ਰੇਲਵੇ ਪੁਲ ’ਤੇ ਆਟੋ ਪਲਟਣ ਨਾਲ ਔਰਤ ਦੀ ਮੌਤ, ਤਿੰਨ ਜ਼ਖ਼ਮੀ
ਬੁਢਲਾਡਾ ਦੇ ਰੇਲਵੇ ਪੁਲ
Publish Date: Thu, 08 Oct 2026 04:56 PM (IST)
Updated Date: Thu, 08 Oct 2026 04:59 PM (IST)
ਚਤਰ ਸਿੰਘ, ਪੰਜਾਬੀ ਜਾਗਰਣ ਬੁਢਲਾਡਾ ਬੁਢਲਾਡਾ ਦੇ ਰੇਲਵੇ ਪੁਲ ’ਤੇ ਅੱਜ ਇਕ ਆਟੋ ਰਿਕਸ਼ਾ ਅਚਾਨਕ ਪਲਟ ਜਾਣ ਕਾਰਨ ਇਕ ਔਰਤ ਦੀ ਮੌਤ ਹੋ ਗਈ, ਜਦਕਿ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ। ਮ੍ਰਿਤਕ ਔਰਤ ਦੀ ਪਛਾਣ ਸੁਮਨ ਰਾਣੀ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਸੁਮਨ ਰਾਣੀ ਆਪਣੇ ਬੱਚਿਆਂ ਤੇ ਗੁਆਂਢ ਦੀ ਇਕ ਔਰਤ ਨਾਲ ਕਿਸੇ ਕੰਮ ਲਈ ਆਟੋ ਰਿਕਸ਼ਾ ਰਾਹੀਂ ਜਾ ਰਹੀ ਸੀ। ਜਦੋਂ ਆਟੋ ਰੇਲਵੇ ਪੁਲ ’ਤੇ ਪਹੁੰਚਿਆ ਤਾਂ ਅਚਾਨਕ ਪਲਟ ਗਿਆ। ਹਾਦਸੇ ਦੌਰਾਨ ਸੁਮਨ ਰਾਣੀ ਨੂੰ ਗੰਭੀਰ ਸੱਟਾਂ ਲੱਗੀਆਂ ਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਵਿਚ ਤਿੰਨ ਹੋਰ ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਤੋਂ ਬਾਅਦ ਆਟੋ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਣ ’ਤੇ ਸਬੰਧਤ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਵੱਲੋਂ ਫ਼ਰਾਰ ਆਟੋ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ। ਹਾਦਸੇ ਦੇ ਪੂਰੇ ਕਾਰਨਾਂ ਦਾ ਪਤਾ ਜਾਂਚ ਤੋਂ ਬਾਅਦ ਹੀ ਲੱਗ ਸਕੇਗਾ।