ਰਾਹੁਲ ਗਾਂਧੀ ਦੀ ਰੈਲੀ ਬਾਰੇ ਮਾਨਸਾ ’ਚ ਮੀਟਿੰਗ ਅੱਜ
ਪਿੰਡਾਂ ਦੇ ਰੋਜ਼ਗਾਰ ਅਤੇ ਮਜ਼ਦੂਰ ਹੱਕਾਂ ਨਾਲ ਜੁੜੇ
Publish Date: Sun, 22 Feb 2026 05:45 PM (IST)
Updated Date: Mon, 23 Feb 2026 04:10 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ ਪਿੰਡਾਂ ਦੇ ਰੋਜ਼ਗਾਰ ਅਤੇ ਮਜ਼ਦੂਰ ਹੱਕਾਂ ਨਾਲ ਜੁੜੇ ਮਾਨਸਿਕ ਅਤੇ ਆਰਥਿਕ ਮਸਲਿਆਂ ਨੂੰ ਕੇਂਦਰ ਵਿੱਚ ਰੱਖਦਿਆਂ ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਚਲਾਇਆ ਜਾ ਰਿਹਾ ਮਨਰੇਗਾ ਬਚਾਓ ਅਭਿਆਨ ਹੁਣ ਨਵੀਂ ਗਤੀ ਫੜ੍ਹਦਾ ਨਜ਼ਰ ਆ ਰਿਹਾ ਹੈ। ਇਸ ਅਭਿਆਨ ਤਹਿਤ 28 ਫ਼ਰਵਰੀ ਨੂੰ ਰਾਹੁਲ ਗਾਂਧੀ ਦੀ ਬਰਨਾਲਾ ਵਿਖੇ ਹੋਣ ਵਾਲੀ ਵੱਡੀ ਰੈਲੀ ਦੀਆਂ ਤਿਆਰੀਆਂ ਲਈ ਸੰਗਠਨ ਨੇ ਜ਼ਮੀਨੀ ਪੱਧਰ ‘ਤੇ ਸਰਗਰਮੀਆਂ ਵਧਾ ਦਿੱਤੀਆਂ ਹਨ। ਇਸੇ ਕੜੀ ਤਹਿਤ ਕੀਤੀ ਜਾ ਰਹੀ ਰੈਲੀ ਦੀਆਂ ਤਿਆਰੀਆਂ ਲਈ ਆਲ ਇੰਡੀਆ ਕਾਂਗਰਸ ਕਮੇਟੀ ਸਕੱਤਰ ਹਿਨਾ ਲਿਖੀਰਾਮ ਕਾਂਵੜੇ 23 ਫ਼ਰਵਰੀ ਨੂੰ ਸਵੇਰੇ 11 ਵਜੇ ਫੋਰ ਸੀਜਨ ਹੋਟਲ ਮਾਨਸਾ ਵਿਖੇ ਪਹੁੰਚ ਕੇ ਜ਼ਿਲ੍ਹਾ ਪ੍ਰਧਾਨ ਕੁਲਵੰਤ ਰਾਏ ਸਿੰਗਲਾ ਦੀ ਰਹਿਨੁਮਾਈ ਹੇਠ ਹੋਣ ਵਾਲੀ ਮੀਟਿੰਗ ਨੂੰ ਸੰਬੋਧਨ ਕਰਕੇ ਵਰਕਰਾਂ ਨੂੰ ਰੈਲੀ ਵਿਚ ਸ਼ਿਰਕਤ ਕਰਨ ਲਈ ਮੀਟਿੰਗ ਨੂੰ ਸੰਬੋਧਨ ਕਰੇਗੀ। ਮੀਟਿੰਗ ਸਿਰਫ਼ ਇੱਕ ਆਮ ਇਕੱਠ ਨਹੀਂ, ਸਗੋਂ ਸੰਗਠਨਕ ਤਾਕਤ ਦਾ ਪ੍ਰਦਰਸ਼ਨ ਅਤੇ ਰਣਨੀਤਿਕ ਤਿਆਰੀ ਦਾ ਕੇਂਦਰ ਮੰਨੀ ਜਾ ਰਹੀ ਹੈ। ਮੀਟਿੰਗ ਵਿੱਚ ਜ਼ਿਲ੍ਹੇ ਦੇ ਸਾਰੇ ਸੀਨੀਅਰ ਆਗੂ, ਬਲਾਕ ਪੱਧਰ ਦੇ ਨੁਮਾਇੰਦੇ, ਮਹਿਲਾ ਆਗੂ, ਯੂਥ ਵਰਕਰ ਤੇ ਪਿੰਡ ਪੱਧਰ ਦੇ ਸਰਗਰਮ ਕਰਮਚਾਰੀ ਹਾਜ਼ਰ ਰਹਿਣਗੇ। ਇਹ ਜਾਣਕਾਰੀ ਦਿੰਦਿਆਂ ਜ਼ਿਲਾ ਕਾਂਗਰਸ ਪ੍ਰਧਾਨ ਕੁਲਵੰਤ ਰਾਏ ਸਿੰਗਲਾ ਨੇ ਦੱਸਿਆ ਕਿ ਇਸ ਇਕੱਠ ਦਾ ਮੁੱਖ ਉਦੇਸ਼ ਬਰਨਾਲਾ ਰੈਲੀ ਲਈ ਇੱਕ ਮਜ਼ਬੂਤ ਰੋਡਮੈਪ ਤਿਆਰ ਕਰਨਾ, ਵਰਕਰਾਂ ਨੂੰ ਉਤਸ਼ਾਹਿਤ ਕਰਨਾ ਅਤੇ ਪਿੰਡ ਪੱਧਰ ਤੱਕ ਸੁਨੇਹਾ ਪਹੁੰਚਾਉਣਾ ਹੈ ਕਿ ਮਨਰੇਗਾ ਨਾਲ ਜੁੜੇ ਮੁੱਦਿਆਂ ‘ਤੇ ਇਕਜੁੱਟ ਹੋ ਕੇ ਆਵਾਜ਼ ਬੁਲੰਦ ਕਰਨੀ ਸਮੇਂ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਮੀਟਿੰਗ ਵਿੱਚ ਮਨਰੇਗਾ ਯੋਜਨਾ ਨਾਲ ਜੁੜੀਆਂ ਮੌਜੂਦਾ ਚੁਣੌਤੀਆਂ, ਪਿੰਡਾਂ ਵਿੱਚ ਰੋਜ਼ਗਾਰ ਦੇ ਮੌਕੇ, ਮਜ਼ਦੂਰਾਂ ਦੀਆਂ ਉਮੀਦਾਂ ਅਤੇ ਭਵਿੱਖੀ ਰਣਨੀਤੀ ‘ਤੇ ਵਿਸਥਾਰ ਨਾਲ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਇਹ ਮੰਚ ਵਰਕਰਾਂ ਲਈ ਆਪਣੇ ਤਜ਼ਰਬੇ ਸਾਂਝੇ ਕਰਨ ਅਤੇ ਮੈਦਾਨੀ ਹਾਲਾਤਾਂ ਬਾਰੇ ਉੱਚ ਪੱਧਰੀ ਲੀਡਰਸ਼ਿੱਪ ਨੂੰ ਜਾਣੂ ਕਰਵਾਉਣ ਦਾ ਮੌਕਾ ਵੀ ਦੇਵੇਗਾ। ਉਮੀਦ ਕੀਤੀ ਜਾ ਰਹੀ ਹੈ ਕਿ ਉਹ ਰੈਲੀ ਲਈ ਵਿਸ਼ੇਸ਼ ਕਾਰਜ-ਯੋਜਨਾ ਦਾ ਐਲਾਨ ਵੀ ਕਰੇਗੀ। ਉਨ੍ਹਾਂ ਕਿਹਾ ਕਿ ਮਹਿਲਾ ਵਰਕਰਾਂ ਅਤੇ ਨੌਜਵਾਨਾਂ ਦੀ ਭੂਮਿਕਾ ਇਸ ਮੁਹਿੰਮ ਵਿੱਚ ਕੇਂਦਰੀ ਰਹੇਗੀ।