ਮੁੱਖ ਮੰਤਰੀ ਦੀ ਮਾਨਸਾ ਫ਼ੇਰੀ ਨੂੰ ਲੈ ਤੜਕਸਾਰ ਅਧਿਆਪਕ ਲਏ ਹਿਰਾਸਤ ’ਚ ਮਾਨਸਾ ਜ਼ਿਲ੍ਹੇ ਦੀਆਂ ਅਧਿਆਪਕ ਜੱਥੇਬੰਦੀਆਂ
Publish Date: Mon, 05 Oct 2026 04:34 PM (IST)
Updated Date: Mon, 05 Oct 2026 04:35 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਮਾਨਸਾ ਜ਼ਿਲ੍ਹੇ ਦੇ ਪਿੰਡ ਫੱਤਾ ਮਾਲੋਕਾ ਵਿਖੇ ਫੇਰੀ ਦੇ ਮੱਦੇਨਜ਼ਰ ਅੱਜ ਤੜਕਸਾਰ ਪੁਲਿਸ ਵੱਲੋਂ ਵੱਖ-ਵੱਖ ਅਧਿਆਪਕ ਅਤੇ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਨੂੰ ਉਨ੍ਹਾਂ ਦੇ ਘਰਾਂ ਤੋਂ ਹਿਰਾਸਤ ’ਚ ਲਏ ਜਾਣ ਦੀਆਂ ਸੂਚਨਾਵਾਂ ਮਿਲੀਆਂ ਹਨ। ਇਸ ਕਾਰਵਾਈ ਕਾਰਨ ਅਧਿਆਪਕ ਵਰਗ ਵਿਚ ਹਲਚਲ ਅਤੇ ਸਹਿਮ ਦਾ ਮਾਹੌਲ ਬਣਿਆ ਰਿਹਾ। ਅਧਿਆਪਕ ਆਗੂਆਂ ਗੁਰਦਾਸ ਸਿੰਘ ਰਾਏਪੁਰ, ਅਮੋਲਕ ਸਿੰਘ ਡੇਲੂਆਣਾ, ਰਾਜਵਿੰਦਰ ਸਿੰਘ ਬੈਹਣੀਵਾਲ, ਸੰਦੀਪ ਵਾਲੀਆ, ਜਸਬੀਰ ਭੰਮੇ ਅਤੇ ਬੇਅੰਤ ਸਿੰਘ ਰੜ੍ਹ ਨੇ ਦੱਸਿਆ ਕਿ ਪ੍ਰਾਪਤ ਜਾਣਕਾਰੀ ਅਨੁਸਾਰ ਹਿਰਾਸਤ ਵਿਚ ਲਏ ਗਏ ਆਗੂਆਂ ਵਿਚ ਈਟੀਟੀ ਅਧਿਆਪਕ ਯੂਨੀਅਨ ਪੰਜਾਬ ਦੇ ਪ੍ਰੈੱਸ ਸਕੱਤਰ ਰਾਜੇਸ਼ ਬੁਢਲਾਡਾ, ਡੈਮੋਕ੍ਰੈਟਿਕ ਟੀਚਰਜ਼ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਤਾਮਕੋਟ, ਮੀਤ ਪ੍ਰਧਾਨ ਨਵਨੀਤ ਬੋਹਾ, ਪੁਰਾਣੀ ਪੈਨਸ਼ਨ ਬਹਾਲੀ ਨਾਲ ਸਬੰਧਤ ਜ਼ਿਲ੍ਹਾ ਕਨਵੀਨਰ ਦਰਸ਼ਨ ਅਲੀਸ਼ੇਰ ਅਤੇ ਸੀਪੀਐੱਫ ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਧਰਮਿੰਦਰ ਸਿੰਘ ਹੀਰੇਵਾਲਾ, ਅੰਗਰੇਜ ਸਿੰਘ, ਜੀਟੀਯੂ ਦੇ ਲਖਵਿੰਦਰ ਮਾਨ, ਹਰਫੂਲ ਬੋਹਾ ਸ਼ਾਮਲ ਦੱਸੇ ਜਾ ਰਹੇ ਹਨ। ਵੱਖ-ਵੱਖ ਥਾਵਾਂ ਤੋਂ ਮਿਲੀਆਂ ਰਿਪੋਰਟਾਂ ਮੁਤਾਬਕ ਕਰੀਬ ਇਕ ਦਰਜਨ ਆਗੂਆਂ ਨੂੰ ਮਾਨਸਾ, ਬੁਢਲਾਡਾ ਤੇ ਹੋਰ ਪੁਲਿਸ ਥਾਣਿਆਂ ਵਿਚ ਲਿਜਾਇਆ ਗਿਆ। ਅਧਿਆਪਕ ਜਥੇਬੰਦੀਆਂ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਤੜਕਸਾਰ ਸ਼ੁਰੂ ਹੋਈ ਇਸ ਕਾਰਵਾਈ ਤੋਂ ਬਾਅਦ ਕਈ ਹੋਰ ਅਧਿਆਪਕ ਆਗੂ ਘਰਾਂ ਤੋਂ ਇਧਰ-ਉਧਰ ਹੋ ਗਏ। ਇਸ ਕਾਰਨ ਕੁਝ ਸਕੂਲਾਂ ਵਿਚ ਅਧਿਆਪਕਾਂ ਦੀ ਗ਼ੈਰਹਾਜ਼ਰੀ ਦੀਆਂ ਸੂਚਨਾਵਾਂ ਵੀ ਮਿਲੀਆਂ ਤੇ ਵਿਦਿਆਰਥੀ ਆਪਣੇ ਅਧਿਆਪਕਾਂ ਦੀ ਉਡੀਕ ਕਰਦੇ ਰਹੇ। ਅਚਾਨਕ ਹੋਈ ਇਸ ਕਾਰਵਾਈ ਕਾਰਨ ਅਧਿਆਪਕਾਂ ਅਤੇ ਵਿਦਿਆਰਥੀਆਂ ਵਿਚ ਸਹਿਮ ਦਾ ਮਾਹੌਲ ਬਣਿਆ ਰਿਹਾ। ਜ਼ਿਕਰਯੋਗ ਹੈ ਕਿ ਉਪਰੋਕਤ ਆਗੂ ਮੁਲਾਜ਼ਮਾਂ ਦੀਆਂ ਮੰਗਾਂ ਪੁਰਾਣੀ ਪੈਨਸ਼ਨ, ਡੀ ਏ, 17-7-20 ਦਾ ਪੱਤਰ ਵਾਪਿਸ ਕਰਵਾਉਣ, 15-1-15 ਦਾ ਪੱਤਰ ਵਾਪਿਸ ਕਰਵਾਉਣ, ਕੱਚੇ ਅਧਿਆਪਕ ਪੱਕੇ ਕਰਵਾਉਣ, ਏ ਸੀ ਪੀ, ਭੱਤੇ, ਪੈਨਸ਼ਨਰਾਂ ਦਾ 2.59 ਦਾ ਗੁਣਾਂਕ ਸਮੇਤ ਹੋਰ ਮੰਗਾਂ ਨੂੰ ਲੈ ਕੇ ਲੜਾਈ ਦੇ ਮੈਦਾਨ ਵਿੱਚ ਹਨ। ਜੱਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਇਸਤੋਂ ਪਹਿਲਾਂ ਜਿੰਨ੍ਹੀ ਵਾਰ ਵੀ ਮੁੱਖ ਮੰਤਰੀ ਮਾਨਸਾ ਵਿਖੇ ਆਏ ਹਨ ਤਾਂ ਇਨ੍ਹਾਂ ਆਗੂਆਂ ਦੇ ਘਰਾਂ ਵਿਚ ਪੁਲਿਸ ਹਰ ਵਾਰ ਛਾਪੇਮਾਰੀ ਕਰਦੀ ਹੈ ਅਤੇ ਥਾਣੇ ਬੰਦ ਕਰ ਦਿੰਦੀ ਹੈ। 2023 ਵਿਚ ਤਾਂ ਮੁੱਖ ਮੰਤਰੀ ਦੇ ਜ਼ਿਲ੍ਹਿਆਂ ਵਿਚ ਜਾ ਕੈਬਨਿਟ ਮੀਟਿੰਗਾਂ ਕਰਨ ਦੇ ਤੁਗਲਕੀ ਫ਼ੈਸਲੇ ਦੌਰਾਨ ਇੰਨ੍ਹਾਂ ਆਗੂਆਂ ਸਮੇਤ 154 ਮੁਲਾਜ਼ਮਾਂ ਵੱਲੋਂ ਮੰਗ ਪੱਤਰ ਦੇਣ ਜਾਂਦੇ ਸਮੇਂ ਗ੍ਰਿਫ਼ਤਾਰ ਕਰਕੇ ਕੇਸ ਦਰਜ ਹੀ ਕਰ ਦਿੱਤਾ ਸੀ, ਜੋ ਅਜੇ ਕੋਰਟ ਵਿੱਚ ਚੱਲ ਰਿਹਾ ਹੈ। ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਮੁਲਾਜ਼ਮਾਂ ਦੀਆਂ ਮੰਗਾਂ ਦਾ ਤੁਰੰਤ ਨਿਪਟਾਰਾ ਕਰਨ ਨਹੀਂ ਤਾਂ ਇਸੇ ਤਰ੍ਹਾਂ ਉਨ੍ਹਾਂ ਦੇ ਵੋਟਾਂ ਮੰਗਣ ਆਉਣ ਤੇ ਵਿਰੋਧ ਹੁੰਦਾ ਰਹੇਗਾ। ਆਗੂਆਂ ਨੇ ਦੱਸਿਆ ਕਿ ਥਾਣਾ ਸਿਟੀ 2 ਅੱਗੇ ਮੁਲਾਜ਼ਮਾਂ ਦੀ ਸੱਥ ਅੱਜ ਲੱਗਣੀ ਸੀ। ਉਨ੍ਹਾ ਕਿਹਾ ਕਿ ਹੁਣ ਜਦ ਤੱਕ ਇੰਨ੍ਹਾਂ ਨੂੰ ਰਿਹਾਅ ਨਹੀਂ ਕਰਦੇ ਤਾਂ ਉਦੋਂ ਤੱਕ ਸੱਥ ਲੱਗੇਗੀ।