ਅੱਧ ਵਿਚਕਾਰ ਸੜਕ ਦਾ ਕੰਮ ਛੱਡਣ ਵਾਲੇ ਠੇਕੇਦਾਰ ਖ਼ਿਲਾਫ਼ ਲੋਕਾਂ ’ਚ ਰੋਸ ਸ਼ਹਿਰ ਦੀ ਦਿਆਲਪੁਰਾ ਰੋੜ ਵਾਲੀ ਸੜਕ ਦਾ
Publish Date: Sun, 11 Oct 2026 05:06 PM (IST)
Updated Date: Sun, 11 Oct 2026 05:08 PM (IST)
ਹਰਕਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਦਿਆਲਪੁਰਾ ਰੋਡ ਵਾਲੀ ਸੜਕ ਦਾ ਕੰਮ ਅੱਧ ਵਿਚਕਾਰ ਛੱਡ ਕੇ ਜਾਣ ਵਾਲੇ ਠੇਕੇਦਾਰ ਖ਼ਿਲਾਫ਼ ਲੋਕਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਇਸ ਨਾਲ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੜਕ ਪੁੱਟੀ ਪਈ ਹੋਣ ਕਾਰਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੈ ਅਤੇ ਹਰ ਪਾਸੇ ਠੇਕੇਦਾਰ ਦੀ ਲਾਪ੍ਰਵਾਹੀ ਨੂੰ ਲੈ ਕੇ ਲੋਕ ਉਸ ਨੂੰ ਕੋਸ ਰਹੇ ਹਨ। ਸਭ ਤੋਂ ਵੱਧ ਹੈਰਾਨੀ ਦੀ ਗੱਲ ਇਹ ਹੈ ਕਿ ਪ੍ਰਸ਼ਾਸਨ ਅਤੇ ਸਥਾਨਕ ਸਿਆਸੀ ਆਗੂਆਂ ਨੂੰ ਖੁਦ ਵੀ ਨਹੀਂ ਪਤਾ ਕਿ ਇਸ ਸੜਕ ਦਾ ਕੰਮ ਮੁੜ ਕਦੋਂ ਸ਼ੁਰੂ ਹੋਵੇਗਾ। ਸਵਾਲ ਪੁੱਛੇ ਜਾਣ ਤੇ ਅਧਿਕਾਰੀ ਅਤੇ ਆਗੂ ਇੱਕ ਦੂਜੇ ਵੱਲ ਉਂਗਲ ਕਰਦੇ ਨਜ਼ਰ ਆ ਰਹੇ ਹਨ, ਪਰ ਕੋਈ ਪੱਕੀ ਤਾਰੀਖ਼ ਜਾਂ ਠੋਸ ਭਰੋਸਾ ਦੇਣ ਨੂੰ ਤਿਆਰ ਨਹੀਂ। ਇਸ ਸਮੇਂ ਝੋਨੇ ਦੀ ਖਰੀਦ ਦਾ ਸੀਜ਼ਨ ਜ਼ੋਰਾਂ ਤੇ ਹੈ ਅਤੇ ਕਿਸਾਨ ਆਪਣੀ ਫ਼ਸਲ ਟਰੈਕਟਰ-ਟਰਾਲੀਆਂ ਵਿੱਚ ਲੱਦ ਕੇ ਇਸੇ ਸੜਕ ਰਾਹੀਂ ਝੋਨੇ ਦੀ ਫ਼ਸਲ ਅਨਾਜ ਮੰਡੀ ਲਿਜਾ ਰਹੇ ਹਨ। ਟੁੱਟੀ ਅਤੇ ਪੁੱਟੀ ਹੋਈ ਸੜਕ ਕਾਰਨ ਟਰਾਲੀਆਂ ਫਸ ਰਹੀਆਂ ਹਨ, ਜਿਸ ਨਾਲ ਫ਼ਸਲ ਦੇ ਨੁਕਸਾਨ ਅਤੇ ਹਾਦਸੇ ਦਾ ਡਰ ਬਣਿਆ ਹੋਇਆ ਹੈ। ਕਿਸਾਨ ਅਜੈਬ ਸਿੰਘ ਅਤੇ ਲਾਲ ਚੰਦ ਨੇ ਦੱਸਿਆ, ਮੰਡੀ ਪਹੁੰਚਣ ਵਿੱਚ ਪਹਿਲਾਂ ਨਾਲੋਂ ਦੁੱਗਣਾ ਸਮਾਂ ਲੱਗ ਰਿਹਾ ਹੈ, ਡੀਜ਼ਲ ਦਾ ਖਰਚਾ ਵੀ ਵਧ ਗਿਆ ਹੈ। ਸੜਕ ਕਿਨਾਰੇ ਦੁਕਾਨਦਾਰ ਵੀ ਪ੍ਰੇਸ਼ਾਨ ਹਨ। ਧੂੜ-ਮਿੱਟੀ ਅਤੇ ਰਸਤਾ ਬੰਦ ਹੋਣ ਕਾਰਨ ਗਾਹਕ ਦੁਕਾਨਾਂ ਤੱਕ ਨਹੀਂ ਪਹੁੰਚ ਰਹੇ ਅਤੇ ਕਾਰੋਬਾਰ ਠੱਪ ਹੋ ਗਿਆ ਹੈ। ਦੁਕਾਨਦਾਰ ਰਾਜ ਬਾਂਸਲ ਅਤੇ ਪਵਨ ਕੁਮਾਰ ਨੇ ਕਿਹਾ, ਦੁਕਾਨਾਂ ਦਾ ਕਿਰਾਇਆ ਤੇ ਖਰਚੇ ਤਾਂ ਪੂਰੇ ਹਨ, ਪਰ ਆਮਦਨ ਲਗਭਗ ਖ਼ਤਮ ਹੋ ਗਈ ਹੈ। ਇਲਾਕਾ ਵਾਸੀਆਂ ਨੇ ਮੰਗ ਕੀਤੀ ਹੈ ਕਿ ਕੰਮ ਛੱਡ ਕੇ ਭੱਜੇ ਠੇਕੇਦਾਰ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ, ਉਸ ਦਾ ਠੇਕਾ ਰੱਦ ਕਰਕੇ ਨਵੇਂ ਸਿਰੇ ਤੋਂ ਟੈਂਡਰ ਜਾਰੀ ਕੀਤਾ ਜਾਵੇ ਅਤੇ ਸੜਕ ਦਾ ਕੰਮ ਜਲਦ ਤੋਂ ਜਲਦ ਮੁਕੰਮਲ ਕਰਵਾਇਆ ਜਾਵੇ। ਲੋਕਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਜਲਦ ਕੋਈ ਹੱਲ ਨਾ ਨਿਕਲਿਆ ਤਾਂ ਉਹ ਸੰਘਰਸ਼ ਦਾ ਰਾਹ ਅਪਣਾਉਣ ਲਈ ਮਜਬੂਰ ਹੋਣਗੇ। ਇਸ ਸਬੰਧੀ ਠੇਕੇਦਾਰ ਵਿਕੀ ਸਿੰਗਲਾ ਨਾਲ ਸੰਪਰਕ ਕਰਨ ਤੇ ਉਨ੍ਹਾਂ ਕਿਹਾ ਕਿ ਲੁੱਕ ਨਾ ਮਿਲਣ ਕਾਰਨ ਸੜਕ ਦੇ ਕਾਰਜ ਚ ਦੇਰੀ ਹੋ ਰਹੀ ਹੈ।