ਦਲਜੀਤ ਦਾ ਚੌਥੇ ਦਿਨ ਵੀ ਨਾ ਹੋਇਆ ਸਸਕਾਰ, ਪਰਿਵਾਰ ਸਸ਼ੋਪੰਜ ’ਚ ਭੰਮੇ ਕਲਾਂ ਦੇ ਨੌਜਵਾਨ
Publish Date: Fri, 30 Oct 2026 08:14 PM (IST)
Updated Date: Sat, 31 Oct 2026 04:05 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ : ਭੰਮੇ ਕਲਾਂ ਦੇ ਨੌਜਵਾਨ ਦਲਜੀਤ ਸਿੰਘ ਦਾ ਅੱਜ ਚੌਥੇ ਦਿਨ ਵੀ ਸਸਕਾਰ ਨਾ ਹੋ ਸਕਿਆ। ਇੱਕ ਪਾਸੇ ਜਿੱਥੇ ਦਲਜੀਤ ਸਿੰਘ ਦੀ ਮਾਤਾ, ਭੈਣ ਅਤੇ ਪਤਨੀ ਮਾਨਸਾ ਤਿੰਨਕੋਣੀ ’ਤੇ ਲੱਗੇ ਪਰਵਿੰਦਰ ਸਿੰਘ ਝੋਟੇ ਦੇ ਧਰਨੇ ਵਿੱਚ ਡੱਟ ਕੇ ਸਸਕਾਰ ਨਾ ਕਰਨ ਦੀ ਗੱਲ ਕਹਿ ਰਹੇ ਹਨ, ਉਥੇ ਹੀ ਦਲਜੀਤ ਸਿੰਘ ਦਾ ਪਿਤਾ ਪਿੰਡ ਭੰਮੇ ਕਲਾਂ ‘ਚ ਹੀ ਆਪਣੇ ਪਰਿਵਾਰ ਨੂੰ ਧਰਨੇ ਵਿੱਚੋਂ ਆ ਕੇ ਸਸਕਾਰ ਕਰਨ ਲਈ ਆਖ ਰਿਹਾ ਹੈ। ਧਰਨੇ ਵਿੱਚ ਅੱਜ ਮ੍ਰਿਤਕ ਦਲਜੀਤ ਸਿੰਘ ਦੀ ਪਤਨੀ ਪਰਮਜੀਤ ਕੌਰ ਅਤੇ ਭੈਣ ਅਮਰਜੀਤ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੁਲਿਸ ’ਤੇ ਧੱਕੇਸ਼ਾਹੀ ਅਤੇ ਡਰਾਉਣ-ਧਮਕਾਉਣ ਦੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਉਨ੍ਹਾਂ ਨਾਲ ਧੱਕਾ ਹੋ ਰਿਹਾ ਹੈ ਅਤੇ ਉਨ੍ਹਾਂ ਪਿਤਾ ‘ਤੇ ਪਹਿਲਾਂ ਪੁਲਿਸ ਪ੍ਰਸ਼ਾਸਨ ਵੱਲੋਂ ਦਬਾਅ ਪਾ ਕੇ ਪੋਸਟਮਾਰਟਮ ਕਰਵਾਇਆ ਗਿਆ ਹੈ। ਹੁਣ ਸਸਕਾਰ ਕਰਨ ਦੀ ਤਿਆਰੀ ਵਿੱਚ ਹੈ। ਇਹ ਉਹ ਕਿਸੇ ਵੀ ਹਾਲਤ ਵਿੱਚ ਨਹੀਂ ਹੋਣ ਦੇਣਗੇ ਅਤੇ ਜੇਕਰ ਪ੍ਰਸ਼ਾਸਨ ਵੱਲੋਂ ਦਲਜੀਤ ਸਿੰਘ ਦਾ ਧੱਕੇ ਸਸਕਾਰ ਕਰਨ ਦੀ ਕੋਸ਼ਿਸ ਕੀਤੀ ਗਈ ਤਾਂ ਉਹ ਹਾਈਕੋਰਟ ਦਾ ਦਰਵਾਜ਼ ਖੜਕਾਉਣਗੇ। ਉਨ੍ਹਾਂ ਕਿਹਾ ਕਿ ਜਦ ਉਹ 27 ਅਕਤੂਬਰ ਨੂੰ ਲਾਸ਼ ਇਸ ਧਰਨੇ ਵਿੱਚ ਲਿਆ ਰਹੇ ਸਨ ਤਾਂ ਪੁਲਿਸ ਧੱਕੇਸ਼ਾਹੀ ਨਾਲ ਉਨ੍ਹਾਂ ਕੋਲੋਂ ਲਾਸ਼ ਖੋਹ ਕੇ ਲੈ ਗਈ। ਉਸ ਦੇ ਬਾਅਦ ਪਿਤਾ ਜਰਨੈਲ ਸਿੰਘ ਸਮੇਤ ਹੋਰਾਂ ਨੂੰ ਵੀ ਨਾਲ ਲੈ ਗਈ। ਉਨ੍ਹਾਂ ਪੁਲਿਸ ਪ੍ਰਸ਼ਾਸਨ ’ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੇ ਪਿਤਾ ਤੋਂ ਧੱਕੇ ਨਾਲ ਦਬਾਅ ਪਾ ਕੇ ਪੋਸਟਮਾਰਟਮ ਲਈ ਦਸਤਖਤ ਕਰਵਾਏ ਗਏ ਹਨ ਅਤੇ ਹੁਣ ਸਸਕਾਰ ਲਈ ਦਬਾਅ ਪਾਇਆ ਜਾ ਰਿਹਾ ਹੈ। ਉਥੇ ਹੀ ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਲਾਸ਼ ਉਨ੍ਹਾਂ ਦੇ ਹਵਾਲੇ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਉਹ ਧਰਨੇ ’ਚ ਬੈਠੀਆਂ ਹਨ, ਪਰ ਪੁਲਿਸ ਪ੍ਰਸ਼ਾਸਨ ਵੱਲੋਂ ਉਨ੍ਹਾਂ ‘ਤੇ ਨਜ਼ਰ ਰੱਖੀ ਜਾ ਰਹੀ ਹੈ। ਕਿਸੇ ਵੀ ਸਮੇਂ ਉਨ੍ਹਾਂ ਪੁਲਿਸ ਵੱਲੋਂ ਹਿਰਾਸਤ ਵਿੱਚ ਲਿਆ ਜਾ ਸਕਦਾ ਹੈ। ਜਿੱਥੇ ਉਨ੍ਹਾਂ ਦੀ ਮਾਤਾ, ਭੈਣ ਤੇ ਪਤਨੀ ਵੱਲੋਂ ਇਹ ਬਿਆਨ ਦਿੱਤੇ ਗਏ ਹਨ, ਉਥੇ ਹੀ ਮ੍ਰਿਤਕ ਦਲਜੀਤ ਸਿੰਘ ਦੇ ਪਿਤਾ ਜਰਨੈਲ ਸਿੰਘ ਨੇ ਸੋਸ਼ਲ ਮੀਡੀਆ ‘ਤੇ ਇੱਕ ਬਿਆਨ ਜਾਰੀ ਕਰਦਿਆਂ ਧਰਨੇ ਵਿੱਚੋਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਘਰ ਆ ਕੇ ਦਲਜੀਤ ਸਿੰਘ ਦਾ ਸਸਕਾਰ ਕਰਨ ਦੀ ਗੱਲ ਕਹੀ। ਦਲਜੀਤ ਸਿੰਘ ਦੇ ਪਿਤਾ ਜਰਨੈਲ ਸਿੰਘ ਨੇ ਕਿਹਾ ਹੈ ਕਿ ਪਹਿਲਾਂ ਉਹ ਪਿੰਡ ਭੰਮੇ ਕਲਾਂ ਵਿਖੇ ਧਰਨੇ ‘ਤੇ ਬੈਠੇ ਸਨ, ਪਰ ਉਥੇ ਉਨ੍ਹਾਂ ਨੂੰ ਮਾਨਸਾ ਲਾਸ਼ ਲਿਜਾਣ ਲਈ ਲਾਲਚ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਆਪਣੇ ਪਰਿਵਾਰਕ ਮੈਂਬਰਾਂ ਨੂੰ ਉਨ੍ਹਾਂ ਨੇ ਸੰਪਰਕ ਕਰਕੇ ਪਿੰਡ ਪਹੁੰਚ ਕੇ ਸਸਕਾਰ ਕਰਨ ਲਈ ਕਿਹਾ ਸੀ, ਪਰ ਉਹ ਉਸ ਨੂੰ ਧਰਨੇ ’ਤੇ ਆਉਣ ਦੀ ਗੱਲ ਆਖ ਰਹੇ ਸਨ। ਜਰਨੈਲ ਸਿੰਘ ਨੇ ਕਿਹਾ ਕਿ ਉਸ ਦਾ ਧਰਨੇ ਵਿੱਚ ਕੀ ਕੰਮ ਹੈ ਅਤੇ ਮੇਰੇ ਘਰ ਸੱਥਰ ਵਿਛਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਉਸ ‘ਤੇ ਕੋਈ ਦਬਾਅ ਨਹੀਂ ਪਾਇਆ ਜਾ ਰਿਹਾ। ਉਧਰ ਐਕਸ਼ਨ ਕਮੇਟੀ ਵੱਲੋਂ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਦਲਜੀਤ ਸਿੰਘ ਦੇ ਪਿਤਾ ਜਰਨੈਲ ਸਿੰਘ ਦੇ ਦਿੱਤੇ ਬਿਆਨ ’ਤੇ ਕਿਹਾ ਕਿ ਦਲਜੀਤ ਸਿੰਘ ਦੀ ਲਾਸ਼ ਦੇ ਸਬੰਧ ਵਿੱਚ ਕਤਲ ਜਾਂ ਨਸ਼ੇ ਦੀ ਓਵਰਡੋਜ਼ ਨੂੰ ਲੈ ਕੇ ਮਾਮਲਾ ਗੁੰਝਲਦਾਰ ਸੀ। ਉਸ ਦੌਰਾਨ ਜਜ਼ਬਾਤ ‘ਚ ਆ ਕੇ ਪਰਿਵਾਰ ਅਤੇ ਇਨਸਾਫ਼ ਕਮੇਟੀ ਨੇ ਪਰਿਵਾਰ ਦੀ ਸਹਿਮਤੀ ਨਾਲ ਲਾਸ਼ ਉਥੋਂ ਚੁੱਕ ਲਈ। ਪਰ ਪੁਲਿਸ ਨੇ ਰਮਦਿੱਤਾ ਚੌਕ ’ਚ ਪ੍ਰਸ਼ਾਸਨ ਨੇ ਲਾਸ਼ ਖੋਹਣ ਅਤੇ ਜੋ ਵੀ ਧੱਕੇਸ਼ਾਹੀ ਕੀਤੀ ਹੈ ਉਸ ਦੀ ਜਥੇਬੰਦੀਆਂ ਵੱਲੋਂ ਨਿੰਦਾ ਕਰ ਚੁੱਕੇ ਹਾਂ। ਪ੍ਰਸ਼ਾਸਨ ਸਰਕਾਰ ਨੂੰ ਬਚਾਉਣ ਲਈ ਹਰ ਇੱਕ ਤਰ੍ਹਾਂ ਦੇ ਹੱਥਕੰਡੇ ਅਪਣਾਉਂਦਾ ਹੈ ਅਤੇ ਹਰ ਹੀਲਾ ਵਸੀਲਾ ਵਰਤ ਰਿਹਾ ਹੈ। ਉਸ ਦਿਨ ਹੀ ਅਸੀਂ ਮੰਗ ਕੀਤੀ ਸੀ ਕਿ ਜੋ ਇਸ ਤਰ੍ਹਾਂ ਨਸ਼ੇ ਦੀ ਓਵਰਡੋਜ਼ ਨਾਲ ਜਾਂ ਕੋਈ ਅੰਦੋਲਣ ਦੌਰਾਨ ਮੌਤ ਹੁੰਦੀ ਹੈ ਤਾਂ ਸਰਕਾਰ ਉਸ ਨੂੰ ਮੁਆਵਜ਼ਾ ਅਤੇ ਨੌਕਰੀ ਦੇਵੇ। ਸਰਕਾਰ ਉਸ ਨੂੰ ਹੁਣ ਕਿਸ ਕਿਸਮ ਦਾ ਲਾਲਚ ਜਰਨੈਲ ਸਿੰਘ ਨੂੰ ਦਿੰਦੀ ਹੈ ਉਸ ਦਾ ਸਾਨੂੰ ਕੁੱਝ ਨਹੀਂ ਪਤਾ ਅਤੇ ਵਿਚਾਰ ਅਧੀਨ ਨਹੀਂ ਹੈ। ਅਸੀਂ ਮੰਗ ਵੀ ਕਰਦੇ ਹਾਂ ਕਿ ਪਰਿਵਾਰ ਨੂੰ ਸਰਕਾਰੀ ਨੌਕਰੀ, ਮੁਆਵਜ਼ਾ ਦੇਵੇ ਅਤੇ ਲਾਸ਼ ਦਾ ਸਸਕਾਰ ਪੂਰ੍ਹੇ ਰੀਤੀ ਰਿਵਾਜ਼ਾਂ ਨਾਲ ਸਸਕਾਰ ਕਰਨ ਦੀ ਆਗਿਆ ਦਿੱਤੀ ਜਾਵੇ। ਜੇਕਰ ਪਰਿਵਾਰ ਉਸ ਲਾਸ਼ ਨੂੰ ਰੱਖਣਾ ਚਾਹੁੰਦਾ ਤਾਂ ਉਸ ਨੂੰ ਰੱਖਣ ਦੀ ਆਗਿਆ ਦਿੱਤੀ ਜਾਵੇ। ਮਾਨ ਸਨਮਾਨ ਬਰਕਰਾਰ ਰੱਖਿਆ ਜਾਵੇ ਅਤੇ ਅਸੀਂ ਪਰਿਵਾਰ ਦੇ ਹਰ ਤਰ੍ਹਾਂ ਨਾਲ ਹਾਂ।