਬੰਦੀ ਦੇ ਸਰਪ੍ਰਸਤ ਪ੍ਰੋ. ਅੰਬੇਸ਼ ਭਾਰਦਵਾਜ, ਕਾਲਜ ਪ੍ਰਤੀਨਿਧੀ ਪ੍ਰੋ. ਜੋਤੀ ਅਤੇ ਡਾ. ਅਜਮੀਤ ਕੌਰ ਨੇ ਕਿਹਾ ਕਿ ਉਨ੍ਹਾਂ ਆਪਣੀ ਜਿੰਦਗੀ ਦਾ ਸੁਨਿਹਰੀ ਸਮਾਂ ਕਾਲਜਾਂ ਦੀ ਬੇਹਤਰੀ ਅਤੇ ਵਿਦਿਆਰਥੀਆਂ ਨੂੰ ਪੜ੍ਹਾਉਣ ਦੇ ਲੇਖੇ ਲਾਇਆ ਹੈ, ਪਰ ਉਨ੍ਹਾਂ ਦੀਆਂ ਨੌਕਰੀਆਂ ਤੇ ਤਲਵਾਰ ਹਾਲੇ ਵੀ ਲਟਕਦੀ ਹੈ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਉਚੇਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੋਂ ਮੰਗ ਕੀਤੀ ਕਿ ਉਨ੍ਹਾਂ ਦੀਆਂ ਸੇਵਾਵਾਂ ਨੂੰ ਵੇਖਦੇ ਹੋਏ ਨੌਕਰੀਆਂ ਸੁਰੱਖਿਅਤ ਕੀਤੀਆਂ ਜਾਣ। ਇਸ ਮੌਕੇ ਡਾ. ਸਿੰਪਲ ਬਾਂਸਲ, ਪ੍ਰੋ. ਬਲਜੀਤ ਸਿੰਘ, ਡਾ. ਤਨਵੀਰ ਸਿੰਘ, ਡਾ. ਆਸ਼ੂ ਗਰਗ,ਡਾ. ਪ੍ਰਤਿਭਾ ਜਿੰਦਲ ਆਦਿ ਹਾਜ਼ਰ ਸਨ।