ਪੁਸਤਕਾਂ ਮਨੁੱਖ ਦੀ ਸੋਚ ਨੂੰ ਨਵੀਂ ਦਿਸ਼ਾ ਤੇ ਜੀਵਨ ਨੂੰ ਸਹੀ ਸੇਧ ਦਿੰਦੀਆਂ ਹਨ: ਵੈਭਵ ਚੌਧਰੀ, ਐਡਵੋਕੇਟ ਸੰਦੀਪ ਘੰਡ ਨੇ ਆਪਣੀਆਂ ਦੋ ਪੁਸਤਕਾਂ ਐੱਸਐੱਸਪੀ ਮਾਨਸਾ ਨੂੰ ਭੇਟ ਕੀਤੀਆਂ ਐਡਵੋਕੇਟ ਸੰਦੀਪ ਘੰਡ ਵੱਲੋਂ ਆਪਣੀਆਂ ਲਿਖੀਆਂ
Publish Date: Wed, 25 Nov 2026 06:04 PM (IST)
Updated Date: Wed, 25 Nov 2026 06:07 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਐਡਵੋਕੇਟ ਸੰਦੀਪ ਘੰਡ ਵੱਲੋਂ ਆਪਣੀਆਂ ਲਿਖੀਆਂ ਦੋ ਪੁਸਤਕਾਂ ਐੱਸਐੱਸਪੀ ਮਾਨਸਾ ਵੈਭਵ ਚੌਧਰੀ ਨੂੰ ਭੇਟ ਕੀਤੀਆਂ ਗਈਆਂ। ਇਸ ਮੌਕੇ ਉਨ੍ਹਾਂ ਨੇ ਪੰਜਾਬੀ ਭਾਸ਼ਾ ਵਿੱਚ ਲਿਖੀ ਪੁਸਤਕ ਜੀਵਨ ਵਿਚਾਰ-ਸੋਚ ਬਦਲੋ ਤੇ ਅੰਗਰੇਜ਼ੀ ਭਾਸ਼ਾ ਦੀ ਪੁਸਤਕ ਫ੍ਰੀ ਯੂਅਰ ਮਾਈਂਡ ਭੇਟ ਕਰਦਿਆਂ ਇਨ੍ਹਾਂ ਦੇ ਵਿਸ਼ਿਆਂ ਤੇ ਸਮਾਜਿਕ ਮਹੱਤਵ ਬਾਰੇ ਜਾਣਕਾਰੀ ਸਾਂਝੀ ਕੀਤੀ। ਐਡਵੋਕੇਟ ਸੰਦੀਪ ਘੰਡ ਦੀ ਪੁਸਤਕ ਜੀਵਨ ਵਿਚਾਰ-ਸੋਚ ਬਦਲੋ ਮਨੁੱਖ ਨੂੰ ਆਪਣੀ ਸੋਚ ਵਿੱਚ ਹਾਂ ਪੱਖੀ ਤਬਦੀਲੀ ਲਿਆਉਣ, ਜੀਵਨ ਦੀਆਂ ਚੁਣੌਤੀਆਂ ਦਾ ਹੌਸਲੇ ਨਾਲ ਸਾਹਮਣਾ ਕਰਨ ਤੇ ਆਪਣੇ ਵਿਚਾਰਾਂ ਨੂੰ ਉਸਾਰੂ ਦਿਸ਼ਾ ਦੇਣ ਦਾ ਸੁਨੇਹਾ ਦਿੰਦੀ ਹੈ। ਉਨ੍ਹਾਂ ਦੀ ਦੂਜੀ ਪੁਸਤਕ ਫ੍ਰੀ ਯੂਅਰ ਮਾਈਂਡ ਮਨੁੱਖ ਨੂੰ ਮਾਨਸਿਕ ਤਣਾਅ, ਨਕਾਰਾਤਮਕ ਵਿਚਾਰਾਂ ਤੇ ਮਨ ਦੀਆਂ ਉਲਝਣਾਂ ਤੋਂ ਬਾਹਰ ਨਿਕਲ ਕੇ ਆਜ਼ਾਦ ਤੇ ਹਾਂ-ਪੱਖੀ ਸੋਚ ਅਪਣਾਉਣ ਦੀ ਪ੍ਰੇਰਨਾ ਦਿੰਦੀ ਹੈ। ਇਸ ਮੌਕੇ ਐੱਸਐੱਸਪੀ ਵੈਭਵ ਚੌਧਰੀ ਨੇ ਕਿਹਾ ਕਿ ਪੁਸਤਕਾਂ ਮਨੁੱਖ ਦੀਆਂ ਸਭ ਤੋਂ ਵਧੀਆ ਮਿੱਤਰ ਹਨ, ਜੋ ਉਸ ਨੂੰ ਗਿਆਨ ਦੇਣ ਦੇ ਨਾਲ-ਨਾਲ ਸੋਚਣ, ਸਮਝਣ ਅਤੇ ਸਹੀ ਫ਼ੈਸਲੇ ਲੈਣ ਦੀ ਸਮਰੱਥਾ ਵੀ ਪ੍ਰਦਾਨ ਕਰਦੀਆਂ ਹਨ। ਐੱਸਐੱਸਪੀ ਨੇ ਕਿਹਾ ਕਿ ਮਾਨਸਿਕ ਤਣਾਅ ਅਤੇ ਨਕਾਰਾਤਮਕ ਸੋਚ ਅੱਜ ਹਰ ਉਮਰ ਦੇ ਲੋਕਾਂ ਲਈ ਚਿੰਤਾ ਦਾ ਵਿਸ਼ਾ ਹਨ। ਉਨ੍ਹਾਂ ਐਡਵੋਕੇਟ ਸੰਦੀਪ ਘੰਡ ਦੇ ਇਸ ਸਾਹਿਤਕ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਮਾਜ ਨੂੰ ਚੰਗੀ ਦਿਸ਼ਾ ਦੇਣ ਵਾਲਾ ਸਾਹਿਤ ਸਿਰਜਣਾ ਅਤੇ ਉਸ ਨੂੰ ਲੋਕਾਂ ਤੱਕ ਪਹੁੰਚਾਉਣਾ ਇੱਕ ਸ਼ਲਾਘਾਯੋਗ ਕਾਰਜ ਹੈ।