- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿਲ੍ਹਾ ਮਾਨਸਾ ‘ਚ ਟਰੌਮਾ ਸੈਂਟਰ ਨਾ ਹੋਣ ਕਾਰਨ ਸੜਕ ਹਾਦਸਿਆਂ ਵਿੱਚ ਗੰਭੀਰ ਜ਼ਖਮੀ ਹੁੰਦੇ ਲੋਕਾਂ ਦਾ ਰੱਬ ਹੀ ਰਾਖਾ ਹੈ। ਜ਼ਿਲ੍ਹੇ ਲਈ ਇੱਕ ਵਧੀਆ ਅਤੇ ਆਧੁਨਿਕ ਸਹੂਲਤਾਂ ਵਾਲਾ ‘ਟਰੌਮਾ ਸੈਂਟਰ’ ਹੋਣਾ ਜ਼ਰੂਰੀ ਹੁੰਦਾ ਹੈ ਕਿਉਂਕਿ ਸੜਕ ਹਾਦਸਿਆਂ ਜਾਂ ਐਮਰਜੈਂਸੀ ਦੀ ਸਥਿਤੀ ਵਿੱਚ ਸ਼ੁਰੂਆਤੀ "ਗੋਲਡਨ ਆਵਰ" ਵਿੱਚ ਮਿਲੇ ਇਲਾਜ 'ਤੇ ਹੀ ਮਰੀਜ਼ ਦੀ ਜਾਨ ਨਿਰਭਰ ਕਰਦੀ ਹੈ।

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਜ਼ਿਲ੍ਹਾ ਮਾਨਸਾ ‘ਚ ਟਰੌਮਾ ਸੈਂਟਰ ਨਾ ਹੋਣ ਕਾਰਨ ਸੜਕ ਹਾਦਸਿਆਂ ਵਿੱਚ ਗੰਭੀਰ ਜ਼ਖਮੀ ਹੁੰਦੇ ਲੋਕਾਂ ਦਾ ਰੱਬ ਹੀ ਰਾਖਾ ਹੈ। ਜ਼ਿਲ੍ਹੇ ਲਈ ਇੱਕ ਵਧੀਆ ਅਤੇ ਆਧੁਨਿਕ ਸਹੂਲਤਾਂ ਵਾਲਾ ‘ਟਰੌਮਾ ਸੈਂਟਰ’ ਹੋਣਾ ਜ਼ਰੂਰੀ ਹੁੰਦਾ ਹੈ ਕਿਉਂਕਿ ਸੜਕ ਹਾਦਸਿਆਂ ਜਾਂ ਐਮਰਜੈਂਸੀ ਦੀ ਸਥਿਤੀ ਵਿੱਚ ਸ਼ੁਰੂਆਤੀ "ਗੋਲਡਨ ਆਵਰ" ਵਿੱਚ ਮਿਲੇ ਇਲਾਜ 'ਤੇ ਹੀ ਮਰੀਜ਼ ਦੀ ਜਾਨ ਨਿਰਭਰ ਕਰਦੀ ਹੈ। ਹਾਲਾਂਕਿ ਗੁਆਂਢੀ ਜ਼ਿਲ੍ਹੇ ਸੰਗਰੂਰ ਤੋਂ ਮੁੱਖ ਮੰਤਰੀ ਹੋਣ ਕਰਕੇ ਲੋਕਾਂ ਨੂੰ ਆਸ ਸੀ ਕਿ ਮਾਨਸਾ ਦੇ ਸਿਹਤ ਢਾਂਚੇ ਵਿੱਚ ਵੱਡਾ ਸੁਧਾਰ ਹੋਵੇਗਾ, ਪਰ ਟਰੌਮਾ ਸੈਂਟਰ ਦੀ ਮੰਗ ਪੂਰ੍ਹੀ ਨਾ ਹੋਈ ਹੋਣ ਕਰਕੇ ਨਿਰਾਸ਼ਾ ਦਾ ਵਧਣਾ ਸੁਭਾਵਿਕ ਹੈ। ‘‘ਟਰੌਮਾ ਸੈਂਟਰ’’ ਨਾ ਹੋਣ ਕਰਕੇ ਗੰਭੀਰ ਮਰੀਜ਼ਾਂ ਨੂੰ ਪਟਿਆਲਾ, ਲੁਧਿਆਣਾ ਜਾਂ ਬਠਿੰਡਾ ਰੈਫ਼ਰ ਕਰ ਦਿੱਤਾ ਜਾਂਦਾ ਹੈ, ਜਿਸ ਨਾਲ ਸਮਾਂ ਬਰਬਾਦ ਹੁੰਦਾ ਹੈ। ਕਈ ਵਾਰ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਹਨ। ਨੈਸ਼ਨਲ ਹਾਈਵੇ ’ਤੇ ਖਿਆਲਾ ਕਲਾਂ ‘ਚ 72 ਪਿੰਡਾਂ ਲਈ ਸੀਐਚਸੀ ਭਾਵੇਂ ਹੈ, ਪਰ ਸਹੂਲਤਾਂ ਜ਼ਿਆਦਾ ਨਾ ਹੋਣ ਕਾਰਨ ਕਈ ਜਾਨਾਂ ਚਲੀਆਂ ਜਾਂਦੀਆਂ ਹਨ। ਮੌਜੂਦਾ ਸਮੇਂ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਦੁਆਰਾ ਬਣਾਈ ਹਸਪਤਾਲ ਅੱਪਗ੍ਰੇਡ ਕਮੇਟੀ ਨੇ ਮਾਨਸਾ ਦੀਆਂ ਸੱਥਾਂ ‘ਚ ਪਹੁੰਚਣਾ ਸ਼ੁਰੂ ਕਰ ਦਿੱਤਾ ਹੈ ਅਤੇ ਇਹ ਮੰਗ ਤੇਜ਼ੀ ਨਾਲ ਉਠਾਈ ਜਾ ਰਹੀ ਹੈ। ਉਨ੍ਹਾਂ ਜ਼ਿਲ੍ਹੇ ਦੇ ਤਿੰਨਾਂ ਵਿਧਾਨਸਭਾ ਹਲਕਿਆਂ ਦੇ ਵਿਧਾਇਕਾਂ ਨੂੰ ਮਿਲ ਮੰਗ ਉਠਾਈ ਹੈ।
ਸਮਾਜਸੇਵੀ ਹਰਦੀਪ ਸਿੰਘ ਜਟਾਣਾ ਦਾ ਕਹਿਣਾ ਹੈ ਕਿ ਭਗਵੰਤ ਮਾਨ ਮੁੱਖ ਮੰਤਰੀ ਬਣੇ ਤਾਂ ਗੁਆਂਢੀ ਜ਼ਿਲ੍ਹੇ ਦੇ ਹੋਣ ਕਰਕੇ ਮਾਨਸਾ ਬਸ਼ਿੰਦਿਆਂ ਨੂੰ ਕਾਫ਼ੀ ਉਮੀਦਾਂ ਵੱਧ ਗਈਆਂ ਸਨ, ਪਰ ਸਿਹਤ ਸਹੂਲਤਾਂ ’ਚ ਅਜੇ ਕੋਈ ਜ਼ਿਆਦਾ ਫ਼ਾਇਦਾ ਲੋਕਾਂ ਨੂੰ ਨਹੀਂ ਮਿਲ ਰਿਹਾ। ਉਨ੍ਹਾਂ ਕਿਹਾ ਕਿ ਪਰਜਾ ਮੰਡਲ ਲਹਿਰ ਦੇ ਮੋਢੀ ਕਾਮਰੇਡ ਜੰਗੀਰ ਸਿੰਘ ਜੋਗਾ ਵੱਲੋਂ 1974 ‘ਚ ਵਿਧਾਇਕ ਹੋਣ ਸਮੇਂ ਖਿਆਲਾ ਕਲਾਂ ’ਚ ਇਸ ਜਗ੍ਹਾ ਦੀ ਚੋਣ ਕੀਤੀ ਗਈ ਸੀ ਅਤੇ ਲੋਕਾਂ ਦੀ ਸਹੂਲਤ ਲਈ ਵਧੀਆ ਸੀਐਚਸੀ ਹੁਣ ਖਿਆਲਾ ਕਲਾਂ ਹੈ। ਪਰ ਇਹ ਅਪਗ੍ਰੇਡ ਨਹੀਂ ਹੋ ਸਕਿਆ। ਤਿੰਨੇ ਵਿਧਾਨ ਸਭਾ ਹਲਕਿਆਂ ਦੇ 72 ਪਿੰਡਾਂ, ਅੱਧਾ ਮਾਨਸਾ ਸ਼ਹਿਰ ਅਤੇ ਹਰ ਰੋਜ਼ ਸੜਕ ਤੋਂ ਗੁਜ਼ਰਦੇ ਇੱਕ ਲੱਖ ਤੋਂ ਜ਼ਿਆਦਾ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾ ਸਕਣ ਵਾਲਾ ਹਸਪਤਾਲ 52 ਸਾਲਾਂ ਬਾਅਦ ਵੀ ਪਦ ਉੱਨਤ ਨਹੀਂ ਕੀਤਾ ਗਿਆ। ਮਰੀਜ਼ਾਂ ਅਤੇ ਹਾਦਸਿਆਂ ਦਾ ਸ਼ਿਕਾਰ ਲੋਕਾਂ ਦੇ ਮੱਦਦਗਾਰ ਇਲਾਜ ਹੋ ਜਾਣ ਦੀ ਆਸ ਨਾਲ ਖਿਆਲਾ ਕਲਾਂ ਦੇ ਹਸਪਤਾਲ ਤੱਕ ਪੁੱਜਦੇ ਹਨ, ਪਰ ਸਹੂਲਤਾਂ ਦੀ ਘਾਟ ਕਾਰਨ ਸਿਰਫ਼ ਮੱਲ੍ਹਮ ਪੱਟੀ ਕਰਵਾ ਮਜ਼ਬੂਰਨ ਮੁੜ ਕਿਸੇ ਵੱਡੇ ਹਸਪਤਾਲ ਵੱਲ ਰਵਾਨਾ ਹੁੰਦੇ ਹਨ। ਪਰ ਰਸਤੇ ਵਿੱਚ ਹੀ ਸਾਹ ਛੱਡ ਜਾਂਦੇ ਹਨ। ਉਨ੍ਹਾਂ ਕਿਹਾ ਕਿ ਭਾਵੇਂ ਮਾਨਸਾ ਸ਼ਹਿਰ ਦੇ ਅੰਦਰ ਕ੍ਰਿਟੀਕਲ ਕੇਅਰ ਯੂਨਿਟ ਉਸਾਰੀ ਅਧੀਨ ਹੈ, ਪਰ ਟ੍ਰੈਫ਼ਿਕ ਦੀ ਵੱਡੀ ਸਮੱਸਿਆ ਕਾਰਨ ਆਮ ਲੋਕ ਫ਼ਿਰ ਮੁਸ਼ਕਿਲ ’ਚ ਹੋਣਗੇ। ਇਸ ਕਾਰਨ ਨੈਸ਼ਨਲ ਹਾਈਵੇ ’ਤੇ ਸੀਐਚਸੀ ਵਿੱਚ ‘‘ਟਰੌਮਾ ਸੈਂਟਰ’’ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ।
ਮੁਸਲਿਮ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਹੰਸ ਰਾਜ ਮੋਫ਼ਰ ਨੇ ਕਿਹਾ ਕਿ ਭਾਵੇਂ ਮਾਨਸਾ ਸ਼ਹਿਰ ਵਿੱਚ ਸਿਵਲ ਹਸਪਤਾਲ ਬਣਿਆ ਹੋਇਆ ਹੈ, ਪਰ ਉਥੇ ਸਹੂਲਤਾਂ ਦੀ ਘਾਟ ਹੈ। ਜੇਕਰ ਨੈਸ਼ਨਲ ਹਾਈਵੇ ’ਤੇ ਕੋਈ ਹਾਦਸਾ ਹੋ ਜਾਂਦਾ ਹੈ ਤਾਂ ਪੀੜ੍ਹਤ ਜਾਂ ਜ਼ਖਮੀ ਦੀ ਮਦਦ ਕਰਨ ਵਾਲੇ ਵਿਅਕਤੀ ਨੂੰ ਮਾਨਸਾ ਹਸਪਤਾਲ ’ਚ ਲਿਜਾਂਦੇ ਹਨ, ਪਰ ਉਥੇ ਕੋਈ ਜ਼ਿਆਦਾ ਸਹੂਲਤਾਂ ਨਾ ਹੋਣ ਕਾਰਨ ਫ਼ਿਰ ਬਜ਼ਾਰ ਵਿੱਚੋਂ ਵਾਪਸ ਆਉਣ ਲਈ ਸਮਾਂ ਲੱਗਦਾ ਹੈ। ਫ਼ਿਰ ਬਠਿੰਡਾ, ਪਟਿਆਲਾ ਜਾਂ ਚੰਡੀਗੜ੍ਹ ਲਿਜਾਂਦਿਆਂ ਨੂੰ ਕਈ ਘੰਟਿਆਂ ਵਿੱਚ ਮਰੀਜ਼ ਜ਼ਿੰਦਗੀ ਅਤੇ ਮੌਤ ਨਾਲ ਜੂਝਦਾ ਹੋਇਆ ਦਿਖਾਈ ਦਿੰਦਾ ਹੈ।
ਬਿੱਕਰ ਸਿੰਘ, ਧੰਨਾ ਮੱਲ ਗੋਇਲ ਦਾ ਆਖਣਾ ਹੈ ਕਿ ਭਵਾਨੀਗੜ੍ਹ ਤੋਂ ਲੈ ਬਠਿੰਡਾ ਤੱਕ 130 ਕਿੱਲੋਮੀਟਰ ਦੇ ਵਕਫ਼ੇ ਵਿੱਚ ਕੋਈ ‘‘ਟਰੌਮਾ ਸੈਂਟਰ’’ ਨਹੀਂ ਹੈ। ਇੱਕ ਲੱਖ ਤੋਂ ਜ਼ਿਆਦਾ ਵਿਅਕਤੀ ਰੋਜ਼ਾਨਾ ਨੈਸ਼ਨਲ ਹਾਈਵੇ ਤੋਂ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸੀਐਚਸੀ ਖਿਆਲਾ ਕਲਾਂ ਨੂੰ 9 ਏਕੜ ਜ਼ਮੀਨ ਪਿੰਡ ਦੀ ਪੰਚਾਇਤ ਨੇ ਦਿੱਤੀ ਹੋਈ ਹੈ, ਪਰ ਅਧੁਨਿਕ ਸਹੂਲਤਾ ਨਹੀਂ। ਇਹ ਹਸਪਤਾਲ ਅੱਧੇ ਮਾਨਸਾ ਸ਼ਹਿਰ ਨੂੰ ਵੀ ਕਵਰ ਕਰਦਾ ਹੈ। ਕਰੋਨਾ ਵੇਲੇ ਥਰਮਲ ਬਣਾਂਵਾਲੀ ਤੇ ਹੋਰ ਆਸ ਪਾਸ ਪਿਡਾਂ ਦੇ ਲੋਕ ਅਤੇ ਮਾਨਸਾ ਸ਼ਹਿਰ ਚੋਂ ਵੀ ਜ਼ਿਆਦਾ ਤਰ ਲੋਕ ਇੱਥੇ ਆਉਂਦੇ ਸਨ ਕਿਉਂਕਿ ਹਸਪਤਾਲ ‘ਚ ਟ੍ਰੈਫ਼ਿਕ ਕਾਰਨ ਦਿੱਕਤ ਸੀ। ਬਰਸਾਤਾਂ ’ਚ ਅੰਡਰ ਬ੍ਰਿਜ ਬੰਦ ਹੋ ਜਾਂਦਾ ਹੈ ਅਤੇ ਓਵਰਬ੍ਰਿਜ ਤੋਂ ਜਾਣਾ ਵੀ ਔਖਾ ਹੈ। ਉਨ੍ਹਾਂ ਕਿਹਾ ਕਿ ਹੁਣ ਬਠਿੰਡਾ ਮਾਨਸਾ ਪਟਿਆਲਾ ਨੈਸ਼ਨਲ ਹਾਈਵੇ ਚਹੁੰ ਮਾਰਗੀ ਲਈ ਵੀ ਮਨਜ਼ੂਰ ਹੋ ਗਈ ਹੈ। ਜੇਕਰ ਦੇਖਿਆ ਜਾਵੇ ਤਾਂ ਫੈਮਿਲੀ ਪਲਾਨਿੰਗ ’ਚ ਇੰਡੀਆ ਪੱਧਰ ’ਤੇ ਪਹਿਲਾ ਇਨਾਮ ਹਾਸਲ ਇਹ ਸੀਐਚਸੀ ਕਰ ਚੁੱਕਿਆ ਹੈ।
