ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਦੀ ਹੋਈ ਵੱਡੀ ਜਿੱਤ
ਪੰਜਾਬ ਰਾਜ ਜ਼ਿਲ੍ਹਾ ਡੀ.ਸੀ ਦਫਤਰ
Publish Date: Fri, 03 Apr 2026 07:54 PM (IST)
Updated Date: Sat, 04 Apr 2026 04:11 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਪੰਜਾਬ ਰਾਜ ਜ਼ਿਲ੍ਹਾ ਡੀ.ਸੀ ਦਫ਼ਤਰ ਕਰਮਚਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਤੇਜਿੰਦਰ ਸਿੰਘ ਨੰਗਲ ਦੇ ਪਿੰਡ ਨੰਗਲ ਦਿਆਲ ਸਿੰਘ ਵਿਖੇ ਨਰੇਸ਼ ਕੁਮਾਰ ਐੱਸਐੱਚਓ, ਸਿਪਾਹੀ ਮਲੂਕ ਸਿੰਘ ਆਦਿ ਥਾਣਾ ਜੰਡਿਆਲਾ ਗੁਰੂ ਵੱਲੋਂ ਉਨ੍ਹਾਂ ਦੇ ਘਰ ਬਿਨ੍ਹਾ ਕਿਸੇ ਸ਼ਿਕਾਇਤ ਤੋਂ 9 ਮਾਰਚ 2026 ਨੂੰ ਦੇਰ ਰਾਤ 12 ਵਜੇ ਛਾਪਾ ਮਾਰਦਿਆਂ ਬਹੁਤ ਗਲਤ ਤਰੀਕੇ ਨਾਲ ਉਨ੍ਹਾਂ ਦੀ ਖਿੱਚਧੂਹ ਕਰਕੇ ਗ੍ਰਿਫ਼ਤਾਰ ਕੀਤਾ ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ। ਇਸ ਦੇ ਵਿਰੋਧ ’ਚ ਪੰਜਾਬ ਰਾਜ ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਵੱਲੋਂ ਪੂਰੇ ਸੂਬੇ ’ਚ ਸੰਘਰਸ਼ ਵਿੱਢਿਆ ਗਿਆ ਸੀ। ਇਸ ਤਹਿਤ 2 ਅਪ੍ਰੈਲ 2026 ਨੂੰ ਸਮੂਹਿਕ ਛੁੱਟੀ ਲੈ ਕੇ ਸੀਨੀਅਰ ਕਪਤਾਨ ਪੁਲਿਸ (ਦਿਹਾਤੀ), ਅੰਮ੍ਰਿਤਸਰ ਦੇ ਦਫ਼ਤਰ ਦਾ ਘਿਰਾਓ ਕਰਨ ਦਾ ਅਤੇ ਮਿਤੀ 07 ਅਪ੍ਰੈਲ 2026 ਨੂੰ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਦੇ ਘਰ/ਦਫ਼ਤਰ ਦਾ ਘਿਰਾਓ ਕਰਕੇ ਧਰਨਾ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਸੀ। ਜੱਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਹਰਪ੍ਰੀਤ ਸਿੰਘ ਬਿੱਟੂ, ਸੂਬਾ ਪ੍ਰੈਸ ਸਕੱਤਰ ਜਸਵੰਤ ਸਿੰਘ ਮੌਜੋ, ਜ਼ਿਲ੍ਹਾ ਜਨਰਲ ਸਕੱਤਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਐੱਸਐੱਚਓ ਨਰੇਸ਼ ਕੁਮਾਰ, ਸਿਪਾਹੀ ਮਲੂਕ ਸਿੰਘ ਥਾਣਾ ਜੰਡਿਆਲਾ ਗੁਰੂ ਦੇ ਖਿਲਾਫ ਪੁਲਿਸ ਪ੍ਰਸ਼ਾਸਨ, ਅੰਮ੍ਰਿਤਸਰ ਵੱਲੋਂ ਬੀਐਨਐਸ ਦੀ ਧਾਰਾ 299 ਅਧੀਨ ਐਫਆਈਆਰ No. 0085 ਮਿਤੀ 30 ਮਾਰਚ 2026 ਦਰਜ ਕਰ ਦਿੱਤੀ ਗਈ ਹੈ। ਪਰ ਪੁਲਿਸ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਐਫ਼ਆਈਆਰ ਦਰਜ ਕਰਦੇ ਸਮੇਂ ਵੱਖ-ਵੱਖ ਦੋਸ਼ਾਂ ਦੀਆਂ ਧਾਰਾਵਾਂ ਨਹੀਂ ਲਗਾਈਆਂ ਗਈਆਂ ਤੇ ਨਾ ਹੀ ਪੂਰੀ ਪੁਲਿਸ ਪਾਰਟੀ ਨੂੰ ਨਾਮਜ਼ਦ ਕੀਤਾ ਹੈ। ਜਿਸ ਕਰਕੇ ਸਰਕਾਰ ਵਿਰੁੱਧ ਰੋਸ ਜਾਹਿਰ ਕਰਨ ਲਈ ਪਹਿਲਾਂ ਤੋਂ ਉਲੀਕੇ ਐਕਸ਼ਨ ਤਹਿਤ ਮਿਤੀ 02/04/2026 ਦੀ ਰੈਲੀ ਮੁਲਤਵੀ ਕਰਦੇ ਹੋਏ ਇਸ ਰੈਲੀ ਨੂੰ ਮਿਤੀ 07/04/2026 ਨੂੰ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਦੇ ਘਰ/ਦਫਤਰ ਦਾ ਘਿਰਾਓ ਕਰਕੇ ਕੀਤੇ ਜਾਣ ਵਾਲੇ ਧਰਨਾ ਪ੍ਰਦਰਸ਼ਨ ਵਿੱਚ ਮਰਜ਼ ਕੀਤਾ ਗਿਆ ਹੈ। ਇਸ ਧਰਨਾ ਪ੍ਰਦਰਸ਼ਨ ਵਿੱਚ ਜ਼ਿਲ੍ਹਾ ਮਾਨਸਾ ਤੋਂ ਡੀ.ਸੀ. ਦਫਤਰ ਕਰਮਚਾਰੀ ਯੂਨੀਅਨ ਦੇ ਸਮੂਹ ਕਰਮਚਾਰੀ ਸਮੂਹਿਕ ਛੁੱਟੀ ਤੇ ਜਾ ਕੇ ਵੱਡੇ ਪੱਧਰ ਤੇ ਆਪਣੀ ਸ਼ਮੂਲਿਅਤ ਕਰਨਗੇ। ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਧਾਨ ਹਰਪ੍ਰੀਤ ਸਿੰਘ ਬਿੱਟੂ ਜੀ ਨੇ ਕਿਹਾ ਕਿ ਧੱਕਾ ਕਰਨ ਵਾਲੇ ਪੁਲਿਸ ਕਰਮਚਾਰੀਆਂ ਖਿਲਾਫ ਐਫਆਈਆਰ ਦਰਜ ਹੋਣਾ ਡੀ.ਸੀ. ਦਫਤਰ ਕਰਮਚਾਰੀ ਯੂਨੀਅਨ ਦੀ ਬਹੁਤ ਵੱਡੀ ਜਿੱਤ ਹੋਈ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਭਵਿੱਖ ਵਿੱਚ ਵੀ ਡੀ.ਸੀ. ਦਫਤਰ ਦੇ ਕਿਸੇ ਵੀ ਮੁਲਾਜਮ ਨਾਲ ਕਿਸੇ ਵੀ ਕਿਸਮ ਦਾ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ।