ਬ੍ਰਹਮਾ ਕੁਮਾਰੀਜ਼ ਸਰਦੂਲਗੜ੍ਹ ਨੇ ਧੂਮਧਾਮ ਨਾਲ ਲਹਿਰਾਇਆ ਤਿਰੰਗਾ ਪ੍ਰਜਾਪਿਤਾ ਬ੍ਰਹਮਾ ਕੁਮਾਰੀਜ ਈਸ਼ਵਰੀਆ
Publish Date: Sun, 16 Aug 2026 05:20 PM (IST)
Updated Date: Mon, 17 Aug 2026 04:03 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਦੂਲਗੜ੍ਹ : ਪ੍ਰਜਾਪਿਤਾ ਬ੍ਰਹਮਾ ਕੁਮਾਰੀਜ਼ ਈਸ਼ਵਰੀਆ ਵਿਸ਼ਵ ਵਿਦਿਆਲਿਆ ਦੇ ਪੁਰਾਣਾ ਸਿਨੇਮਾ ਰੋਡ ਸਥਿਤ ਸੇਵਾ ਕੇਂਦਰ ਵਿਖੇ 80ਵਾਂ ਸੁਤੰਤਰਤਾ ਦਿਵਸ ਬੜੇ ਹੀ ਉਤਸ਼ਾਹ, ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸੇਵਾ ਕੇਂਦਰ ਦੇ ਸਮੂਹ ਭਾਈ ਭੈਣਾਂ ਅਤੇ ਸ਼ਹਿਰ ਨਿਵਾਸੀਆਂ ਵੱਲੋਂ ਮਿਲ ਕੇ ਰਾਸ਼ਟਰੀ ਝੰਡਾ (ਤਿਰੰਗਾ) ਲਹਿਰਾਇਆ ਗਿਆ ਅਤੇ ਰਾਸ਼ਟਰੀ ਗੀਤ ਗਾ ਕੇ ਦੇਸ਼ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਸਮਾਗਮ ਦੌਰਾਨ ਦੇਸ਼ ਭਗਤੀ ਦੇ ਗੀਤਾਂ ਅਤੇ ਅਧਿਆਤਮਿਕ ਵਿਚਾਰਾਂ ਰਾਹੀਂ ਮਾਹੌਲ ਪੂਰੀ ਤਰ੍ਹਾਂ ਦੇਸ਼ ਪ੍ਰੇਮ ਦੇ ਰੰਗ ਵਿੱਚ ਰੰਗਿਆ ਨਜ਼ਰ ਆਇਆ। ਸੇਵਾ ਕੇਂਦਰ ਦੀ ਸੰਚਾਲਿਕਾ ਬ੍ਰਹਮਾ ਕੁਮਾਰੀ ਨੀਤੂ ਦੀਦੀ ਜੀ ਨੇ ਸੁਤੰਤਰਤਾ ਦਿਵਸ ਦੀ ਵਧਾਈ ਦਿੰਦਿਆਂ ਇੱਕ ਵਿਸ਼ੇਸ਼ ਅਧਿਆਤਮਿਕ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਅਸਲ ਸੁਤੰਤਰਤਾ ਸਿਰਫ਼ ਬਾਹਰੀ ਆਜ਼ਾਦੀ ਤੱਕ ਸੀਮਤ ਨਹੀਂ ਹੈ, ਸਗੋਂ ਆਪਣੇ ਮਨ ਨੂੰ ਬੁਰਾਈਆਂ, ਨਕਾਰਾਤਮਕ ਸੋਚ, ਤਣਾਅ, ਕਾਮ, ਕ੍ਰੋਧ ਅਤੇ ਹੰਕਾਰ ਵਰਗੇ ਵਿਕਾਰਾਂ ਤੋਂ ਮੁਕਤ ਕਰਵਾਉਣਾ ਹੀ ਸੱਚੀ ਸੁਤੰਤਰਤਾ ਹੈ। ਜਦੋਂ ਸਾਡਾ ਹਰ ਵਿਚਾਰ ਸ਼ੁੱਧ, ਸ਼ਾਂਤਮਈ ਤੇ ਪਰਉਪਕਾਰੀ ਹੋਵੇਗਾ, ਉਦੋਂ ਹੀ ਅਸੀਂ ਇੱਕ ਖੁਸ਼ਹਾਲ, ਸਵੱਛ ਅਤੇ ਅਪਰਾਧ-ਮੁਕਤ ਸਮਾਜ ਦੀ ਸਿਰਜਣਾ ਕਰ ਸਕਾਂਗੇ। ਆਓ ਅੱਜ ਦੇ ਦਿਨ ਅਸੀਂ ਸਾਰੇ ਮਿਲ ਕੇ ਸੰਕਲਪ ਕਰੀਏ ਕਿ ਅਸੀਂ ਆਪਣੇ ਅੰਦਰ ਪਿਆਰ, ਸਦਭਾਵਨਾ ਅਤੇ ਏਕਤਾ ਦੀ ਭਾਵਨਾ ਨੂੰ ਜਗਾ ਕੇ ਦੇਸ਼ ਦੇ ਵਿਕਾਸ ਅਤੇ ਵਿਸ਼ਵ ਸ਼ਾਂਤੀ ਵਿੱਚ ਆਪਣਾ ਯੋਗਦਾਨ ਪਾਂਵਾਂਗੇ।