ਆਈਐਮਏ ਦੇ ਪ੍ਰਧਾਨ ਡਾ. ਜਨਕ ਰਾਜ ਨੇ ਕਿਹਾ ਕਿ ਟਰੋਮਾ ਸੈਂਟਰ ਉਹ ਹੁੰਦਾ ਹੈ, ਜਿੱਥੇ ਹਾਦਸੇ ਤੋਂ ਬਾਅਦ ਮਰੀਜ਼ ਨੂੰ ਤੁਰੰਤ ਹਰ ਤਰ੍ਹਾਂ ਦੀ ਐਮਰਜੈਂਸੀ ਸਹੂਲਤ ਮਿਲ ਸਕੇ। ਉਨ੍ਹਾਂ ਕਿਹਾ ਕਿ ਮਾਨਸਾ ਵਿੱਚ ਅਜੇ ਤੱਕ ਮੁੱਖ ਸੜਕ ’ਤੇ ਸਥਿਤ ਅਜਿਹਾ ਟਰੌਮਾ ਸੈਂਟਰ ਨਹੀਂ ਹੈ, ਜਿਸ ਨਾਲ ਕੀਮਤੀ ਸਮੇਂ ਦੀ ਬਚਤ ਹੋ ਸਕੇ। ਕੋਈ ਹਾਦਸਾ ਹੁੰਦਾ ਹੈ ਤਾਂ ‘‘ਟਰੌਮਾ ਸੈਂਟਰ’’ ਪਹੁੰਚਣ ’ਤੇ ਘੱਟ ਸਮਾਂ ਲੱਗਣਾ ਚਾਹੀਦਾ ਹੈ, ਪਰ ਜੇਕਰ ਸ਼ਹਿਰ ਦੇ ਅੰਦਰ ਆਉਣਾ ਪਵੇ ਅਤੇ ਫ਼ਿਰ ਇੱਥੋਂ ਰੈਫ਼ਰ ਕਰ ਦਿੱਤਾ ਜਾਵੇ ਤਾਂ ਬਹੁਤ ਉਲਝਣ ਬਾਜ਼ੀ ਕਰਕੇ ਮਰੀਜ਼ ਦੀ ਜਾਨ ਖ਼ਤਰੇ ’ਚ ਪੈ ਜਾਂਦੀ ਹੈ। ਇਸ ਲਈ ਮੰਗ ਪੂਰ੍ਹੀ ਹੋਣੀ ਚਾਹੀਦੀ ਹੈ।
ਬਾਕਸ
ਟਰੌਮਾ ਸੈਂਟਰ ਦੇ ਸਬੰਧ ‘ਚ ਪਿੰਡਾਂ ਵਿੱਚ ਹੋ ਰਹੀਆਂ ਹਨ ਮੀਟਿੰਗਾਂ
‘ਟਰੌਮਾ ਸੈਂਟਰ’ ਦੀ ਮੰਗ ਨੂੰ ਲੈ ਕੇ ਭੁਪਾਲ ਕਲਾਂ, ਭੁਪਾਲ ਖੁਰਦ, ਅਤਲਾ ਕਲਾਂ, ਅਤਲਾ ਖੁਰਦ, ਅਲੀਸ਼ੇਰ ਕਲਾਂ,ਤਾਮਕੋਟ, ਭੈਣੀ ਬਾਘਾ , ਕੋਟੜਾ ਕਲਾਂ, ਗੇਹਲੇ, ਗਾਗੋਵਾਲ , ਗੁਰਨੇ ਕਲਾਂ , ਨੰਗਲ ਕਲਾਂ, ਫਫੜੇ ਭਾਈਕੇ ਪਿੰਡਾਂ ਵਿੱਚ ਜਨਤਕ ਇਕੱਠ ਵੀ ਕੀਤੇ ਗਏ ਹਨ ਅਤੇ ਲੋਕਾਂ ਨਾਲ ਵਿਚਾਰ ਕਮੇਟੀ ਮੈਂਬਰਾਂ ਵੱਲੋਂ ਕੀਤੇ ਜਾ ਰਹੇ ਹਨ।
ਵਿਧਾਇਕਾਂ ਨੂੰ ਦਿੱਤੇ ਗਏ ਹਨ ਮੰਗ ਪੱਤਰ
ਹਸਪਤਾਲ ਅੱਪਗ੍ਰੇਡ ਕਮੇਟੀ ਟੀਮ ਦੇ ਨੁਮਾਇੰਦਿਆਂ ਨੇ ਮਾਨਸਾ ਦੇ ਵਿਧਾਇਕ ਡਾਕਟਰ ਵਿਜੈ ਸਿੰਗਲਾ, ਬੁਢਲਾਡਾ ਦੇ ਪ੍ਰਿੰਸੀਪਲ ਬੁੱਧਰਾਮ , ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ, ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਚੁਸ਼ਪਿੰਦਰਬੀਰ ਸਿੰਘ ਚਹਿਲ ਨੂੰ ਮੰਗ ਪੱਤਰ ਦਿੱਤੇ ਹਨ। ਉਨ੍ਹਾਂ ਇਹ ਮੰਗ ਪੂਰ੍ਹੀ ਕਰਵਾਉਣ ਲਈ ਮੰਗ ਕੀਤੀ ਹੈ। ਡਾ. ਵਿਜੈ ਸਿੰਗਲਾ ਨੇ ਵਿਸ਼ਵਾਸ਼ ਦਿਵਾਇਆ ਕਿ ਉਹ ਮੁੱਖ ਮੰਤਰੀ ਪੰਜਾਬ ਅਤੇ ਸਿਹਤ ਮੰਤਰੀ ਪੰਜਾਬ ਨੂੰ ਨਿੱਜੀ ਤੌਰ ‘ਤੇ ਮਿਲਕੇ ਹਸਪਤਾਲ ਨੂੰ ਅੱਪਗ੍ਰੇਡ ਕਰਵਾਉਂਣ ਦੀ ਮੁਹਿੰਮ ਨੂੰ ਸਫ਼ਲ ਕਰਨਗੇ।
ਸ਼ਹਿਰ ‘ਚ ਬਣ ਰਿਹਾ ਕ੍ਰਿਟੀਕਲ ਕੇਅਰ ਯੂਨਿਟ : ਸਿਵਲ ਸਰਜਨ ਮਾਨਸਾ
ਸਿਵਲ ਸਰਜਨ ਮਾਨਸਾ ਡਾ. ਰਣਜੀਤ ਸਿੰਘ ਰਾਏ ਦਾ ਆਖਣਾ ਹੈ ਕਿ ਸ਼ਹਿਰ ਦੇ ਅੰਦਰ ਕ੍ਰਿਟੀਕਲ ਕੇਅਰ ਯੂਨਿਟ ਉਸਾਰੀ ਅਧੀਨ ਹੈ। ਇਸ ਵਿੱਚ ਸਹੂਲਤਾਂ ਲੋਕਾਂ ਨੂੰ ਮਿਲਣਗੀਆਂ ਅਤੇ ਇਹ ਜਲਦ ਤਿਆਰ ਹੋ ਜਾਵੇਗਾ। ਪਰ ਇਸ ਦੇ ਨਾਲ ਹੀ ‘ਟਰੌਮਾ ਸੈਂਟਰ’ ਬਣਵਾਉਣ ਸਬੰਧੀ ਮੰਗ ਪੱਤਰ ਉਕਤ ਕਮੇਟੀ ਮੈਂਬਰਾਂ ਵੱਲੋਂ ਦਿੱਤਾ ਗਿਆ। ਉਹ ਉਪਰ ਭੇਜ ਦਿੱਤਾ ਜਾਵੇਗਾ ।
ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ‘ਟਰੌਮਾ ਸੈਂਟਰ’ ਬਣਵਾਉਣ ਦੀ ਮੰਗ ਲਈ ਮਿਲਾਂਗੇ ਨਿੱਜੀ ਤੌਰ ’ਤੇ : ਵਿਧਾਇਕ ਪ੍ਰਿੰਸੀਪਲ ਬੁੱਧਰਾਮ
ਬੁਢਲਾਡਾ ਹਲਕੇ ਦੇ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ’ਟਰੌਮਾ ਸੈਂਟਰ’ ਬਣਵਾਉਣ ਦੀ ਮੰਗ ਨੂੰ ਲੈ ਕੇ ਨਿੱਜੀ ਤੌਰ ’ਤੇ ਮਿਲਾਂਗੇ। ਵਿਧਾਨਸਭਾ ’ਚ ਵੀ ਇਸ ਦੀ ਮੰਗ ਨੂੰ ਉਠਾਇਆ ਜਾਵੇਗਾ। ਮਾਨਸਾ ਜ਼ਿਲ੍ਹੇ ਦੀ ਇਹ ਵੱਡੀ ਅਤੇ ਜਾਇਜ਼ ਮੰਗ ਹੈ।