ਭਾਜਪਾ ਨੂੰ ਪੰਜਾਬ ਤੋਂ ਦੂਰ ਰੱਖਣ ਲਈ ਕਾਂਗਰਸ ਉਸਾਰੂ ਰੋਲ ਨਿਭਾਏ : ਅਰਸ਼ੀ ਭਾਰਤੀ ਕਮਿਊਨਿਸਟ ਪਾਰਟੀ ਤਹਿਸੀਲ
Publish Date: Fri, 20 Nov 2026 06:22 PM (IST)
Updated Date: Fri, 20 Nov 2026 06:25 PM (IST)
ਚਤਰ ਸਿੰਘ, ਪੰਜਾਬੀ ਜਾਗਰਣ, ਬੁਢਲਾਡਾ : ਭਾਰਤੀ ਕਮਿਊਨਿਸਟ ਪਾਰਟੀ ਤਹਿਸੀਲ ਬੁਢਲਾਡਾ ਦੀ ਜਨਰਲ ਬਾਡੀ ਮੀਟਿੰਗ ਸਾਥੀ ਤਰਸੇਮ ਬੋਹਾ ਦੀ ਪ੍ਰਧਾਨਗੀ ਹੇਠ ਹੋਈਆਂ। ਇਸ ਵਿੱਚ ਸੈਂਕੜੇ ਸਰਗਰਮ ਵਰਕਰਾਂ ਨੇ ਹਿੱਸਾ ਲਿਆ। ਮੀਟਿੰਗ ਦੌਰਾਨ ਸੰਬੋਧਨ ਕਰਦੇ ਹੋਏ ਸੀਪੀਆਈ ਦੇ ਨੈਸ਼ਨਲ ਕੌਂਸਲ ਮੈਂਬਰ ਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਪੰਜਾਬੀਆਂ ਨੂੰ ਖ਼ਬਰਦਾਰ ਕੀਤਾ ਕਿ ਸਿਰੇ ਦੀ ਲੋਕ ਵਿਰੋਧੀ ਅਡਾਨੀ ਅੰਬਾਨੀ ਦੀ ਸੇਵਕ ਤੇ ਤਾਨਾਸ਼ਾਹ ਭਾਜਪਾ ਪੰਜਾਬ ਹਥਿਆਉਣ ਲਈ ਸਿਰ ਧੜ ਦੀ ਬਾਜ਼ੀ ਲਾ ਰਹੀ ਹੈ। ਆਪਣੀ ਸ਼ਾਨਾਂਮੱਤੀ ਵਿਰਾਸਤ ਨੂੰ ਤਿਲਾਂਜਲੀ ਦੇ ਕੇ ਅਕਾਲੀ ਦਲ ਭਾਜਪਾ ਦੇ ਕੁਹਾੜੇ ਦਾ ਦਸਤਾ ਬਨਣ ਲਈ ਪੱਬਾਂ ਭਾਰ ਬਣਿਆ ਨਜ਼ਰ ਆਉਂਦਾ ਹੈ। ਪੰਜਾਬ ਗੁਰੂਆਂ ਪੀਰਾਂ ਸੂਰਬੀਰਾਂ ਤੇ ਮਹਾਨ ਦੇਸ਼ ਭਗਤਾਂ ਦੀ ਧਰਤੀ ਦੇ ਨਾਲ ਨਾਲ ਇੱਕ ਸਰਹੱਦੀ ਸੂਬਾ ਹੈ। 750 ਕਿਸਾਨਾ ਦੀ ਕਾਤਲ ਫਿਰਕੂ ਭਾਜਪਾ ਦੇ ਜੇਕਰ ਸਿੱਧੇ ਅਸਿੱਧੇ ਤਰੀਕੇ ਨਾਲ ਪੰਜਾਬ ਤੇ ਕਾਬਜ਼ ਹੁੰਦੀ ਹੈ ਤਾਂ ਇਹ ਸੂਬੇ ਤੇ ਦੇਸ਼ ਲਈ ਮਾਰੂ ਸਾਬਤ ਹੋਵੇਗਾ। ਅੰਤ ਵਿੱਚ ਸਾਥੀ ਅਰਸ਼ੀ ਨੇ ਪਾਰਟੀ ਵਰਕਰਾਂ ਨੂੰ ਪੂਰਜੋਰ ਅਪੀਲ ਕੀਤੀ ਕਿ ਉਹ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੀ ਤਿਆਰੀ ਲਈ ਸਾਰੀ ਸ਼ਕਤੀ ਤਿਆਰ ਰਹਿਣ। ਜ਼ਿਲ੍ਹਾ ਸਕੱਤਰ ਸਾਥੀ ਕ੍ਰਿਸ਼ਨ ਸਿੰਘ ਚੌਹਾਨ ਨੇ ਆਪਣੇ ਸੰਬੋਧਨ ਵਿਚ ਪੰਜਾਬ ਤੇ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਵਿਰੁੱਧ ਸੀਪੀਆਈ ਵੱਲੋਂ ਇੱਕ ਦਸੰਬਰ ਤੋਂ ਤਿੰਨ ਦਸੰਬਰ ਨੂੰ ਕੀਤੇ ਜਾ ਰਹੇ ਜੇਲ੍ਹ ਭਰੋ ਅੰਦੋਲਨ ਵਿਚ ਜਥੇ ਬੰਨ ਕੇ ਸ਼ਾਮਲ ਹੋਣ। ਉਨ੍ਹਾਂ ਜਾਣਕਾਰੀ ਦਿੱਤੀ ਕਿ ਇੱਕ ਦਸੰਬਰ ਨੂੰ ਸਵੇਰੇ 11 ਰੇਲਵੇ ਮਾਲ ਗੋਦਾਮ ਮਾਨਸਾ ਤੇ ਇਕੱਠੇ ਹੋ ਕੇ ਗ੍ਰਿਫ਼ਤਾਰੀਆਂ ਦੇਣ ਲਈ ਡੀਸੀ ਦਫ਼ਤਰ ਵੱਲ ਮਾਰਚ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰੂਪ ਸਿੰਘ ਢਿੱਲੋਂ, ਹਰਮੀਤ ਸਿੰਘ ਬੋੜਾਵਾਲ, ਗੁਰਮੇਲ ਬਰੇਟਾ, ਲਾਭ ਸਿੰਘ ਵਰੇ, ਅਸ਼ੋਕ ਲਾਕੜਾ, ਹਰਕੇਸ਼ ਮੰਡੇਰ, ਬੰਬੂ ਸਿੰਘ, ਚਿਮਨ ਲਾਲ ਕਾਕਾ, ਗੋਰਾ ਟਾਹਲੀਆਂ, ਮਾਸਟਰ ਰਘੂਨਾਥ ਸਿੰਗਲਾ, ਕਰਨੈਲ ਸਿੰਘ ਦਾਤੇਵਾਸ, ਭੁਪਿੰਦਰ ਗੁਰਨੇ, ਰਾਜਵਿੰਦਰ ਚੱਕ ਭਾਈ ਕੇ ਆਦਿ ਆਗੂ ਹਾਜ਼ਰ ਸਨ।