ਪੁਸਤਕ 'ਮੇਰਾ ਮੁਝ ਮੇਂ ਕਿਛੁ ਨਾਹੀ' ਕੀਤੀ ਲੋਕ ਅਰਪਣ ਸੀਪੀਆਈ (ਐਮ ਐਲ) ਲਿਬਰੇਸ਼ਨ ਦੇ ਸੀਨੀਅਰ
Publish Date: Fri, 30 Oct 2026 04:51 PM (IST)
Updated Date: Sat, 31 Oct 2026 04:02 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਮਾਨਸਾ : ਸੀਪੀਆਈ (ਐੱਮਐੱਲ) ਲਿਬਰੇਸ਼ਨ ਦੇ ਸੀਨੀਅਰ ਆਗੂ ਕਾਮਰੇਡ ਨਛੱਤਰ ਸਿੰਘ ਖੀਵਾ ਦੇ ਜੀਵਨ ਬਿਰਤਾਂਤ ‘ਤੇ ਆਧਾਰਿਤ ਕਿਤਾਬ ਮੇਰਾ ਮੁਝ ਮੇਂ ਕਿਛੁ ਨਾਹੀ ਇਥੇ ਆਰਐਮਪੀਆਈ ਦੇ ਪ੍ਰਮੁੱਖ ਆਗੂ ਅਤੇ ਖੀਵਾ ਜੀ ਦੇ ਅਧਿਆਪਕ ਤੇ ਗਰਾਂਈ ਕਾਮਰੇਡ ਛੱਜੂ ਰਾਮ ਰਿਸ਼ੀ ਵੱਲੋਂ ਲੋਕ ਅਰਪਣ ਕੀਤੀ ਗਈ। ਬਾਬਾ ਬੂਝਾ ਸਿੰਘ ਯਾਦਗਾਰ ਭਵਨ ਮਾਨਸਾ ਵਿਖੇ ਹੋਏ ਇਸ ਸੰਖੇਪ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਕਾਮਰੇਡ ਰਿਸ਼ੀ ਨੇ ਨਛੱਤਰ ਸਿੰਘ ਖੀਵਾ ਦੇ ਜੀਵਨ ਬਾਰੇ ਤੇ ਪ੍ਰੋਫੈਸਰ ਬੀ ਅਲੈਕਸੇਈ ਵੱਲੋਂ ਉਨ੍ਹਾਂ ਦੇ ਜੀਵਨ ਤੇ ਇਨਕਲਾਬੀ ਘਾਲਣਾ ਬਾਰੇ ਸੰਪਾਦਿਤ ਕੀਤੀ। ਇਸ ਕਿਤਾਬ ਬਾਰੇ ਸੰਖੇਪ ਜਾਣਕਾਰੀ ਦਿੱਤੀ। ਇਸ ਮੌਕੇ ਕਾਮਰੇਡ ਰਾਜਵਿੰਦਰ ਸਿੰਘ ਰਾਣਾ, ਲਿਬਰੇਸ਼ਨ ਦੇ ਸੂਬਾਈ ਆਗੂ ਕਾਮਰੇਡ ਸੁਰਿੰਦਰ ਪਾਲ ਸ਼ਰਮਾ, ਜਸਬੀਰ ਕੌਰ ਨੱਤ, ਆਲ ਇੰਡੀਆ ਕਿਸਾਨ ਮਹਾਂਸਭਾ ਦੀ ਸੂਬਾ ਇਕਾਈ ਦੇ ਸੀਨੀਅਰ ਮੀਤ ਪ੍ਰਧਾਨ ਗੁਰਜੰਟ ਸਿੰਘ ਮਾਨਸਾ, ਕਿਸਾਨ ਆਗੂ ਕਰਨੈਲ ਸਿੰਘ ਮਾਨਸਾ, ਸੁਖਚਰਨ ਸਿੰਘ ਦਾਨੇਵਾਲਾ, ਸਾਧੂ ਸਿੰਘ ਬੁਰਜ ਢਿੱਲਵਾਂ, ਨਰਿੰਦਰ ਕੌਰ ਬੁਰਜ ਹਮੀਰਾ, ਪਾਰਟੀ ਦੇ ਬਜ਼ੁਰਗ ਆਗੂ ਮੁਖਤਿਆਰ ਸਿੰਘ ਕੁਲੈਹਰੀ ਵੀ ਮੌਜੂਦ ਸਨ। ਜ਼ਿਕਰਯੋਗ ਹੈ ਕਿ ਇਸ ਕਿਤਾਬ ਵਿੱਚ ਕਾਮਰੇਡ ਖੀਵਾ ਵਲੋਂ ਇਨਕਲਾਬੀ ਲਹਿਰ ਵਿੱਚ ਪਾਏ ਯੋਗਦਾਨ ਬਾਰੇ ਸੀਪੀਆਈ ਐੱਮਐੱਲ ਲਿਬਰੇਸ਼ਨ ਦੇ ਜਨਰਲ ਸਕੱਤਰ ਕਾਮਰੇਡ ਦੀਪਾਂਕਰ ਭੱਟਾਚਾਰੀਆ, ਕੇਂਦਰੀ ਕਮੇਟੀ ਵੱਲੋਂ ਪੰਜਾਬ ਦੇ ਇੰਚਾਰਜ ਕਾਮਰੇਡ ਪ੍ਰਸ਼ੋਤਮ ਸ਼ਰਮਾ ਅਤੇ ਸੁਖਦਰਸ਼ਨ ਸਿੰਘ ਨੱਤ ਸਮੇਤ ਪਾਰਟੀ ਦੇ ਕਈ ਸੂਬਾਈ ਅਤੇ ਜ਼ਿਲ੍ਹਾ ਪੱਧਰ ਦੇ ਆਗੂਆਂ, ਵਰਕਰਾਂ ਤੇ ਪਰਿਵਾਰਕ ਮੈਂਬਰਾਂ ਵਲੋਂ ਕਾਮਰੇਡ ਖੀਵਾ ਜੀ ਬਾਰੇ ਆਪੋ ਆਪਣੀਆਂ ਯਾਦਾਂ ਅਤੇ ਪ੍ਰਭਾਵ ਸਾਂਝੇ ਕੀਤੇ ਗਏ ਹਨ। ਕੁੱਝ ਯਾਦਗਾਰੀ ਤਸਵੀਰਾਂ ਤੋਂ ਇਲਾਵਾ ਕਾਮਰੇਡ ਖੀਵਾ ਦੀਆਂ ਆਪਣੀਆਂ ਕੁਝ ਲਿਖਤਾਂ ਵੀ ਕਿਤਾਬ ਵਿੱਚ ਸ਼ਾਮਲ ਹਨ।