ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ

-ਬੇਸਿਕ ਹੈਲਥ ਪ੍ਰੋਵਾਈਡਰਜ਼ ਵਜੋਂ ਸਿਖਲਾਈ ਦੇਣ ਦਾ ਮਿਲਿਆ ਭਰੋਸਾ : ਗੋਇਲ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ
ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਸੂਬਾਈ ਪ੍ਰਧਾਨ ਧੰਨਾ ਮੱਲ ਗੋਇਲ ਅਤੇ ਸਕੱਤਰ ਗੁਰਮੇਲ ਸਿੰਘ ਮਾਛੀਕੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 25 ਮਾਰਚ ਨੂੰ ਦੇਸ਼ ਭਰ ਦੇ ਤਜ਼ਰਬੇਕਾਰ ਅਣਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰਾਂ ਦੀਆਂ ਮੰਗਾਂ ਸਬੰਧੀ ਸਾਂਝੀ ਐਕਸ਼ਨ ਕਮੇਟੀ ਦੀ ਅਗਵਾਈ 'ਚ ਇੱਕ ਵਫ਼ਦ ਕੇਂਦਰੀ ਸਿਹਤ ਮੰਤਰੀ ਜਗਤ ਪ੍ਰਕਾਸ਼ ਨੱਢਾ ਨੂੰ ਨਿਰਧਾਰਿਤ ਮੀਟਿੰਗ ਅਨੁਸਾਰ ਪਾਰਲੀਮੈਂਟ ਹਾਊਸ ਨਵੀਂ ਦਿੱਲੀ ਵਿਖੇ ਮਿਲਿਆ। ਇਸ ਵਿਸ਼ੇਸ਼ ਮੀਟਿੰਗ ਦੌਰਾਨ ਐਕਸ਼ਨ ਕਮੇਟੀ ਦੀਆਂ ਮੁੱਖ ਮੰਗਾਂ 'ਤੇ ਵੱਖ-ਵੱਖ ਨੁਕਤਿਆਂ ਮੁਤਾਬਿਕ ਵਿਸਤਾਰਪੂਰਵਕ ਚਰਚਾ ਹੋਈ। ਐਕਸ਼ਨ ਕਮੇਟੀ ਨੇ ਪ੍ਰੈਕਟੀਸ਼ਨਰਜ਼ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ ਚਰਚਾ ਕਰਦਿਆਂ ਸਰਕਾਰੀ ਤੌਰ ’ਤੇ ਸਿਹਤ ਸੇਵਾਵਾਂ ਦੇ ਖੇਤਰ 'ਚ ਚੱਲ ਰਹੀਆਂ ਸੁਵਿਧਾਵਾਂ ਪਲਸ ਪੋਲੀਓ, ਪਰਿਵਾਰ ਨਿਯੋਜਨ, ਵੈਕਸੀਨੇਸਨ ਜੱਚਾ-ਬੱਚਾ ਦੀ ਸਿਹਤ ਸੰਭਾਲ ਆਦਿ ਪ੍ਰੋਗਰਾਮਾਂ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਵਿਸ਼ੇਸ਼ ਉਪਰਾਲਿਆਂ ਦੌਰਾਨ ਸਹਿਯੋਗ ਬਾਰੇ ਮੰਤਰੀ ਸਾਹਿਬ ਨੂੰ ਜਾਣੂ ਕਰਵਾਇਆ ਗਿਆ। ਇਸ ਤੋਂ ਇਲਾਵਾ ਦੇਸ਼ ਦੀ ਵੱਡੀ ਵੱਸੋਂ ਲਈ ਵਸੀਲਿਆਂ ਦੀ ਅਣਹੋਂਦ ਅਤੇ ਵੱਡੀ ਗਿਣਤੀ ’ਚ ਲੋਕਾਂ ਦੀ ਆਰਥਿਕ ਸਥਿਤੀ ਪ੍ਰਤੀਕੂਲ ਹੋਣ ਕਾਰਨ ਬੇਸਿਕ ਸਿਹਤ ਸੇਵਾਵਾਂ ਦੀ ਭਰਪਾਈ ਕਰਨ ਦੇ ਯਤਨਾਂ ਤੇ ਪ੍ਰਾਈਵੇਟ ਮਹਿੰਗੀਆਂ ਸਿਹਤ ਸੇਵਾਵਾਂ ਲੈਣ ਤੋਂ ਅਸਮੱਰਥ ਵੱਡੀ ਅਬਾਦੀ ਦੀ ਲੋੜ ਦੇ ਹਾਣੀ ਇਸ ਕਿੱਤੇ ਨਾਲ ਜੁੜੇ ਲੱਖਾਂ ਦੀ ਗਿਣਤੀ ਲੋਕਾਂ ਦੇ ਭਵਿੱਖ ਨੂੰ ਧਿਆਨ ਹਿੱਤ ਰੱਖਦਿਆਂ ਸਿਹਤ ਸੇਵਾਵਾਂ ਦੇ ਖੇਤਰ 'ਚ ਬਣੇ ਐਨ ਐਮ ਸੀ 2019 ਕਾਨੂੰਨ 'ਚ ਸੋਧ ਕਰਕੇ ਕਮਿਊਨਟੀ ਹੈਲਥ ਪ੍ਰੋਵਾਇਡਰ ਵਜੋਂ ਸਿਖਲਾਈ ਅਤੇ ਮਾਨਤਾ ਦੀ ਮੁੱਖ ਮੰਗ ਤੇ ਜ਼ੋਰ ਦਿੰਦਿਆਂ ਕਿਹਾ ਕਿ ਉਕਤ ਨੂੰ ਵੀ ਹੈਲਥ ਪ੍ਰੋਵਾਇਡਰਜ ਵਜੋਂ ਟ੍ਰੇਨਿੰਗ ਦੇ ਕੇ ਮਾਨਤਾ ਦੇਣ ਦੀ ਖੇਚਲ ਕੀਤੀ ਜਾਵੇ। ਆਗੂਆਂ ਨੇ ਦੱਸਿਆ ਕਿ ਮੀਟਿੰਗ ਬਹੁਤ ਹੀ ਖੁਸ਼ ਗਵਾਰ ਅਤੇ ਸੁਖਾਵੇਂ ਮਾਹੌਲ ਵਿੱਚ ਹੋਈ। ਮੀਟਿੰਗ 'ਚ ਕੇਂਦਰੀ ਸਿਹਤ ਮੰਤਰੀ ਦੇ ਨਾਲ ਕੇਂਦਰ ਦੇ ਸਿਵਲ ਐਵੀਏਸਨ ਮੰਤਰੀ ਸ੍ਰੀ. ਕਿਨਜਾਰਾਪੂ ਰਾਮ ਮੋਹਣ ਨਾਇਡੂ ਜੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ ਤੇ ਜਲਦੀ ਉਪਰੋਕਤ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਵੀ ਦਿੱਤਾ ਗਿਆ। ਇਸ ਸਮੇਂ ਆਂਧਰਾ, ਤੇਲਗਾਂਣਾ, ਪੰਜਾਬ, ਬਿਹਾਰ, ਹਰਿਆਣਾ, ਗੁਜਰਾਤ, ਉਤਰ ਪ੍ਰਦੇਸ਼, ਰਾਜਸਥਾਨ, ਮੱਧ ਪ੍ਰਦੇਸ਼ ਆਦਿ ਰਾਜਾਂ ਦੇ ਆਲ ਇੰਡੀਆ ਬੇਸਿਕ ਹੈਲਥ ਪ੍ਰੋਵਾਇਡਰਜ ਐਸੋਸੀਏਸ਼ਨ ਦੇ ਅਹੁਦੇਦਾਰਾਂ ’ਚੋਂ ਪ੍ਰਧਾਨ ਟੀ.ਡੀ ਜਨਾਰਦਨ, ਚੇਅਰਮੈਨ ਡਾ. ਜੀ.ਕੇ ਗੋਬਿੰਦਾ ਰੈਡੀ, ਵਾਇਸ ਚੇਅਰਮੈਨ, ਵਾਇਸ ਚੇਅਰਮੈਨ ਸ੍ਰੀ.ਆਂਸੂ ਤਿਵਾੜੀ, ਕਨਵੀਨਰ ਸ੍ਰੀ. ਵੀ.ਬੀ.ਟੀ ਰਾਜੂ, ਵਾਇਸ ਚੇਅਰਮੈਨ ਸ੍ਰੀ. ਸੀ.ਐਸ ਰਾਉ, ਵਾਇਸ ਚੇਅਰਮੈਨ ਸ੍ਰੀ. ੳ.ਪੀ ਮਿਸ਼ਰਾ ਸ੍ਰੀ.ਬਾਲਾ ਸ੍ਰੀਨਿਵਾਸੁ ਰਾਉ, ਸ੍ਰੀ. ਪੁਲਗਮ ਮੋਹਨ, ਸ੍ਰੀ . ਯੂ ਬਾਲਾ ਥਾਮੀ ਰਾਜੂ, ਸ੍ਰੀ. ਸੁਧਾਕਰ ਆਦਿ ਵੀ ਵਫ਼ਦ 'ਚ ਹਾਜ਼ਰ ਸਨ। ਇਸ ਮੌਕੇ ਆਗੂਆਂ ਨੇ ਸਿਹਤ ਮੰਤਰੀ ਅਤੇ ਸਿਵਲ ਐਵੀਏਸਨ ਮੰਤਰੀ ਦਾ ਧੰਨਵਾਦ ਕਰਦਿਆਂ ਉਮੀਦ ਪ੍ਰਗਟਾਈ ਕਿ ਐਕਸ਼ਨ ਕਮੇਟੀ ਦੀਆਂ ਮੰਗਾਂ ਮੰਤਰੀ ਸਾਹਿਬਾਨਾਂ ਵੱਲੋਂ ਜਲਦੀ ਪੂਰੀਆਂ ਕੀਤੀਆਂ ਜਾਣਗੀਆਂ। ਵਫ਼ਦ 'ਚ ਹੋਰਨਾਂ ਤੋਂ ਇਲਾਵਾ ਜੀਐੱਸ ਪ੍ਰਸ਼ਾਦ, ਗੁਰਮੇਲ ਸਿੰਘ ਮਾਛੀਕੇ, ਯੋਗੇਸ਼ ਜੈਸਵਾਲ, ਸਿਕਾਰਿਆ ਨਵੀਨ ਚੰਦਰਾ, ਆਦਿ ਵੀ ਸ਼ਾਮਲ ਸਨ।