ਰੇਲਵੇ ਬਾਊਂਡਰੀ ’ਚ ਗੇਟ ਰੱਖਣ ਦੀ ਮੰਗ
ਰੇਲਵੇ ਬਾਊਂਡਰੀ ’ਚ ਗੇਟ ਰੱਖਣ ਦੀ ਮੰਗ
Publish Date: Tue, 24 Feb 2026 06:16 PM (IST)
Updated Date: Wed, 25 Feb 2026 04:07 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਰੇਲਵੇ ਮੰਤਰਾਲੇ ਵੱਲੋਂ ਰੇਲਵੇ ਸਟੇਸ਼ਨ ਮਾਨਸਾ ਦਾ ਨਵੀਨੀਕਰਨ ਕਰਨ ਕਰ ਕੇ ਰੇਲਵੇ ਸਟੇਸ਼ਨ ਦੀ ਦਿੱਖ ਬਹੁਤ ਸੋਹਣੀ ਤੇ ਆਧੁਨਿਕ ਸਹੂਲਤਾਂ ਵਾਲੀ ਬਣਾਈ ਹੈ। ਪਰ ਰੇਲਵੇ ਸਟੇਸ਼ਨ ਦੀ ਗਾਂਧੀ ਸਕੂਲ ਵਾਲੀ ਸਾਈਡ ਵੱਲ ਬਾਉਂਡਰੀ ਬਣਾ ਕੇ ਆਮ ਯਾਤਰੀਆਂ ਲਈ ਸਟੇਸ਼ਨ ਤੱਕ ਪਹੁੰਚਣਾ ਮੁਸ਼ਕਲ ਕਰ ਦਿੱਤਾ ਗਿਆ ਹੈ। ਭਾਵੇਂ ਪਹਿਲਾਂ ਯਾਤਰੀਆਂ ਲਈ ਇਸ ਪਾਸੇ ਵੱਲ ਰਸਤਾ ਬਿਲਕੁਲ ਖੁੱਲ੍ਹਾ ਹੋਣ ਕਰਕੇ ਬਾਉਂਡਰੀ ਕਰਨਾ ਜ਼ਰੂਰੀ ਸੀ ਪਰ ਬਾਉਂਡਰੀ ਵਿਚ ਕੋਈ ਰਸਤਾ ਗੇਟ ਨਾ ਰੱਖਣ ਕਰਕੇ ਯਾਤਰੀਆਂ ਨੂੰ ਖਾਲਸਾ ਸਕੂਲ ਦੇ ਗਰਾਉਂਡ ਕੋਲ ਦੀ ਸਟੇਸ਼ਨ ’ਤੇ ਜਾਣਾ ਪੈਂਦਾ ਹੈ, ਹੋ ਸਕਦਾ ਹੈ ਭਵਿੱਖ ’ਚ ਇਹ ਰਸਤਾ ਬੰਦ ਕਰ ਦਿੱਤਾ ਜਾਵੇ। ਯਾਤਰੀਆਂ ਨੂੰ ਬਾਜ਼ਾਰ ਵਿੱਚੋਂ ਦੀ ਸਟੇਸ਼ਨ ਦੇ ਮੁੱਖ ਦਰਵਾਜ਼ੇ ਰਾਹੀਂ ਪ੍ਰਵੇਸ਼ ਕਰਨਾ ਪਿਆ ਕਰੇ। ਨਵੀਂ ਬਸਤੀ ਗਾਂਧੀ ਸਕੂਲ ਵਾਲੇ ਪਾਸੇ ਦੇ ਬਹੁਤੇ ਵਸਨੀਕਾਂ ਨੇ ਜਾਣਕਾਰੀ ਦਿੱਤੀ ਕਿ ਜਦੋਂ ਵੀ ਯਾਤਰੀ ਰਾਤ਼ ਦੇ ਸਮੇਂ ਸਟੇਸ਼ਨ ’ਤੇ ਜਾਂਦੇ ਹਨ ਜਾਂ ਸਟੇਸ਼ਨ ਤੋਂ ਖਾਲਸਾ ਸਕੂਲ ਦੇ ਮੈਦਾਨ ਕੋਲ ਹਨੇਰੇ ਤੇ ਸੁੰਨਸਾਨ ਥਾਂ ਦਾ ਫ਼ਾਇਦਾ ਚੁੱਕ ਕੇ ਨਸ਼ੇੜੀ ਕਿਸਮ ਦੇ ਅਪਰਾਧੀ ਲੁੱਟ ਖੋਹ ਕਰਦੇ ਹਨ ਜਾਂ ਕੁੱਟ ਮਾਰ ਵੀ ਕਰਦੇ ਹਨ। ਇਸ ਪਾਸੇ ਦੇ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਸਰਕਲ 2 ਦੇ ਦਫ਼ਤਰ ਜਾਕੇ ਕੌਂਸਲਰ ਤੇ ਭਾਜਪਾ ਸਰਕਲ 2 ਦੇ ਪ੍ਰਧਾਨ ਪ੍ਰੇਮ ਸਾਗਰ ਭੋਲਾ ਨੂੰ ਮੰਗ ਪੱਤਰ ਦੇ ਹਲਕਾ ਇੰਚਾਰਜ ਤੇ ਸਾਬਕਾ ਵਿਧਾਇਕ ਮੰਗਲ ਰਾਮ ਬਾਂਸਲ ਰਾਹੀਂ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਤੋਂ ਮੰਗ ਕੀਤੀ ਹੈ ਕਿ ਇਸ ਪਾਸੇ ਵੱਲ ਬਾਉਂਡਰੀ ਵਿੱਚੋਂ ਵਿਅਕਤੀ ਦੇ ਲੰਘਣ ਲਈ ਗੇਟ ਰੱਖਿਆ ਜਾਵੇ ਤਾਂ ਕਿ ਯਾਤਰੀਆਂ ਨੂੰ ਸਟੇਸ਼ਨ ’ਤੇ ਆਉਣ-ਜਾਣ ਲਈ ਕੋਈ ਦਿੱਕਤ ਪੇਸ਼ ਨਾ ਆਵੇ। ਇਸ ਮੌਕੇ ਦਫ਼ਤਰ ਵਿੱਚੋਂ ਹਾਜ਼ਰ ਸਰਕਲ-2 ਦੇ ਇੰਚਾਰਜ ਪ੍ਰੇਮ ਸਾਗਰ ਭੋਲਾ ਮੌਜੂਦਾ ਕੌਂਸਲਰ ਨੇ ਭਰੋਸਾ ਦਿਵਾਇਆ ਕਿ ਉਹ ਖੁਦ ਦਿਲਚਸਪੀ ਲੈ ਕੇ ਇਹ ਮੰਗ ਹੱਲ ਕਰਵਾਉਣ ਦੀ ਕੋਸ਼ਿਸ਼ ਕਰਾਂਗੇ।