ਡੀਸੀ ਦਫ਼ਤਰ ਯੂਨੀਅਨ ਦੀ ਹੜਤਾਲ, ਕੰਮ ਪੂਰਨ ਤੌਰ ‘ਤੇ ਠੱਪ ਡਿਪਟੀ ਕਮਿਸ਼ਨਰ ਦਫ਼ਤਰ
Publish Date: Fri, 24 Jul 2026 06:42 PM (IST)
Updated Date: Sat, 25 Jul 2026 04:05 AM (IST)
ਆਮ ਲੋਕਾਂ ਦੀਆਂ ਵੱਧ ਰਹੀਆਂ ਮੁਸ਼ਕਿਲਾਂ, ਦਫ਼ਤਰਾਂ ’ਚ ਬਿਨਾ ਕੰਮ ਕਰਵਾਏ ਪੈ ਰਿਹਾ ਪਰਤਣਾ ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ : ਡਿਪਟੀ ਕਮਿਸ਼ਨਰ ਦਫ਼ਤਰ ਦੇ ਕਰਮਚਾਰੀਆਂ ਦੀਆਂ ਵੱਖ-ਵੱਖ ਵਿਭਾਗਾਂ ਦੀ ਪੂਰਤੀ ਲਈ ਲੰਬੇ ਸਮੇਂ ਦੇ ਕਰਮਚਾਰੀ ਸੰਘਰਸ਼ ਕਰ ਰਹੇ ਹਨ, ਪਰ ਅਜੇ ਤੱਕ ਮਸਲੇ ਹੱਲ ਨਹੀਂ। ਇਸ ਕਾਰਨ ਉਨ੍ਹਾਂ ਵੱਲੋਂ ਹੜਤਾਲ ਲਗਾਤਾਰ ਚੱਲ ਰਹੀ ਹੈ। ਜਥੇਬੰਦੀ ਦੀ ਪਹਿਲੀ ਮੀਟਿੰਗ 30 ਜੂਨ 2026 ਅਤੇ ਦੂਜੀ ਮੀਟਿੰਗ 08 ਜੁਲਾਈ 2026 ਨੂੰ ਮਾਲ ਮੰਤਰੀ ਪੰਜਾਬ ਨਾਲ ਹੋਈ, ਜਿਸ ਵਿੱਚ ਮਾਲ ਮੰਤਰੀ ਵੱਲੋਂ ਜਥੇਬੰਦੀ ਨਾਲ ਕਰਮਚਾਰੀਆਂ ਦੀਆਂ ਮੰਗਾਂ ਸਬੰਧੀ 22 ਜੁਲਾਈ 2026 ਨੂੰ ਫ਼ਿਰ ਮੀਟਿੰਗ ਕਰਨ ਦਾ ਸਮਾਂ ਦਿੱਤਾ ਗਿਆ ਪਰ ਇਸ ਮਿਤੀ ਨੂੰ ਜਥੇਬੰਦੀ ਨਾਲ ਮੀਟਿੰਗ ਹੀ ਨਹੀਂ ਕੀਤੀ ਗਈ। ਨਾ ਹੀ ਕਿਸੇ ਮੰਗ ਦੀ ਪੂਰਤੀ ਕੀਤੀ ਗਈ ਜਿਸ ਕਾਰਨ ਡੀਸੀ ਦਫ਼ਤਰਾਂ ਦੇ ਕਰਮਚਾਰੀਆਂ ਵਿੱਚ ਬਹੁਤ ਜ਼ਿਆਦਾ ਰੋਸ ਪਾਇਆ ਜਾ ਰਿਹਾ ਹੈ। ਇਸ ਸਮੇਂ ਸਮੁੱਚੇ ਪੰਜਾਬ ਦੇ ਡੀਸੀ ਦਫ਼ਤਰਾਂ ਦੇ ਕਰਮਚਾਰੀ ਹੜਤਾਲ ਤੇ ਚੱਲ ਰਹੇ ਹਨ ਅਤੇ ਇਹ ਹੜਤਾਲ ਅੱਜ ਦੂਜੇ ਦਿਨ ਵਿੱਚ ਦਾਖ਼ਲ ਹੋ ਗਈ ਹੈ। ਡੀਸੀ ਦਫਤਰ, ਮਾਨਸਾ ਦੇ ਪ੍ਰਧਾਨ ਅਤੇ ਵਧੀਕ ਕਾਨੂੰਨੀ ਸਲਾਹਕਾਰ, ਸੂਬਾ ਬਾਡੀ ਹਰਪ੍ਰੀਤ ਸਿੰਘ ਬਿੱਟੂ, ਸੂਬਾ ਆਗੂ ਜਸਵੰਤ ਸਿੰਘ ਮੌਜੋ, ਜ਼ਿਲ੍ਹਾ ਜਨਰਲ ਸਕੱਤਰ ਸੁਖਵਿੰਦਰ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ ਰਮਨਦੀਪ ਕੌਰ ਨੇ ਦੱਸਿਆ ਕਿ ਜੇਕਰ ਪੰਜਾਬ ਸਰਕਾਰ ਨੇ ਸਾਡੀਆਂ ਮੰਗਾਂ ਦੀ ਪੂਰਤੀ ਨਾ ਕੀਤੀ ਤਾਂ 26 ਜੁਲਾਈ 2026 ਨੂੰ ਸੂਬਾ ਬਾਡੀ ਵੱਲੋਂ ਅਗਲੇ ਤਿੱਖੇ ਸੰਘਰਸ਼ਾਂ ਦਾ ਐਲਾਨ ਕੀਤਾ ਜਾਵੇਗਾ। ਇਸ ਨੂੰ ਜ਼ਿਲ੍ਹਾ ਮਾਨਸਾ ਵਿੱਚ ਪੂਰਨ ਤੌਰ ਤੇ ਲਾਗੂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਗਿਆ ਕਿ ਬੀਤੇ ਕੱਲ੍ਹ ਦੀ ਤਰ੍ਹਾਂ ਅੱਜ ਵੀ ਜ਼ਿਲ੍ਹੇ ਦੇ ਡੀਸੀ ਦਫ਼ਤਰ ਅਤੇ ਇਸ ਅਧੀਨ ਪੈਂਦੀਆਂ ਸਬ-ਡਵੀਜਨਾਂ, ਤਹਿਸੀਲਾਂ ਤੇ ਸਬ-ਤਹਿਸੀਲਾਂ ਦਾ ਕੰਮ ਪੂਰਨ ਤੌਰ ‘ਤੇ ਠੱਪ ਰੱਖਿਆ ਜਾਵੇਗਾ, ਪਰ ਸਾਡਾ ਮਕਸਦ ਆਮ ਪਬਲਿਕ ਨੂੰ ਪ੍ਰੇਸ਼ਾਨੀ ਪਹੁੰਚਾਉਣਾ ਨਹੀਂ ਹੈ। ਹੜਤਾਲ ਦੌਰਾਨ ਆਮ ਪਬਲਿਕ ਨੂੰ ਆਉਣ ਵਾਲੀ ਪ੍ਰੇਸ਼ਾਨੀ ਲਈ ਪੂਰਨ ਤੌਰ ‘ਤੇ ਪੰਜਾਬ ਸਰਕਾਰ ਜ਼ਿੰਮੇਵਾਰ ਹੈ। ਇਸ ਮੌਕੇ ਡੀਸੀ ਦਫ਼ਤਰ, ਮਾਨਸਾ ਦੇ ਨਵਨੀਤ ਸਿੰਘ, ਪਰਦੀਪ ਮਿੱਤਲ, ਵਿਪਨ ਕੁਮਾਰ, ਜਗਵੀਰ ਸਿੰਘ, ਹਰਵਿੰਦਰ ਸਿੰਘ, ਮੋਹਨ ਲਾਲ, ਅਵਤਾਰ ਸਿੰਘ, ਸੁਨੀਲ ਕੁਮਾਰ, ਗੁਰਪ੍ਰੀਤ ਸਿੰਘ, ਮਨੋਜ ਕੁਮਾਰ, ਹਰਬੰਸ ਕੌਰ, ਪਰਮਿੰਦਰ ਕੌਰ, ਗੁਰਮੇਲ ਕੌਰ, ਰੀਤਿਕਾ ਰਾਣੀ, ਗੁਰਪ੍ਰੀਤ ਕੌਰ, ਪੂਜਾ ਰਾਣੀ ਅਮਨਦੀਪ ਕੌਰ, ਆਦਿ ਸਮੂਹ ਕਰਮਚਾਰੀ ਹਾਜ਼ਰ ਸਨ।