ਕਸਬਾ ਬਰੇਟਾ ’ਚ ਬੰਦ ਰਹਿੰਦੇ ਫਾਟਕ ਤੋਂ ਲੋਕ ਪਰੇਸ਼ਾਨ
ਸਥਾਨਕ ਦਿੱਲੀ ਫਿਰੋਜ਼ਪੁਰ ਰੇਲਵੇ ਲਾਈਨ ਤੇ
Publish Date: Fri, 13 Feb 2026 07:12 PM (IST)
Updated Date: Sat, 14 Feb 2026 04:12 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਦਿੱਲੀ ਫ਼ਿਰੋਜ਼ਪੁਰ ਰੇਲਵੇ ਲਾਈਨ ’ਤੇ ਰੇਲਾਂ ਦੀ ਆਵਾਜਾਈ ਦੇ ਮੱਦੇਨਜ਼ਰ ਬਰੇਟਾ ਦੇ ਫ਼ਾਟਕ ਅਕਸਰ ਬੰਦ ਰਹਿਣ ਕਾਰਨ ਰਾਹਗੀਰਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਮੇਂ-ਸਮੇਂ ਸਿਰ ਸਿਆਸੀ ਆਗੂਆਂ ਵੱਲੋਂ ਵੋਟਾਂ ਸਮੇਂ ਇਸ ਸਮੱਸਿਆ ਦੇ ਹੱਲ ਲਈ ਅੰਡਰਬ੍ਰਿਜ ਤੇ ਓਵਰਬ੍ਰਿਜ ਬਣਾਉਣ ਦੇ ਵੱਖੋ-ਵੱਖ ਦਾਅਵੇ ਤੇ ਵਾਅਦੇ ਕੀਤੇ ਜਾਂਦੇ ਹਨ, ਪਰ ਇਨ੍ਹਾਂ ’ਤੇ ਕਦੇ ਵੀ ਕੰਮ ਨਹੀਂ ਹੋਇਆ। ਇੱਥੇ ਦੱਸਣਯੋਗ ਹੈ ਕਿ ਸ਼ਹਿਰ ਦੇ ਗਊਸ਼ਾਲਾ ਅਤੇ ਜਲਵੇੜਾ ਰੋਡ ਵਾਲਾ ਫ਼ਾਟਕ ਮੁਸਾਫ਼ਰ ਗੱਡੀਆਂ, ਮਾਲ ਗੱਡੀਆਂ ਤੇ ਵਾਰ-ਵਾਰ ਰੇਲ ਇੰਜਣ ਸ਼ੰਟਿੰਗ ਹੋਣ ਕਾਰਨ ਅਕਸਰ ਬੰਦ ਰਹਿੰਦੇ ਹਨ। ਇਸ ਕਾਰਨ ਸ਼ਹਿਰ ਅੰਦਰ ਆਉਣ ਤੇ ਬਾਹਰ ਜਾਣ ਵਾਲੇ ਲੋਕਾਂ ਨੂੰ ਪਰੇਸ਼ਾਨੀ ਝੱਲਣੀ ਪੈਂਦੀ ਹੈ। ਫ਼ਾਟਕ ਬੰਦ ਹੋਣ ਕਾਰਨ ਗਰਮੀ ਵਿੱਚ ਤਪਦੀਆਂ ਦੁਪਹਿਰਾਂ ਅਤੇ ਮੀਂਹ, ਹਨੇਰੀ ਆਦਿ ਦੌਰਾਨ ਲੋਕਾਂ ਨੂੰ ਲੰਬਾ ਸਮਾਂ ਪਰੇਸ਼ਾਨ ਹੋਣਾ ਪੈਂਦਾ ਹੈ। ਆਵਾਜ਼ ਬੁਲੰਦ ਲੋਕਾਂ ਨੇ ਕਿਹਾ ਕਿ ਇਲਾਕੇ ਦੇ ਲੋਕਾਂ ਦੀ ਇਹ ਸਮੱਸਿਆ ਬਹੁਤ ਵੱਡੀ ਪਰੇਸ਼ਾਨੀ ਬਣੀ ਹੋਈ ਹੈ। ਇਸ ਸਮੱਸਿਆ ਦੇ ਹੱਲ ਲਈ ਅਨੇਕਾਂ ਵਾਰ ਲੋਕ ਰੇਲਵੇ ਦੇ ਉੱਚ ਅਧਿਕਾਰੀਆਂ ਤੇ ਸਿਆਸੀ ਪਾਰਟੀਆਂ ਦੇ ਨੇਤਾਵਾਂ ਕੋਲ ਗੁਹਾਰ ਲਗਾ ਚੁੱਕੇ ਹਨ ਪਰ ਹਾਲੇ ਤੱਕ ਉਨ੍ਹਾਂ ਦੀ ਮੰਗ ਨੂੰ ਬੂਰ ਨਹੀਂ ਪਿਆ।