9ਵੇਂ ਚੈਲੇਂਜਰ ਕੱਪ ਦੇ ਨਾਈਟ ਮੈਚ ’ਚ ਹੋਇਆ ਰੋਮਾਂਚਕ ਮੁਕਾਬਲਾ
ਮਾਨਸਾ ਦੇ ਖਾਲਸਾ ਕ੍ਰਿਕਟ ਗਰਾਊਂਡ
Publish Date: Tue, 17 Feb 2026 05:55 PM (IST)
Updated Date: Wed, 18 Feb 2026 04:09 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਇੱਥੋਂ ਦੇ ਖਾਲਸਾ ਕ੍ਰਿਕਟ ਗਰਾਊਂਡ ’ਚ 9ਵਾਂ ਚੈਲੇਂਜਰ ਕੱਪ ਸ਼ਾਨਦਾਰ ਢੰਗ ਨਾਲ ਕਰਵਾਇਆ ਜਾ ਰਿਹਾ ਹੈ। ਟੂਰਨਾਮੈਂਟ ’ਚ ਭਾਰਤ ਦੇ ਲਗਭਗ ਸਾਰੇ ਰਾਜਾਂ ਦੀਆਂ ਟੀਮਾਂ ਭਾਗ ਰਹੀਆਂ ਹਨ। ਨਾਲ ਹੀ ਆਈਪੀਐਲ ਤੇ ਭਾਰਤੀ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਵੀ ਇਸ ਮੁਕਾਬਲੇ ਵਿੱਚ ਹਿੱਸਾ ਲੈ ਰਹੇ ਹਨ। ਇਸ ਨਾਲ ਟੂਰਨਾਮੈਂਟ ਦੀ ਰੌਣਕ ਚਰਮ ’ਤੇ ਹੈ। ਨਾਈਟ ਮੈਚ ਦੌਰਾਨ ਪਟਿਆਲਾ ਸ਼ਾਹੀ ਕ੍ਰਿਕਟ ਕਲੱਬ ਅਤੇ ਦਿੱਲੀ ਚੈਲੇਂਜਰ ਕ੍ਰਿਕਟ ਕਲੱਬ ਵਿਚਾਲੇ ਰੋਮਾਂਚਕ ਮੁਕਾਬਲਾ ਹੋਇਆ। ਇਸ ਮੌਕੇ ਮੀਤ ਹੇਅਰ ਮੈਂਬਰ ਪਾਰਲੀਮੈਂਟ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਦੋਵਾਂ ਟੀਮਾਂ ਦੇ ਖਿਡਾਰੀਆਂ ਨਾਲ ਜਾਣ ਪਛਾਣ ਕੀਤੀ ਤੇ ਉਨ੍ਹਾਂ ਨੂੰ ਆਪਣਾ ਅਸ਼ੀਰਵਾਦ ਦਿੱਤਾ। ਮਾਨਸਾ ਦਾ ਖ਼ਾਲਸਾ ਕ੍ਰਿਕਟ ਗਰਾਊਂਡ ਪੰਜਾਬ ਦੇ ਗਿਣੇ ਚੁਣੇ ਵਧੀਆ ਮੈਦਾਨਾਂ ਵਿੱਚ ਆਪਣੀ ਵਿਲੱਖਣ ਪਛਾਣ ਬਣਾਈ ਹੋਈ ਹੈ। ਬਰਨਾਲਾ ਜ਼ਿਲ੍ਹੇ ਤੋਂ ਵੀ ਟੀਮਾਂ ਇੱਥੇ ਆ ਕੇ ਖੇਡ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਉਹ ਖੁਦ ਵੀ ਕ੍ਰਿਕਟ ਦੇ ਪ੍ਰੇਮੀ ਹਨ ਅਤੇ ਭਵਿੱਖ ਵਿੱਚ ਇਸ ਮੈਦਾਨ ਵਿਚ ਖੇਡਣ ਦੀ ਇੱਛਾ ਰੱਖਦੇ ਹਨ। ਉਨ੍ਹਾਂ ਨੇ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ 2022-23 ਵਿੱਚ ਅੰਡਰ-23 ਟੀਮ ਨੇ ਸਾਰੇ ਜ਼ਿਲ੍ਹਿਆਂ ਨੂੰ ਹਰਾਕੇ ਪੰਜਾਬ ’ਚ ਨੰਬਰ-1 ਸਥਾਨ ਹਾਸਲ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਮੈਦਾਨ ਵਿੱਚ ਖਿਡਾਰੀਆਂ ਲਈ ਬਣਾਈਆਂ ਗਈਆਂ ਨੈੱਟ ਪ੍ਰੈਕਟਿਸ ਥਾਵਾਂ ਅਤੇ ਹੋਰ ਸੁਵਿਧਾਵਾਂ ਦਾ ਵੀ ਜਾਇਜ਼ਾ ਲਿਆ। ਕਮੈਂਟਰੀ ਦੌਰਾਨ ਜੰਮੂ ਤੋਂ ਮਿਸਟਰ ਅਜੇ ਕੁਮਾਰ ਸਰਮੇਘਾ ਤੇ ਵਿਸ਼ਾਲ ਸ਼ਰਮਾ ਨੇ ਆਪਣੀ ਆਵਾਜ਼ ਨਾਲ ਦਰਸ਼ਕਾਂ ਨੂੰ ਜੋੜ ਕੇ ਰੱਖਿਆ। ਮੈਚ ਵਿੱਚ ਪਟਿਆਲਾ ਸ਼ਾਹੀ ਨੇ 74 ਰਨ ਅਤੇ 4 ਵਿਕਟਾਂ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ। ਅੰਕਿਤ ਚੌਧਰੀ ਨੂੰ ਸ਼ਾਨਦਾਰ ਪ੍ਰਦਰਸ਼ਨ ਲਈ “ਮੈਨ ਆਫ਼ ਦਿ ਮੈਚ” ਦਾ ਇਨਾਮ ਮੁੱਖ ਮਹਿਮਾਨ ਵੱਲੋਂ ਪ੍ਰਦਾਨ ਕੀਤਾ ਗਿਆ। ਅੰਤ ’ਚ ਬਾਬਾ ਦੀਪ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਦੇ ਆਰਗੇਨਾਈਜ਼ਰਾਂ ਵੱਲੋਂ ਮੁੱਖ ਮਹਿਮਾਨ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ‘ਤੇ ਗੁਰਪ੍ਰੀਤ ਸਿੰਘ ਭੁੱਚਰ, ਜਤਿੰਦਰ ਅਗਰਾ, ਸਹਜਪ੍ਰੀਤ ਸਿੰਘ, ਜਗਮੋਹਨ, ਵਿਨੇ ਪਾਲ, ਰਾਜਪ੍ਰੀਤ ਝੱਬਰ, ਗੁਰਪ੍ਰੀਤ ਮੋਨੀ, ਮਨੁ ਸ਼ਰਮਾ, ਕੇਵਲ ਸ਼ਰਮਾ ਅਤੇ ਗੁਰਪ੍ਰੀਤ ਬੱਬੂ ਸਮੇਤ ਆਰਗੇਨਾਈਜ਼ਰ ਕਮੇਟੀ ਦੇ ਰਮਨਦੀਪ ਸਿੰਘ, ਦਲਬੀਰ ਬਿੱਟੂ ਅਤੇ ਮਨਪ੍ਰੀਤ ਸਿੰਘ ਪਟਵਾਰੀ ਹਾਜ਼ਰ ਸਨ, ਜਿਨ੍ਹਾਂ ਨੇ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ।