ਮਿਸ਼ਨ ‘ਕਲੀਨ ਪੰਜਾਬ’ ਨਾਲ ਬਦਲ ਰਹੀ ਮਾਨਸਾ ਸ਼ਹਿਰ ਦੀ ਨੁਹਾਰ: ਡਾ. ਵਿਜੈ ਸਿੰਗਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਗਰ ਕੌਂਸਲ ਦੇ ਦਾਇਰੇ
Publish Date: Mon, 31 Aug 2026 04:20 PM (IST)
Updated Date: Mon, 31 Aug 2026 04:22 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਵਿਧਾਇਕ ਡਾ. ਵਿਜੈ ਸਿੰਗਲਾ ਅਤੇ ਡਿਪਟੀ ਕਮਿਸ਼ਨਰ ਨਵਜੋਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਮਿਸ਼ਨ ਕਲੀਨ ਪੰਜਾਬ ਮੁਹਿੰਮ ਤਹਿਤ ਸ਼ਹਿਰ ਦੇ ਕੋਨੇ-ਕੋਨੇ ਵਿਚ ਸਫ਼ਾਈ ਕਾਰਜਾਂ ਨੂੰ ਹੋਰ ਹੁਲਾਰਾ ਦਿੱਤਾ ਗਿਆ। ਸਵੇਰ ਤੋਂ ਹੀ ਨਗਰ ਕੌਂਸਲ ਦੀਆਂ ਟੀਮਾਂ ਅਤੇ ਸਫ਼ਾਈ ਸੇਵਕ ਵੱਖ-ਵੱਖ ਇਲਾਕਿਆਂ ਵਿਚੋਂ ਕੂੜਾ-ਕਰਕਟ ਚੁੱਕਣ, ਢੇਰਾਂ ਦੇ ਨਿਪਟਾਰੇ ਅਤੇ ਸੜਕਾਂ-ਗਲੀਆਂ ਦੀ ਬਾਰੀਕੀ ਨਾਲ ਸਫ਼ਾਈ ਕਰਨ ਲਈ ਪੂਰੀ ਤਨਦੇਹੀ ਨਾਲ ਸਰਗਰਮ ਨਜ਼ਰ ਆਏ। ਮੁਹਿੰਮ ਨੂੰ ਹੋਰ ਬਲ ਦੇਣ ਲਈ ਵਿਧਾਇਕ ਡਾ. ਵਿਜੈ ਸਿੰਗਲਾ, ਨਗਰ ਕੌਂਸਲ ਦੇ ਪ੍ਰਧਾਨ ਭੂਸ਼ਣ ਕੁਮਾਰ ਮੱਤੀ ਨੇ ਖ਼ੁਦ ਮੈਦਾਨ ਵਿਚ ਉੱਤਰ ਕੇ ਸਫ਼ਾਈ ਅਭਿਆਨ ਦੀ ਅਗਵਾਈ ਕੀਤੀ ਅਤੇ ਵਾਰਡਾਂ ਦਾ ਜਾਇਜ਼ਾ ਲਿਆ। ਇਸ ਮੌਕੇ ਵਿਧਾਇਕ ਸਿੰਗਲਾ ਨੇ ਕਿਹਾ ਕਿ ਪ੍ਰਸ਼ਾਸਨਿਕ ਉਪਰਾਲਿਆਂ ਦੇ ਨਾਲ-ਨਾਲ ਆਮ ਲੋਕਾਂ ਦਾ ਸਹਿਯੋਗ ਇਸ ਮੁਹਿੰਮ ਦੀ ਸਫ਼ਲਤਾ ਲਈ ਸਭ ਤੋਂ ਜ਼ਰੂਰੀ ਕੜੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸ਼ਹਿਰ ਵਾਸੀ ਆਪਣੇ ਆਲੇ-ਦੁਆਲੇ ਨੂੰ ਸਾਫ਼ ਰੱਖਣ ਤੇ ਕੂੜੇ ਦੇ ਨਿਯਮਿਤ ਨਿਪਟਾਰੇ ਵਿਚ ਪ੍ਰਸ਼ਾਸਨ ਦਾ ਸਾਥ ਦੇਣ ਤਾਂ ਮਾਨਸਾ ਨੂੰ ਸਥਾਈ ਤੌਰ ਤੇ ਕੂੜਾ-ਮੁਕਤ ਤੇ ਸੁੰਦਰ ਸ਼ਹਿਰ ਬਣਾਇਆ ਜਾ ਸਕਦਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਮਿਸ਼ਨ ਕਲੀਨ ਪੰਜਾਬ ਅਧੀਨ ਸ਼ੁਰੂ ਕੀਤਾ ਗਿਆ ਵਿਸ਼ੇਸ਼ ਅਭਿਆਨ ਮਹਿਜ਼ ਇਕ ਦਿਨ ਦੀ ਗਤੀਵਿਧੀ ਨਹੀਂ ਹੈ, ਬਲਕਿ ਸ਼ਹਿਰ ਦੇ ਹਰ ਵਾਰਡ ਨੂੰ ਪੜਾਅਵਾਰ ਤਰੀਕੇ ਨਾਲ ਮੁਕੰਮਲ ਤੌਰ ਤੇ ਸਾਫ਼-ਸੁਥਰਾ ਬਣਾਉਣ ਲਈ ਇਹ ਨਿਰੰਤਰ ਜਾਰੀ ਰਹੇਗਾ। ਪ੍ਰਸ਼ਾਸਨ ਅਤੇ ਨਗਰ ਕੌਂਸਲ ਦੀ ਇਸ ਸਾਂਝੀ ਪਹਿਲਕਦਮੀ ਨਾਲ ਸ਼ਹਿਰ ਦੇ ਮੁੱਖ ਬਾਜ਼ਾਰਾਂ, ਰਿਹਾਇਸ਼ੀ ਇਲਾਕਿਆਂ ਅਤੇ ਮੁੱਖ ਮਾਰਗਾਂ ਦੀ ਦਿੱਖ ਸੁਧਰ ਰਹੀ ਹੈ, ਜਿਸ ਦੀ ਸ਼ਹਿਰ ਵਾਸੀਆਂ ਵੱਲੋਂ ਵੀ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ।