ਖਿਆਲਾ ਟਰੋਮਾ ਸੈਂਟਰ ਦਾ ਮੁੱਦਾ ਜਿਉਂ ਦਾ ਤਿਉਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ
Publish Date: Tue, 06 Oct 2026 05:02 PM (IST)
Updated Date: Tue, 06 Oct 2026 05:05 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੱਲ੍ਹ ਮਾਨਸਾ ਜ਼ਿਲ੍ਹੇ ਦੇ ਫੱਤਾ ਮਾਲੋਕਾ ਵਿਖੇ ਕੀਤੇ ਗਏ ਦੌਰੇ ਨੂੰ ਜ਼ਿਲ੍ਹਾ ਮਾਨਸਾ ਦੇ ਲੋਕਾਂ ਲਈ ਬੇਹੱਦ ਨਿਰਾਸ਼ਾਜਨਕ ਕਰਾਰ ਦਿੰਦਿਆਂ ਐਡਵੋਕੇਟ ਗੁਰਪ੍ਰੀਤ ਸਿੰਘ ਵਿੱਕੀ, ਸਾਬਕਾ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਮਾਨਸਾ ਨੇ ਕਿਹਾ ਕਿ ਲੋਕਾਂ ਨੂੰ ਮੁੱਖ ਮੰਤਰੀ ਤੋਂ ਵੱਡੀਆਂ ਉਮੀਦਾਂ ਸਨ, ਪਰ ਦੌਰੇ ਦੌਰਾਨ ਜ਼ਿਲ੍ਹੇ ਦੀਆਂ ਅਹਿਮ ਅਤੇ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਨੂੰ ਅਣਗੌਲਿਆ ਕੀਤਾ ਗਿਆ। ਐਡਵੋਕੇਟ ਵਿੱਕੀ ਨੇ ਕਿਹਾ ਕਿ ਪਿੰਡ ਖਿਆਲਾ ਵਿਖੇ ਟਰੌਮਾ ਸੈਂਟਰ ਦੀ ਸਥਾਪਨਾ ਮਾਨਸਾ ਜ਼ਿਲ੍ਹੇ ਦੇ ਲੋਕਾਂ ਦੀਆਂ ਸਭ ਤੋਂ ਅਹਿਮ ਮੰਗਾਂ ਵਿਚੋਂ ਇਕ ਹੈ। ਸੜਕ ਹਾਦਸਿਆਂ ਅਤੇ ਹੋਰ ਐਮਰਜੈਂਸੀ ਹਾਲਾਤਾਂ ਵਿੱਚ ਸਮੇਂ ਸਿਰ ਇਲਾਜ ਦੀ ਸਹੂਲਤ ਨਾ ਹੋਣ ਕਾਰਨ ਲੋਕਾਂ ਨੂੰ ਗੰਭੀਰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੇ ਬਾਵਜੂਦ ਮੁੱਖ ਮੰਤਰੀ ਦੇ ਦੌਰੇ ਦੌਰਾਨ ਮਹੱਤਵਪੂਰਨ ਮੰਗ ’ਤੇ ਕੋਈ ਠੋਸ ਐਲਾਨ ਨਾ ਹੋਣਾ ਬੇਹੱਦ ਨਿਰਾਸ਼ਾਜਨਕ ਹੈ। ਉਨ੍ਹਾਂ ਕਿਹਾ ਕਿ ਮਾਨਸਾ ਦੇ ਲੋਕਾਂ ਨੂੰ ਉਮੀਦ ਸੀ ਕਿ ਮੁੱਖ ਮੰਤਰੀ ਜ਼ਿਲ੍ਹੇ ਲਈ ਕੋਈ ਵੱਡਾ ਵਿਕਾਸ ਪੈਕੇਜ਼ ਜਾਂ ਲੋਕਾਂ ਦੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਦੇ ਹੱਲ ਦਾ ਐਲਾਨ ਕਰਨਗੇ, ਪਰ ਇਸ ਦੀ ਬਜਾਏ ਫੱਤਾ ਮਾਲੋਕਾ ਵਿਖੇ ਆ ਕੇ ਵਿਰੋਧੀ ਪਾਰਟੀਆਂ ’ਤੇ ਚੁਟਕਲੇ ਕੱਸਣ ਅਤੇ ਸਿਆਸੀ ਗੱਲਾਂ ਕਰਨ ਨੂੰ ਹੀ ਤਰਜੀਹ ਦਿੱਤੀ ਗਈ। ਮਾਨਸਾ ਦੇ ਲੋਕਾਂ ਨੂੰ ਹੁਣ ਸਿਆਸੀ ਜੁਮਲੇ ਜਾਂ ਹਾਸੇ - ਮਜ਼ਾਕ ਨਹੀਂ, ਸਗੋਂ ਟਰੌਮਾ ਸੈਂਟਰ ਸਮੇਤ ਆਪਣੀਆਂ ਜਾਇਜ਼ ਮੰਗਾਂ ’ਤੇ ਠੋਸ ਫ਼ੈਸਲੇ ਤੇ ਜ਼ਮੀਨੀ ਪੱਧਰ ’ਤੇ ਕੰਮ ਚਾਹੀਦਾ ਹੈ। ਮੁੱਖ ਮੰਤਰੀ ਦਾ ਕੱਲ੍ਹ ਦਾ ਦੌਰਾ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਨਹੀਂ ਉਤਰਿਆ।”