ਮਾਨਸਾ ਗੋਲੀ ਕਾਂਡ: DMC ’ਚ ਦਾਖ਼ਲ ਹੈਪੀ ਦਾ ਡੀਸੀ ਨਵਜੋਤ ਕੌਰ ਨੇ ਜਾਣਿਆ ਹਾਲ
ਮੰਗਲਵਾਰ 13 ਅਕਤੂਬਰ ਨੂੰ ਗੋਲੀਆਂ ਲੱਗਣ ਕਾਰਨ ਜ਼ਖ਼ਮੀ ਹੋਏ ਚਾਰ ਵਿਅਕਤੀਆਂ ਦੀ ਸਿਹਤ ਸਥਿਤੀ ਦਾ ਡੀ.ਸੀ. ਨਵਜੋਤ ਕੌਰ ਤੇ ਐੱਸ.ਐੱਸ.ਪੀ. ਵੈਭਵ ਚੌਧਰੀ ਵੱਲੋਂ ਜਾਇਜ਼ਾ ਲਿਆ ਗਿਆ।
Publish Date: Fri, 16 Oct 2026 09:04 PM (IST)
Updated Date: Fri, 16 Oct 2026 09:06 PM (IST)
ਮਾਨਸਾ: ਮੰਗਲਵਾਰ 13 ਅਕਤੂਬਰ ਨੂੰ ਗੋਲੀਆਂ ਲੱਗਣ ਕਾਰਨ ਜ਼ਖ਼ਮੀ ਹੋਏ ਚਾਰ ਵਿਅਕਤੀਆਂ ਦੀ ਸਿਹਤ ਸਥਿਤੀ ਦਾ ਡੀ.ਸੀ. ਨਵਜੋਤ ਕੌਰ ਤੇ ਐੱਸ.ਐੱਸ.ਪੀ. ਵੈਭਵ ਚੌਧਰੀ ਵੱਲੋਂ ਜਾਇਜ਼ਾ ਲਿਆ ਗਿਆ। ਅਧਿਕਾਰੀਆਂ ਨੇ ਸਿਵਲ ਹਸਪਤਾਲ ਮਾਨਸਾ ’ਚ ਦਾਖ਼ਲ ਦੋ ਜ਼ਖ਼ਮੀਆਂ ਕੁਲਵਿੰਦਰ ਸਿੰਘ ਅਤੇ ਗੋਬਿੰਦ ਸਿੰਘ ਦਾ ਹਾਲ-ਚਾਲ ਪੁੱਛਿਆ ਅਤੇ ਉਨ੍ਹਾਂ ਦਾ ਇਲਾਜ ਕਰ ਰਹੇ ਡਾਕਟਰਾਂ ਨਾਲ ਵਿਸਤਾਰ ਨਾਲ ਗੱਲਬਾਤ ਕੀਤੀ। ਡੀ.ਸੀ. ਨਵਜੋਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਪੀੜਤ ਵਿਅਕਤੀਆਂ ਦਾ ਪੂਰੀ ਤਰ੍ਹਾਂ ਮੁਫ਼ਤ ਅਤੇ ਵਧੀਆ ਇਲਾਜ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਡਾਕਟਰਾਂ ਦੇ ਹਵਾਲੇ ਨਾਲ ਭਰੋਸਾ ਦਿਵਾਇਆ ਕਿ ਜ਼ਖ਼ਮੀਆਂ ਦੀ ਹਾਲਤ ਹੁਣ ਸਥਿਰ ਅਤੇ ਠੀਕ ਹੈ ਅਤੇ ਉਹ ਜਲਦੀ ਹੀ ਪੂਰੀ ਤਰ੍ਹਾਂ ਤੰਦਰੁਸਤ ਹੋ ਕੇ ਆਪਣੇ ਘਰਾਂ ਨੂੰ ਪਰਤਣਗੇ।
ਸਿਵਲ ਹਸਪਤਾਲ ’ਚ ਜਾਇਜ਼ਾ ਲੈਣ ਤੋਂ ਬਾਅਦ ਡੀ.ਸੀ. ਨਵਜੋਤ ਕੌਰ ਖ਼ੁਦ DMC ਹਸਪਤਾਲ ਲੁਧਿਆਣਾ ਪਹੁੰਚੇ, ਜਿੱਥੇ ਉਨ੍ਹਾਂ ਨੇ ਉੱਥੇ ਜ਼ੇਰੇ ਇਲਾਜ ਹੈਪੀ ਦੀ ਸਿਹਤ ਸਥਿਤੀ ਦਾ ਗੰਭੀਰਤਾ ਨਾਲ ਜਾਇਜ਼ਾ ਲਿਆ ਅਤੇ ਹਸਪਤਾਲ ਦੇ ਪ੍ਰਬੰਧਕਾਂ ਨੂੰ ਬਿਹਤਰ ਮੈਡੀਕਲ ਦੇਖਭਾਲ ਯਕੀਨੀ ਬਣਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਪੀੜਤਾਂ ਦੇ ਨਾਲ ਹਸਪਤਾਲ ’ਚ ਮੌਜੂਦ ਪਰਿਵਾਰਕ ਮੈਂਬਰ ਦੇ ਠਹਿਰਨ ਦਾ ਪ੍ਰਬੰਧ ਵੀ ਸਰਕਾਰ ਵੱਲੋਂ ਮੁਫ਼ਤ ਕੀਤਾ ਗਿਆ ਹੈ। ਇਸ ਸਮੇਂ ਪੁਲਿਸ ਅਧਿਕਾਰੀ ਆਲਮ ਵਿਜੇ ਸਿੰਘ, ਸਰਵਜੀਤ ਸਿੰਘ ਚੀਮਾ, ਸਿਵਲ ਸਰਜਨ ਮਾਨਸਾ ਡਾ. ਰਣਜੀਤ ਸਿੰਘ ਰਾਏ ਮੌਜੂਦ ਸਨ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦੁਹਰਾਇਆ ਕਿ ਸਰਕਾਰ ਪੀੜਤਾਂ ਦੇ ਨਾਲ ਖੜ੍ਹੀ ਹੈ ਅਤੇ ਇਲਾਜ ’ਚ ਕਿਸੇ ਵੀ ਕਿਸਮ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਏ.ਡੀ.ਸੀ. ਪੂਨਮ ਸਿੰਘ ਨੇ ਬਠਿੰਡਾ ਦੇ ਇਕ ਪ੍ਰਾਈਵੇਟ ਹਸਪਤਾਲ ’ਚ ਭਰਤੀ ਬਲਤੇਜ ਸਿੰਘ ਦੀ ਸਿਹਤ ਦਾ ਜਾਇਜ਼ਾ ਲਿਆ।