ਤਲਵੰਡੀ ਸਾਬੋ ਪਾਵਰ ਲਿਮਟਿਡ ਦੇ ਗੇਟ ਤੋਂ 500 ਮੀਟਰ ਦੇ ਘੇਰੇ ਅੰਦਰ ਧਰਨਾ ਜਾਂ ਰੋਸ ਪ੍ਰਦਰਸ਼ਨ ਕਰਨ ’ਤੇ ਪਾਬੰਦੀ ਜ਼ਿਲ੍ਹਾ ਮੈਜਿਸਟ੍ਰੇਟ ਨਵਜੋਤ
Publish Date: Thu, 08 Oct 2026 04:55 PM (IST)
Updated Date: Thu, 08 Oct 2026 04:56 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਮਾਨਸਾ ਜ਼ਿਲ੍ਹਾ ਮੈਜਿਸਟ੍ਰੇਟ ਨਵਜੋਤ ਕੌਰ ਆਈਏਐਸ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਦੀ ਧਾਰਾ 163 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਤਲਵੰਡੀ ਸਾਬੋ ਪਾਵਰ ਲਿਮਟਿਡ ਪਿੰਡ ਬਣਾਂਵਾਲੀ ਦੇ ਗੇਟ ਤੋਂ 500 ਮੀਟਰ ਦੇ ਘੇਰੇ ਅੰਦਰ ਧਰਨਾ ਜਾਂ ਰੋਸ ਪ੍ਰਦਰਸ਼ਨ ਕਰਨ ਤੇ ਪੂਰਨ ਤੌਰ ’ਤੇ ਪਾਬੰਦੀ ਦੇ ਹੁਕਮ ਲਗਾਏ ਹਨ। ਉਨ੍ਹਾਂ ਕਿਹਾ ਕਿ ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪੱਤਰ ਰਾਹੀਂ ਧਿਆਨ ’ਚ ਲਿਆਂਦਾ ਗਿਆ ਹੈ ਕਿ ਅਕਸਰ ਹੀ ਵੱਖ-ਵੱਖ ਜੱਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਤਲਵੰਡੀ ਸਾਬੋ ਪਾਵਰ ਲਿਮਟਿਡ ਪਿੰਡ ਬਣਾਂਵਾਲੀ ਦੇ ਮੇਨ ਗੇਟ ਤੇ ਰੋਸ/ਧਰਨਾ ਪ੍ਰਦਰਸ਼ਨ ਕੀਤਾ ਜਾਂਦਾ ਹੈ, ਜਿਸ ਨਾਲ ਜਿੱਥੇ ਤਲਵੰਡੀ ਸਾਬੋ ਪਾਵਰ ਲਿਮਟਿਡ ਵਿਚ ਕੰਮ ਕਰਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਆਵਾਜਾਈ ਵਿਚ ਵਿਘਨ ਪੈਂਦਾ ਹੈ, ਉਥੇ ਹੀ ਥਰਮਲ ਪਲਾਂਟ ਦਾ ਕੰਮਕਾਜ ਵੀ ਪ੍ਰਭਾਵਿਤ ਹੁੰਦਾ ਹੈ। ਉਨ੍ਹਾਂ ਕਿਹਾ ਕਿ ਤਲਵੰਡੀ ਸਾਬੋ ਪਾਵਰ ਲਿਮਟਿਡ ਪੰਜਾਬ ਰਾਜ ਦੇ ਮਹੱਤਵਪੂਰਨ ਥਰਮਲ ਪਲਾਂਟਾਂ ਵਿਚੋਂ ਇਕ ਹੋਣ ਕਰਕੇ ਭਵਿੱਖ ਵਿਚ ਜੇਕਰ ਕਿਸੇ ਵੀ ਜੱਥੇਬੰਦੀ ਵੱਲੋਂ ਤਲਵੰਡੀ ਸਾਬੋ ਪਾਵਰ ਲਿਮਟਿਡ ਪਿੰਡ ਬਣਾਂਵਾਲੀ ਵਿਖੇ ਰੋਸ ਮੁਜ਼ਾਹਰਾ ਜਾਂ ਧਰਨਾ ਪ੍ਰਦਰਸ਼ਨ ਕਰਨਾ ਹੈ ਤਾਂ ਉਹ ਆਪਣਾ ਰੋਸ ਮੁਜ਼ਾਹਰਾ ਜਾਂ ਧਰਨਾ ਪ੍ਰਦਰਸ਼ਨ ਥਰਮਲ ਪਲਾਂਟ ਤੋਂ 500 ਮੀਟਰ ਦੀ ਦੂਰੀ ਤੇ ਹੀ ਕਰਨ ਤਾਂ ਜੋ ਥਰਮਲ ਪਲਾਂਟ ਦਾ ਕੰਮ ਪ੍ਰਭਾਵਿਤ ਨਾ ਹੋਵੇ। ਇਹ ਹੁਕਮ 30 ਨਵੰਬਰ 2026 ਤੱਕ ਲਾਗੂ ਰਹੇਗਾ।