ਨੈਸ਼ਨਲ ਹਾਈਵੇ ’ਤੇ ਬੰਦ ਪਈਆਂ ਲਾਈਟਾਂ ਕਾਰਨ ਰਾਹਗੀਰ ਪ੍ਰੇਸ਼ਾਨ ਬਰਨਾਲਾ-ਸਿਰਸਾ ਨੈਸ਼ਨਲ ਹਾਈਵੇ ਬਰਨਾਲਾ-ਸਿਰਸਾ ਨੈਸ਼ਨਲ ਹਾਈਵੇ
Publish Date: Sun, 27 Sep 2026 05:14 PM (IST)
Updated Date: Sun, 27 Sep 2026 05:15 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਬਰਨਾਲਾ-ਸਿਰਸਾ ਨੈਸ਼ਨਲ ਹਾਈਵੇ ’ਤੇ ਕੈਂਚੀਆਂ ਤੋਂ ਮਾਨਸਾ ਤਿੰਨਕੋਣੀ ਵੱਲ ਆਉਂਦੇ ਹੋਏ ਰਾਤ ਸਮੇਂ ਜ਼ਿਆਦਾਤਰ ਲੱਗੀਆਂ ਲਾਈਟਾਂ ਨਾ ਚੱਲਣ ਕਾਰਨ ਕਈ ਥਾਵਾਂ ’ਤੇ ਹਨੇਰਾ ਛਾ ਜਾਂਦਾ ਹੈ। ਇਸ ਕਾਰਨ ਇਸ ਮਾਰਗ ਤੋਂ ਲੰਘਣ ਵਾਲੇ ਵੱਡੀ ਗਿਣਤੀ ਵਿਚ ਵਾਹਨ ਚਾਲਕਾਂ ਤੇ ਰਾਹਗੀਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਮਾਨਸਾ ਸਥਿਤ ਕੈਂਚੀਆਂ ਤੋਂ ਤਿੰਨਕੋਣੀ ਵੱਲ ਜਾਂਦੇ ਹੋਏ ਬਰਨਾਲਾ-ਸਿਰਸਾ ਨੈਸ਼ਨਲ ਹਾਈਵੇ ’ਤੇ ਲੱਗੀਆਂ ਜ਼ਿਆਦਾਤਰ ਸਟਰੀਟ ਲਾਈਟਾਂ ਪਿਛਲੇ ਕਈ ਦਿਨਾਂ ਤੋਂ ਬੰਦ ਪਈਆਂ ਹਨ। ਰਾਤ ਸਮੇਂ ਲਾਈਟਾਂ ਨਾ ਚੱਲਣ ਕਾਰਨ ਸੜਕ ’ਤੇ ਹਨ੍ਹੇਰਾ ਹੋ ਜਾਂਦਾ ਹੈ। ਇਸ ਕਾਰਨ ਵਾਹਨ ਚਾਲਕਾਂ ਨੂੰ ਆਉਣ ਜਾਣ ਵਿਚ ਮੁਸ਼ਕਿਲ ਆਉਂਦੀ ਹੈ ਤੇ ਹਾਦਸੇ ਵਾਪਰਨ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਇਹ ਨੈਸ਼ਨਲ ਹਾਈਵੇ ਹੋਣ ਕਾਰਨ ਇੱਥੋਂ ਵੱਡੀ ਗਿਣਤੀ ਵਿਚ ਭਾਰੀ ਵਾਹਨਾਂ ਦੀ ਆਵਾਜਾਈ ਹੁੰਦੀ ਹੈ। ਦਿਨ-ਰਾਤ ਲਗਾਤਾਰ ਆਵਾਜਾਈ ਰਹਿੰਦੀ ਹੈ ਤੇ ਰਾਤ ਸਮੇਂ ਟਰੱਕਾਂ ਸਮੇਤ ਹੋਰ ਭਾਰੀ ਵਾਹਨ ਵੀ ਇਸ ਮਾਰਗ ਤੋਂ ਲੰਘਦੇ ਹਨ। ਅਜਿਹੇ ਵਿਚ ਸੜਕ ’ਤੇ ਸਟਰੀਟ ਲਾਈਟਾਂ ਦਾ ਚਾਲੂ ਹੋਣਾ ਬਹੁਤ ਜ਼ਰੂਰੀ ਹੈ। ਇਸ ਸਬੰਧੀ ਗੁਰਵਿੰਦਰ ਸਿੰਘ ਨੇ ਕਿਹਾ ਕਿ ਲਾਈਟਾਂ ਬੰਦ ਹੋਣ ਕਾਰਨ ਆਮ ਲੋਕਾਂ ਅਤੇ ਰਾਹਗੀਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪਰ ਇਸ ਸਮੱਸਿਆ ਵੱਲ ਕੋਈ ਵੀ ਅਧਿਕਾਰੀ ਧਿਆਨ ਨਹੀਂ ਦੇ ਰਿਹਾ। ਉਨ੍ਹਾਂ ਕਿਹਾ ਕਿ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਬੰਦ ਪਈਆਂ ਲਾਈਟਾਂ ਦੀ ਜਲਦ ਮੁਰੰਮਤ ਕਰਵਾ ਕੇ ਉਨ੍ਹਾਂ ਨੂੰ ਚਾਲੂ ਕਰਨਾ ਚਾਹੀਦਾ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਸਬੰਧਤ ਵਿਭਾਗ ਵੱਲੋਂ ਨੈਸ਼ਨਲ ਹਾਈਵੇ ’ਤੇ ਬੰਦ ਪਈਆਂ ਸਾਰੀਆਂ ਲਾਈਟਾਂ ਨੂੰ ਤੁਰੰਤ ਠੀਕ ਕਰਵਾਇਆ ਜਾਵੇ ਤਾਂ ਜੋ ਰਾਤ ਸਮੇਂ ਆਮ ਲੋਕਾਂ, ਰਾਹਗੀਰਾਂ ਤੇ ਵਾਹਨ ਚਾਲਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤੇ ਆਵਾਜਾਈ ਵੀ ਸੁਰੱਖਿਅਤ ਢੰਗ ਨਾਲ ਚੱਲ ਸਕੇ।