ਵਿਧਾਇਕ ਬਣਾਂਵਾਲੀ ਨੇ ਸੀਐੱਮ ਦੀ ਰੈਲੀ ਵਾਲੀ ਥਾਂ ਦਾ ਕੀਤਾ ਨਿਰੀਖਣ
ਪੰਜਾਬ ਸਰਕਾਰ ਵੱਲੋਂ ਸਿੱਖਿਆ ਅਤੇ ਰੁਜ਼ਗਾਰ
Publish Date: Mon, 23 Feb 2026 07:05 PM (IST)
Updated Date: Tue, 24 Feb 2026 04:10 AM (IST)
-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਰੱਖਣਗੇ ਆਈਟੀਆਈ ਦਾ ਨੀਂਹ ਪੱਥਰ
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਪੰਜਾਬ ਸਰਕਾਰ ਵੱਲੋਂ ਸਿੱਖਿਆ ਤੇ ਰੁਜ਼ਗਾਰ ਦੇ ਖੇਤਰ ਵਿਚ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਹਲਕਾ ਸਰਦੂਲਗੜ੍ਹ ਦੇ ਬਲਾਕ ਝੁਨੀਰ ਵਿਖੇ ਬਣਨ ਵਾਲੀ ਨਵੀਂ ਸਰਕਾਰੀ ਆਈਟੀਆਈ ਦਾ ਨੀਂਹ ਪੱਥਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 24 ਫ਼ਰਵਰੀ ਨੂੰ ਰੱਖਿਆ ਜਾ ਰਿਹਾ ਹੈ। ਪੰਜਾਬੀ ਯੂਨੀਵਰਸਿਟੀ ਬਾਬਾ ਧਿਆਨ ਦਾਸ ਨੇਬਰਹੁੱਡ ਕੈਂਪਸ ’ਚ ਕਰਵਾਏ ਜਾਣ ਵਾਲੇ ਇਸ ਸੂਬਾ ਪੱਧਰੀ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਵਿਧਾਇਕ ਸਰਦੂਲਗੜ੍ਹ ਗੁਰਪ੍ਰੀਤ ਸਿੰਘ ਬਣਾਂਵਾਲੀ, ਡੀਆਈਜੀ ਹਰਜੀਤ ਸਿੰਘ, ਡਿਪਟੀ ਕਮਿਸ਼ਨਰ ਨਵਜੋਤ ਕੌਰ ਤੇ ਐੱਸਐੱਸਪੀ ਭਾਗੀਰਥ ਸਿੰਘ ਮੀਨਾ ਵੱਲੋਂ ਵਿਸ਼ੇਸ਼ ਤੌਰ 'ਤੇ ਸਮਾਗਮ ਵਾਲੀ ਥਾਂ ਦਾ ਦੌਰਾ ਕੀਤਾ ਗਿਆ। ਵਿਧਾਇਕ ਬਣਾਂਵਾਲੀ ਨੇ ਕਿਹਾ ਕਿ ਇਹ ਆਈਟੀਆਈ ਇਲਾਕੇ ਦੇ ਨੌਜਵਾਨਾਂ ਲਈ ਤਕਨੀਕੀ ਸਿੱਖਿਆ ਦੇ ਨਵੇਂ ਰਾਹ ਖੋਲ੍ਹੇਗੀ। ਡੀਆਈਜੀ ਹਰਜੀਤ ਸਿੰਘ ਤੇ ਐੱਸਐੱਸਪੀ ਭਾਗੀਰਥ ਸਿੰਘ ਮੀਨਾ ਨੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਪੁਲਿਸ ਅਧਿਕਾਰੀਆਂ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ। ਡੀਸੀ ਨਵਜੋਤ ਕੌਰ ਨੇ ਵੱਖ-ਵੱਖ ਵਿਭਾਗਾਂ ਨੂੰ ਸਮਾਗਮ ਦੇ ਪ੍ਰਬੰਧ ਸਮੇਂ ਸਿਰ ਮੁਕੰਮਲ ਕਰਨ ਅਤੇ ਆਮ ਲੋਕਾਂ ਦੀ ਸਹੂਲਤ ਲਈ ਪੁਖ਼ਤਾ ਇੰਤਜ਼ਾਮ ਕਰਨ ਦੇ ਹੁਕਮ ਦਿੱਤੇ। ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕਿਹਾ ਕਿ ਸਾਡੀ ਸਰਕਾਰ ਦਾ ਮੁੱਖ ਉਦੇਸ਼ ਪੰਜਾਬ ਦੇ ਨੌਜਵਾਨਾਂ ਨੂੰ ਹੱਥੀਂ ਹੁਨਰ ਸਿਖਾ ਕੇ ਰੁਜ਼ਗਾਰ ਦੇ ਕਾਬਲ ਬਣਾਉਣਾ ਹੈ। ਇਹ ਆਈ.ਟੀ.ਆਈ. ਸਰਦੂਲਗੜ੍ਹ ਹਲਕੇ ਲਈ ਇਕ ਵੱਡਾ ਤੋਹਫ਼ਾ ਸਾਬਤ ਹੋਵੇਗੀ। ਸਮਾਗਮ ਦੌਰਾਨ ਲੋਕਾਂ ਦੀ ਆਮਦ ’ਤੇ ਗੱਡੀਆਂ ਦੀ ਪਾਰਕਿੰਗ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਆਮ ਜਨਤਾ ਨੂੰ ਕੋਈ ਦਿੱਕਤ ਨਾ ਆਵੇ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਉੱਚ ਅਧਿਕਾਰੀ ਤੇ ਪਾਰਟੀ ਦੇ ਆਗੂ ਵੀ ਮੌਜੂਦ ਸਨ।