ਬੱਚਿਆਂ ਦੇ ਭਵਿੱਖ ਦੀ ਰੱਖਿਆ ਲਈ ਬਾਲ ਭਿੱਖਿਆ ਵਿਰੁੱਧ ਮੁਹਿੰਮ ਬੱਚਿਆਂ ਦੇ ਭਵਿੱਖ ਦੀ ਰੱਖਿਆ
Publish Date: Thu, 17 Sep 2026 06:13 PM (IST)
Updated Date: Fri, 18 Sep 2026 04:09 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਮਾਨਸਾ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਖੁਸ਼ਵੀਰ ਕੌਰ ਅਤੇ ਚਾਇਲਡ ਡਿਵੈਲਪਮੈਂਟ ਅਫ਼ਸਰ ਹਰਜਿੰਦਰ ਕੌਰ ਦੀ ਅਗਵਾਈ ਹੇਠ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਮਾਨਸਾ ਵੱਲੋਂ ਸ਼ਹਿਰ ਬੁਢਲਾਡਾ ਵਿੱਚ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਬਾਲ ਭਿਖਿਆ ਨੂੰ ਰੋਕਣ ਲਈ ਇੱਕ ਵਿਸ਼ੇਸ਼ ਛਾਪੇਮਾਰੀ ਕੀਤੀ ਗਈ। ਛਾਪੇਮਾਰੀ ਦਾ ਮੁੱਖ ਮਕਸਦ ਬੱਚਿਆਂ ਨੂੰ ਭੀਖ ਮੰਗਣ, ਬਾਲ ਮਜ਼ਦੂਰੀ ਅਤੇ ਹਰ ਤਰ੍ਹਾਂ ਦੇ ਸ਼ੋਸ਼ਣ ਤੋਂ ਬਚਾਉਣਾ ਸੀ। ਛਾਪੇਮਾਰੀ ਦੌਰਾਨ ਟੀਮ ਵੱਲੋਂ ਸ਼ਹਿਰ ਦੇ ਵੱਖ - ਵੱਖ ਇਲਾਕਿਆਂ ਵਿੱਚ ਵਿਸ਼ੇਸ਼ ਤੌਰ ‘ਤੇ ਚੈਕਿੰਗ ਕੀਤੀ ਗਈ ਅਤੇ ਭੀਖ ਮੰਗਦੇ ਬੱਚਿਆਂ ਦੀ ਭਾਲ ਕੀਤੀ ਗਈ। ਇਸ ਮੌਕੇ ਟੀਮ ਨੇ ਆਮ ਲੋਕਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਬੱਚਿਆਂ ਦੇ ਅਧਿਕਾਰਾਂ, ਸਿੱਖਿਆ ਦੀ ਮਹੱਤਤਾ ਅਤੇ ਬੱਚਿਆਂ ਨਾਲ ਹੋ ਰਹੇ ਅਪਰਾਧਾਂ ਬਾਰੇ ਜਾਗਰੂਕ ਕੀਤਾ। ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਦੇ ਕਰਮਚਾਰੀ ਰਜਿੰਦਰ ਕੁਮਾਰ ਵਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਤਰ੍ਹਾਂ ਦੀਆਂ ਛਾਪੇਮਾਰੀ ਦਾ ਮੁੱਖ ਉਦੇਸ਼ ਬੱਚਿਆਂ ਨੂੰ ਬਾਲ ਮਜ਼ਦੂਰੀ, ਬਾਲ ਭਿਖਿਆ ਅਤੇ ਬੱਚਿਆਂ ਦੇ ਸ਼ੋਸ਼ਣ ਤੋਂ ਬਚਾਉਣਾ ਹੈ ਤਾਂ ਜੋ ਉਨ੍ਹਾਂ ਨੂੰ ਸਕੂਲਾਂ ਵਿੱਚ ਭੇਜ ਕੇ ਚੰਗਾ ਭਵਿੱਖ ਦਿੱਤਾ ਜਾ ਸਕੇ। ਉਨ੍ਹਾਂ ਕਿਹਾ ਕਿ ਬੱਚੇ ਦੇਸ਼ ਦਾ ਭਵਿੱਖ ਹਨ ਅਤੇ ਉਨ੍ਹਾਂ ਦੀ ਸੁਰੱਖਿਆ ਤੇ ਸਿੱਖਿਆ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਲੋਕਾਂ ਨੂੰ ਬਾਲ ਮਜ਼ਦੂਰੀ, ਬਾਲ ਭਿਖਿਆ, ਬੱਚਿਆਂ ਨਾਲ ਛੇੜਛਾੜ ਅਤੇ ਜਿਨਸੀ ਸ਼ੋਸ਼ਣ ਵਰਗੀਆਂ ਬੁਰਾਈਆਂ ਬਾਰੇ ਵੀ ਜਾਗਰੂਕ ਕੀਤਾ। ਨਾਲ ਹੀ ਇਹ ਵੀ ਦੱਸਿਆ ਕਿ ਜੇ ਕਿਸੇ ਨੂੰ ਬਾਲ ਭਿਖਿਆ, ਬਾਲ ਵਿਆਹ ਜਾਂ ਕਿਸੇ ਵੀ ਮੁਸੀਬਤ ਵਿੱਚ ਫਸੇ ਬੱਚੇ ਬਾਰੇ ਜਾਣਕਾਰੀ ਮਿਲੇ, ਤਾਂ ਤੁਰੰਤ ਚਾਇਲਡ ਹੈਲਪਲਾਈਨ ਨੰਬਰ 1098 ‘ਤੇ ਸੂਚਨਾ ਦਿੱਤੀ ਜਾ ਸਕਦੀ ਹੈ। ਇਸ ਮੌਕੇ ਟੀਮ ਵੱਲੋਂ ਆਮ ਪਬਲਿਕ ਨੂੰ ਬੱਚਾ ਗੋਦ ਲੈਣ ਦੀ ਪ੍ਰਕਿਰਿਆ, ਸਪੋਂਸਰਸ਼ਿਪ ਸਕੀਮਾਂ ਅਤੇ ਬੱਚਿਆਂ ਦੀ ਸੁਰੱਖਿਆ ਨਾਲ ਸੰਬੰਧਿਤ ਵੱਖ-ਵੱਖ ਸਰਕਾਰੀ ਯੋਜਨਾਵਾਂ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਉਹਨਾਂ ਕਿਹਾ ਕਿ ਮਾਨਸਾ ਚੈਕਿੰਗ ਦੌਰਾਨ ਕੋਈ ਵੀ ਬੱਚਾ ਨਹੀਂ ਮਿਲਿਆਂ ਉਨ੍ਹਾਂ ਇਹ ਵੀ ਦੱਸਿਆ ਕਿ ਜਿੰਨ੍ਹਾਂ ਬੱਚਿਆਂ ਦੇ ਮਾਤਾ ਪਿਤਾ ਨਹੀਂ ਹਨ। ਉਨ੍ਹਾਂ ਬੱਚਿਆਂ ਨੂੰ ਸਾਡਾ ਵਿਭਾਗ ਸਕੂਲ ਵਿੱਚ ਦਾਖ਼ਲ ਕਰਵਾਉਂਦਾ ਹੈ। ਇਸ ਦੌਰਾਨ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਦੇ ਵਿਭਾਗ ਥਾਣਾ ਸਿਟੀ - 2 ਦੇ ਕਰਮਚਾਰੀ ਹਾਜ਼ਰ ਸਨ।