ਸਾਬਕਾ ਸੈਨਿਕਾਂ ਦੀ ਏਕਤਾ ਅਤੇ ਭਲਾਈ ਲਈ ਮਿਲ ਕੇ ਕੰਮ ਕਰਨ ਦਾ ਸੱਦਾ, ਸੂਬੇਦਾਰ ਮੇਜਰ ਦਰਸ਼ਨ ਸਿੰਘ ਐਡਵੋਕੇਟ ਸਰਬਸੰਮਤੀ ਨਾਲ ਮੁੜ ਪ੍ਰਧਾਨ ਚੁਣੇ ਗਏ ਐਕਸ-ਸਰਵਿਸਮੈਨ ਵੈਲਫੇਅਰ ਐਸੋਸੀਏਸ਼ਨ ਐਕਸ-ਸਰਵਿਸਮੈਨ ਵੈਲਫੇਅਰ ਐਸੋਸੀਏਸ਼ਨ
Publish Date: Mon, 03 Aug 2026 05:20 PM (IST)
Updated Date: Mon, 03 Aug 2026 05:22 PM (IST)
ਪੱਤਰ ਪ੍ਰੇਰਕ ਪੰਜਾਬੀ ਜਾਗਰਣ ਮਾਨਸਾ ਐਕਸ-ਸਰਵਿਸਮੈਨ ਵੈਲਫੇਅਰ ਐਸੋਸੀਏਸ਼ਨ, ਮਾਨਸਾ ਦੀ ਅਹਿਮ ਮੀਟਿੰਗ ਦੌਰਾਨ ਐਸੋਸੀਏਸ਼ਨ ਦੇ ਪ੍ਰਧਾਨ ਸੂਬੇਦਾਰ ਮੇਜਰ ਦਰਸ਼ਨ ਸਿੰਘ ਐਡਵੋਕੇਟ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਦੀ ਇੱਛਾ ਜ਼ਾਹਰ ਕਰਦਿਆਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਐਸੋਸੀਏਸ਼ਨ ਵਿੱਚ ਨਵੇਂ ਅਤੇ ਯੋਗ ਸਾਬਕਾ ਸੈਨਿਕਾਂ ਨੂੰ ਵੀ ਅਗਵਾਈ ਕਰਨ ਦਾ ਮੌਕਾ ਮਿਲੇ ਤਾਂ ਜੋ ਉਹ ਵੀ ਆਪਣੀ ਯੋਗਤਾ, ਅਨੁਭਵ ਅਤੇ ਸੇਵਾ ਭਾਵਨਾ ਨਾਲ ਸੰਸਥਾ ਨੂੰ ਹੋਰ ਅੱਗੇ ਲੈ ਕੇ ਜਾ ਸਕਣ। ਹਾਲਾਂਕਿ ਮੀਟਿੰਗ ਵਿੱਚ ਹਾਜ਼ਰ ਸਮੂਹ ਸਾਬਕਾ ਸੈਨਿਕਾਂ ਨੇ ਉਨ੍ਹਾਂ ਵੱਲੋਂ ਨਿਰਸਵਾਰਥ ਭਾਵਨਾ ਨਾਲ ਨਿਭਾਈਆਂ ਗਈਆਂ ਸੇਵਾਵਾਂ, ਸਖ਼ਤ ਮਿਹਨਤ, ਹਰ ਵੇਲੇ ਸੈਨਿਕ ਭਾਈਚਾਰੇ ਦੇ ਕੰਮ ਆਉਣ ਅਤੇ ਦੁੱਖ-ਸੁੱਖ ਵਿੱਚ ਹਮੇਸ਼ਾ ਨਾਲ ਖੜ੍ਹੇ ਰਹਿਣ ਦੀ ਭਾਵਨਾ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਨੇ ਸਰਬਸੰਮਤੀ ਨਾਲ ਸੂਬੇਦਾਰ ਮੇਜਰ ਦਰਸ਼ਨ ਸਿੰਘ ਨੂੰ ਅਹੁਦੇ ਤੇ ਬਣੇ ਰਹਿਣ ਦੀ ਅਪੀਲ ਕੀਤੀ। ਹਾਜ਼ਰ ਮੈਂਬਰਾਂ ਦੇ ਜ਼ੋਰ ਪਾਉਣ ਤੇ ਉਨ੍ਹਾਂ ਨੇ ਇਹ ਜ਼ਿੰਮੇਵਾਰੀ ਸਵੀਕਾਰ ਕੀਤੀ ਅਤੇ ਉਨ੍ਹਾਂ ਨੂੰ ਮੁੜ ਸਰਬਸੰਮਤੀ ਨਾਲ ਐਸੋਸੀਏਸ਼ਨ ਦਾ ਪ੍ਰਧਾਨ ਚੁਣ ਲਿਆ ਗਿਆ। ਮੀਟਿੰਗ ਦੌਰਾਨ ਐਸੋਸੀਏਸ਼ਨ ਦੇ ਖ਼ਜ਼ਾਨਚੀ, ਸਰਪ੍ਰਸਤ, ਮੀਤ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਵੀ ਸਰਬਸੰਮਤੀ ਨਾਲ ਕੀਤੀ ਗਈ। ਇਸ ਮੌਕੇ ਐਨਜੀਓ ਸਾਬਕਾ ਸੈਨਿਕ ਵੈਲਫੇਅਰ, ਬਰਨਾਲਾ ਦੇ ਪ੍ਰਧਾਨ ਸੂਬੇਦਾਰ ਮੇਜਰ ਹਰਦੀਪ ਸਿੰਘ ਰੰਧਾਵਾ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਸਾਬਕਾ ਸੈਨਿਕਾਂ ਵਿੱਚ ਏਕਤਾ, ਆਪਸੀ ਸਹਿਯੋਗ ਅਤੇ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਤੇ ਜ਼ੋਰ ਦਿੱਤਾ। ਐਕਸ-ਸਰਵਿਸਮੈਨ ਵੈਲਫੇਅਰ ਐਸੋਸੀਏਸ਼ਨ, ਮਾਨਸਾ ਵੱਲੋਂ ਉਨ੍ਹਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ। ਕੈਪਟਨ ਸੁਖਵਿੰਦਰ ਸਿੰਘ ਨੇ ਐਸੋਸੀਏਸ਼ਨ ਨੂੰ ਆਰਥਿਕ ਤੌਰ ਤੇ ਹੋਰ ਮਜ਼ਬੂਤ ਬਣਾਉਣ ਲਈ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਰਿਸਾਲਦਾਰ ਮੇਜਰ ਨਿਰੰਜਨ ਸਿੰਘ, ਸੂਬੇਦਾਰ ਮੇਜਰ ਮੇਵਾ ਸਿੰਘ, ਕੈਪਟਨ ਹਰਭਜਨ ਸਿੰਘ, ਕੈਪਟਨ ਅੰਮ੍ਰਿਤਪਾਲ ਸਿੰਘ (ਬਰੇਟਾ) ਅਤੇ ਉਨ੍ਹਾਂ ਦੀ ਟੀਮ, ਕੈਪਟਨ ਮਨਜੀਤ ਸਿੰਘ, ਆਤਮਾ ਸਿੰਘ, ਜਗਦੇਵ ਸਿੰਘ (ਪ੍ਰਧਾਨ, ਰੱਲਾ), ਸੁਖਵਿੰਦਰ ਸਿੰਘ ਕਲੀਪੁਰ, ਗੁਰਵਿੰਦਰ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਸਮੇਤ ਵੱਡੀ ਗਿਣਤੀ ਵਿੱਚ ਸਾਬਕਾ ਸੈਨਿਕ ਹਾਜ਼ਰ ਸਨ। ਅੰਤ ਵਿੱਚ ਐਕਸ-ਸਰਵਿਸਮੈਨ ਵੈਲਫੇਅਰ ਐਸੋਸੀਏਸ਼ਨ, ਮਾਨਸਾ ਵੱਲੋਂ ਮੀਟਿੰਗ ਵਿੱਚ ਸ਼ਾਮਲ ਹੋਏ ਸਮੂਹ ਸਾਬਕਾ ਸੈਨਿਕਾਂ, ਵੀਰ ਨਾਰੀਆਂ ਅਤੇ ਸਹਿਯੋਗੀਆਂ ਦਾ ਦਿਲੋਂ ਧੰਨਵਾਦ ਕੀਤਾ ਗਿਆ।