ਅਧਿਆਪਕਾਂ ਨੂੰ ਗ਼ੈਰ-ਵਿਦਿਅਕ ਕੰਮਾਂ ’ਚ ਉਲਝਾਉਣ ਦੇ ਵਿਰੋਧ ’ਚ ਫੂਕੀਆਂ ਕਾਪੀਆਂ ਸਿੱਖਿਆ ਕ੍ਰਾਂਤੀ ਦਾ ਝੂਠਾ ਦਾਅਵਾ ਕਰਨ
Publish Date: Sat, 11 Jul 2026 06:36 PM (IST)
Updated Date: Sun, 12 Jul 2026 04:10 AM (IST)
-ਅਧਿਆਪਕ ਆਗੂਆਂ ਅਨੁਸਾਰ ਅਧਿਆਪਕਾਂ ਦੀਆਂ ਸਹੂਲਤਾਂ ਤੇ ਕੱਟ ਲਾਉਣਾ ਬੰਦ ਕਰੇ ਸਰਕਾਰ ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਸਿੱਖਿਆ ਕ੍ਰਾਂਤੀ ਦਾ ਝੂਠਾ ਦਾਅਵਾ ਕਰਨ ਵਾਲੀ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੇ ਦਾਅਵੇ ਹਵਾ ‘ਚ ਉਡਦੇ ਦਿਸ ਰਹੇ ਹਨ। 18 ਹਜ਼ਾਰ ਅਧਿਆਪਕ ਐੱਸਆਈਆਰ ਕਰ ਰਹੇ ਹਨ, ਹਜ਼ਾਰਾਂ ਅਧਿਆਪਕ ਡਰੱਗ ਸਰਵੇ, ਜਨਗਣਨਾ ਅਤੇ ਮਾਵਾਂ ਧੀਆਂ ਸਤਿਕਾਰ ਯੋਜਨਾ ਵਿੱਚ ਲਗਾ ਰੱਖੇ ਹਨ ਅਤੇ ਵਿਦਿਆਰਥੀ ਸਕੂਲਾਂ ਵਿੱਚ ਅਧਿਆਪਕਾਂ ਨੂੰ ਉਡੀਕ ਮੁੜ ਜਾਂਦੇ ਹਨ। ਬੀਤੇ ਕੱਲ੍ਹ ਸਿੱਖਿਆ ਸਕੱਤਰ ਵੱਲੋਂ ਕੱਢੇ ਗਏ ਇਕ ਪੱਤਰ ਅਨੁਸਾਰ ਸਮੁੱਚੇ ਅਧਿਆਪਕਾਂ ਨੂੰ ਦੂਜੇ ਸ਼ਨੀਵਾਰ ਦੀ ਅਤੇ ਐਤਵਾਰ ਦੀ ਛੁੱਟੀ ਹੋਣ ਦੇ ਬਾਵਜੂਦ ਸਕੂਲਾਂ ਵਿੱਚ ਹਾਜ਼ਰ ਰਹਿਣ ਦਾ ਹੁਕਮ ਚਾੜ ਦਿੱਤਾ ਗਿਆ, ਜਿਸ ਦੇ ਰੋਸ ਵਜੋਂ ਪੰਜਾਬ ਭਰ ਦੀਆਂ ਅਧਿਆਪਕ ਜੱਥੇਬੰਦੀਆਂ ਨੇ ਅਧਿਆਪਕਾਂ ਨੂੰ ਇਸ ਪੱਤਰ ਸਾੜਨ ਦਾ ਸੱਦਾ ਦਿੱਤਾ। ਮਾਨਸਾ ਜ਼ਿਲ੍ਹੇ ਦੇ ਅਧਿਆਪਕ ਆਗੂਆਂ ਕਰਮਜੀਤ ਤਾਮਕੋਟ, ਅਮੋਲਕ ਡੇਲੂਆਣਾ, ਗੁਰਦਾਸ ਰਾਏਪੁਰ ਅਤੇ ਦਰਸ਼ਨ ਅਲੀਸ਼ੇਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਵੱਖ ਵੱਖ ਸਕੂਲਾਂ ਵਿੱਚ ਅਧਿਆਪਕਾਂ ਨੇ ਇਸ ਪੱਤਰ ਦੀਆਂ ਕਾਪੀਆਂ ਸਾੜੀਆਂ। ਜ਼ਿਲ੍ਹੇ ਦੇ ਬੋਹਾ, ਰਾਏਪੁਰ, ਕੁਸਲਾ, ਭੈਣੀ ਬਾਘਾ, ਬੀਰੋਕੇ ਕਲਾਂ, ਬਾਜੇਵਾਲਾ, ਅੱਕਾਂਵਾਲੀ, ਰੱਲਾ, ਭੰਮੇ ਖੁਰਦ, ਅਕਲੀਆਂ, ਭਾਈਦੇਸਾ, ਬੋੜਾਵਾਲ, ਗਾਂਧੀ ਨਗਰ, ਨੰਦਗੜ, ਬਖਸ਼ੀਵਾਲਾ, ਨੰਗਲ ਖੁਰਦ, ਉਡਤ ਭਗਤ ਰਾਮ, ਉੱਭਾ ਬੁਰਜ ਢਿੱਲਵਾਂ, ਖਿਆਲੀ ਚਹਿਲਾ ਵਾਲੀ, ਬੀਰ ਹੋਡਲਾ, ਬਖਸ਼ੀਵਾਲਾ, ਤਾਮਕੋਟ, ਕੁਲਰੀਆਂ, ਜੋਗਾ, ਗੰਢੂ ਖੁਰਦ, ਜੱਟਾਣਾ ਕਲਾਂ, ਸਾਹਨੇਵਾਲੀ, ਦੂਲੋਵਾਲ, ਲਾਲਿਆਵਾਲੀ, ਬੁਰਜ ਰਾਠੀ, ਪੈਰੋਂ, ਧਰਮਪੁਰਾ ਸਮੇਤ ਸੈਂਕੜੇ ਸਕੂਲਾਂ ਵਿੱਚ ਵੱਡੀ ਗਿਣਤੀ ਅਧਿਆਪਕਾਂ ਨੇ ਅਧਿਆਪਕ ਮਾਰੂ ਪੱਤਰ ਦੀਆਂ ਕਾਪੀਆਂ ਸਾੜੀਆਂ। ਅਧਿਆਪਕ ਆਗੂਆਂ ਲਖਵਿੰਦਰ ਮਾਨ, ਹੰਸਾ ਸਿੰਘ ਡੇਲੂਆਣਾ, ਹਰਜਿੰਦਰ ਅਨੂਪਗੜ੍ਹ ਅਤੇ ਬੇਅੰਤ ਰੜ੍ਹ ਨੇ ਕਿਹਾ ਕਿ ਸਰਕਾਰ ਲਗਾਤਾਰ ਅਧਿਆਪਕਾਂ ਦੀਆਂ ਸਹੂਲਤਾਂ ਤੇ ਕੱਟ ਲਗਾ ਰਹੀ ਹੈ। ਬਾਹਰਲੇ ਜ਼ਿਲ੍ਹਿਆਂ ਵਿੱਚ ਕੰਮ ਕਰਦੇ ਅਧਿਆਪਕ 300-300 ਕਿਲੋਮੀਟਰ ਦੂਰ ਤੋਂ ਆਪਣੇ ਘਰਾਂ ਨੂੰ ਚੱਲ ਪਏ ਸਨ, ਪਰ ਇਸ ਮਾਰੂ ਪੱਤਰ ਦੇ ਜ਼ਾਰੀ ਹੋਣ ਕਾਰਨ ਉਨ੍ਹਾਂ ਨੂੰ ਰਸਤੇ ਵਿੱਚੋਂ ਮੁੜਨਾ ਪਿਆ। ਅਧਿਆਪਕ ਆਗੂਆਂ ਰਾਜਵਿੰਦਰ ਬੈਹਣੀਵਾਲ, ਮਨਮੋਹਨ ਸਿੰਘ, ਬਲਵਿੰਦਰ ਉੱਲਕ, ਨਵੀਨ ਬੋਹਾ ਨੇ ਕਿਹਾ ਕਿ ਅਧਿਆਪਕਾਂ ਲਈ ਬੱਚਿਆਂ ਨੂੰ ਸਿੱਖਿਆ ਦੇਣਾ ਸਭ ਤੋਂ ਮਹੱਤਵਪੂਰਨ ਕੰਮ ਹੈ, ਪਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਕਾਰਨ ਅਧਿਆਪਕਾਂ ਦਾ ਮੁੱਖ ਕੰਮ ਬੁਰ੍ਹੀ ਤਰ੍ਹਾਂ ਪੱਛੜ ਗਿਆ ਹੈ। ਆਗੂਆਂ ਨੇ ਮੰਗ ਕੀਤੀ ਕਿ ਬੀਐੱਲਓਜ਼ ਅਤੇ ਹੋਰ ਕੰਮਾਂ ਲਈ ਅਲੱਗ ਤੋਂ ਭਰਤੀ ਕੀਤੀ ਜਾਵੇ ਅਤੇ ਅਧਿਆਪਕਾਂ ਤੋਂ ਸਿਰਫ਼ ਪੜ੍ਹਾਉਣ ਦਾ ਕੰਮ ਲਿਆ ਜਾਵੇ।