ਤੇਲ ਬੀਜ ਫ਼ਸਲਾਂ ਦੀ ਕਾਸ਼ਤ ਤੇ ਫ਼ਸਲੀ ਵਿਭਿੰਨਤਾ ’ਚ ਕਿਸਾਨ ਯੋਗਦਾਨ ਪਾਉਣ : ਖੇਤੀ ਅਫ਼ਸਰ
ਖੇਤੀਬਾੜੀ ਅਤੇ ਕਿਸਾਨ
Publish Date: Wed, 18 Feb 2026 06:51 PM (IST)
Updated Date: Thu, 19 Feb 2026 04:07 AM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਸਬੰਧੀ ਤੇਲਬੀਜ਼ ਫ਼ਸਲਾਂ ਦੀ ਕਾਸ਼ਤ ਸਬੰਧੀ ਤਕਨੀਕੀ ਸਿਖਲਾਈ ਸੈਸ਼ਨ ਦੀ ਸਮਾਪਤੀ ਹੋਈ। ਮੁੱਖ ਖੇਤੀਬਾੜੀ ਅਫ਼ਸਰ ਹਰਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਸਿਖਲਾਈ ਸੈਸ਼ਨ ਦੌਰਾਨ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਸਾਇੰਸਦਾਨ, ਨਬਾਰਡ, ਬੀਰੋਕੇ ਨੈਚੁਰਲ ਫ਼ਾਰਮ ਦੇ ਨੁਮਾਇੰਦੇ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਕਰੀਬ 600 ਕਿਸਾਨਾਂ ਨੂੰ ਦੋ ਸੈਸ਼ਨਾਂ ਰਾਹੀਂ ਤੇਲਬੀਜ਼ ਫ਼ਸਲਾਂ ਬਾਰੇ ਤਕਨੀਕੀ ਜਾਣਕਾਰੀ ਦਿੱਤੀ ਗਈ। ਫ਼ਸਲੀ ਵਿਭਿੰਨਤਾ ਵਿੱਚ ਤੇਲਬੀਜ ਫ਼ਸਲਾਂ ਦਾ ਬਹੁਤ ਵੱਡਾ ਰੋਲ ਹੈ, ਜੋ ਕਿ ਅੱਜ ਦੇ ਸਮੇਂ ਵਿੱਚ ਆਮਦਨ ਦਾ ਵਧੀਆ ਸਰੋਤ ਹੈ। ਉਨ੍ਹਾਂ ਸਰ੍ਹੋਂ ਦੀ ਕਾਸ਼ਤ ਸਬੰਧੀ ਉਪਲੱਬਧ ਵੱਖ ਵੱਖ ਵਰਾਇਟੀਆਂ ਅਤੇ ਵੱਖ ਵੱਖ ਤਰੀਕਿਆਂ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਕਿ ਭਾਰਤ ਹੋਰਨਾਂ ਦੇਸ਼ਾਂ ਤੋਂ ਸਰ੍ਹੋਂ ਦੇ ਤੇਲ ਦੀ ਖ਼ਰੀਦ ਕਰਦਾ ਹੈ, ਜੇਕਰ ਇੱਥੋਂ ਦਾ ਕਿਸਾਨ ਇਸ ਫ਼ਸਲ ਨੂੰ ਅਪਣਾ ਲਏ ਤਾਂ ਉਹ ਆਪਣੀ ਆਮਦਨ ਵਿੱਚ ਵੀ ਵਾਧਾ ਕਰ ਸਕਦਾ ਹੈ। ਇਸ ਲਈ ਸਾਰੇ ਕਿਸਾਨਾਂ ਨੂੰ ਇਸ ਫ਼ਸਲ ਨੂੰ ਅਪਣਾਉਣਾ ਚਾਹੀਦਾ ਹੈ। ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਡਾ. ਅਜੀਤਪਾਲ ਸਿੰਘ ਨੇ ਦੱਸਿਆ ਕਿ ਜੋ ਸਿਖਲਾਈ ਸੈਸ਼ਨ ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਹੁੰਦੇ ਹਨ। ਕਿਸਾਨ ਉਨ੍ਹਾਂ ਦਾ ਲਾਹਾ ਲੈ ਸਕਦੇ ਹਨ। ਸਕੀਮ ਇੰਚਾਰਜ ਮਨਪ੍ਰੀਤ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ ਨੇ ਦੱਸਿਆ ਕਿ ਕਿਸਾਨ ਉਤਪਾਦਕ ਸੰਗਠਨ (ਐੱਫ.ਪੀ.ਓ.) ਮਾਨਸਾ ਵਿੱਚ ਲਗਭਗ 600 ਕਿਸਾਨਾਂ ਦਾ ਸਮੂਹ ਬਣਾਇਆ ਗਿਆ ਹੈ। ਖੇਤੀਬਾੜੀ ਵਿਭਾਗ, ਮਾਨਸਾ ਵੱਲੋਂ ਇਸ ਸਮੂਹ ਨੂੰ ਸਰ੍ਹੋਂ ਦੀ ਕਾਸ਼ਤ ਦੇ ਸਬੰਧ ਵਿੱਚ ਪ੍ਰੋਸੈਸਿੰਗ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਭਾਗ, ਪੰਜਾਬ ਵੱਲੋਂ ਇਸ ਗਰੁੱਪ ਨੂੰ ਸਬਸਿਡੀ ਦੇ ਤੌਰ ਤੇ ਸਾਢੇ ਨੌ ਲੱਖ ਰੁਪਏ ਮਾਲੀ ਸਹਾਇਤਾ ਦਿੱਤੀ ਗਈ ਹੈ, ਤਾਂ ਜੋ ਇਹ ਸਮੂਹ ਸਰ੍ਹੋਂ ਦੀ ਪੈਦਾਵਾਰ ਨੂੰ ਸਮੁੱਚੇ ਢੰਗ ਨਾਲ ਪ੍ਰੋਸੈਸਿੰਗ ਕਰਕੇ ਖੁਦ ਮੰਡੀਕਰਨ ਕਰ ਸਕੇ। ਸਿਖਲਾਈ ਸੈਸ਼ਨ ਦੌਰਾਨ ਚਮਨਦੀਪ ਸਿੰਘ, ਡਿਪਟੀ ਪ੍ਰੋਜੈਕਟ ਡਾਇਰੈਕਟਰ (ਆਤਮਾ) ਵੱਲੋਂ ਐੱਫ.ਪੀ.ਓ. ਦੇ ਫਾਇਦਿਆਂ ਤੋਂ ਇਲਾਵਾ ਇਸਦੇ ਨਿਯਮਾਂ ਸਬੰਧੀ ਜਾਣਕਾਰੀ ਦਿੱਤੀ ਗਈ। ਡਾ. ਰਣਵੀਰ ਸਿੰਘ, ਸਹਾਇਕ ਪ੍ਰੋਫੈਸਰ, ਕ੍ਰਿਸ਼ੀ ਵਿਗਿਆਨ ਕੇਂਦਰ ਮਾਨਸਾ, ਅਮਨਦੀਪ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ, ਗੁਰਵੀਰ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ, ਗੁਰਬਖਸ਼ ਸਿੰਘ, ਖੇਤੀਬਾੜੀ ਉੱਪ ਨਿਰੀਖਕ ਅਤੇ ਕਮਲਦੀਪ ਸਿੰਘ, ਏਟੀਐੱਮ ਆਦਿ ਨੇ ਵੀ ਕਿਸਾਨਾਂ ਨਾਲ ਤੇਲਬੀਜ ਫਸਲਾਂ ਸਬੰਧੀ ਆਪਣੇ ਤਜ਼ਰਬੇ ਸਾਂਝੇ ਕੀਤੇ।