ਸ਼ੱਕੀ ਹਾਲਾਤ ’ਚ ਤਾਮਕੋਟ ਦੇ ਸਕੂਲ ’ਚੋਂ ਮਿਲੀ ਨੌਜਵਾਨ ਦੀ ਲਾਸ਼
ਮਾਨਸਾ ਜ਼ਿਲ੍ਹੇ ਦੇ ਪਿੰਡ ਤਾਮਕੋਟ ਦੇ
Publish Date: Fri, 03 Apr 2026 07:35 PM (IST)
Updated Date: Sat, 04 Apr 2026 04:11 AM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਸਥਾਨਕ ਜ਼ਿਲ੍ਹੇ ਦੇ ਪਿੰਡ ਤਾਮਕੋਟ ਦੇ ਸਰਕਾਰੀ ਸਕੂਲ ਵਿਚੋਂ ਇੱਕ ਨੌਜਵਾਨ ਦੀ ਸ਼ੱਕੀ ਹਾਲਾਤ ’ਚ ਲਾਸ਼ ਮਿਲੀ ਹੈ। ਪੀੜ੍ਹਤ ਪਰਿਵਾਰ ਨੇ ਇਸ ਮਾਮਲੇ ’ਚ ਕਤਲ ਹੋਣ ਦਾ ਸ਼ੱਕ ਜਤਾਉਂਦਿਆਂ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਮਾਨਸਾ ਜ਼ਿਲ੍ਹੇ ਦੇ ਪਿੰਡ ਤਾਮਕੋਟ ਵਿਖੇ ਉਸ ਸਮੇਂ ਸਨਸਨੀ ਫ਼ੈਲ ਗਈ, ਜਦ ਇੱਕ 25 ਸਾਲਾ ਨੌਜਵਾਨ ਦੀ ਲਾਸ਼ ਸ਼ੱਕੀ ਹਾਲਾਤ ’ਚ ਪਿੰਡ ਦੇ ਸਰਕਾਰੀ ਸਕੂਲ ਵਿਚੋਂ ਮਿਲੀ। ਮ੍ਰਿਤਕ ਦੇ ਪਿਤਾ ਜਰਨੈਲ ਸਿੰਘ, ਹਰਭਜਨ ਸਿੰਘ ਤੇ ਹਰਦੀਪ ਸਿੰਘ ਨੇ ਇਸ ਦੀ ਜਾਂਚ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਮ੍ਰਿਤਕ ਅੰਮ੍ਰਿਤਪਾਲ ਸਿੰਘ (25) ਮਜ਼ਦੂਰੀ ਦਾ ਕੰਮ ਕਰਦਾ ਸੀ। ਬੀਤੇ ਕੱਲ੍ਹ ਕੰਮ ਤੋਂ ਵਾਪਸ ਦੋਸਤ ਨਾਲ ਪਿੰਡ ਪਰਤ ਆਇਆ, ਪਰ ਘਰ ਨਹੀਂ ਪਹੁੰਚਿਆ। ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਜਾਂਚ ਦੀ ਮੰਗ ਕੀਤੀ ਹੈ। ਸਿਵਲ ਹਸਪਤਾਲ ਦੇ ਡਾ. ਦਮਨਪਰੀਤ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਅੰਮ੍ਰਿਤਪਾਲ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਤਾਮਕੋਟ ਤੋਂ ਲਾਸ਼ ਆਈ ਹੈ। ਇਸ ਦੀ ਮੁੱਢਲੀ ਰਿਪੋਰਟ ਪੋਸਟਮਾਰਟਮ ਬਾਅਦ ਆਵੇਗੀ ਤੇ ਲਾਸ਼ ਨੂੰ ਮੋਰਚਰੀ ਵਿੱਚ ਰੱਖ ਕੇ ਪੁਲਿਸ ਨੂੰ ਸੂਚਨਾ ਭੇਜ ਦਿੱਤੀ ਹੈ। ਥਾਣਾ ਸਦਰ ਮਾਨਸਾ ਦੇ ਐਸਐਚਓ ਭੁਪਿੰਦਰ ਸਿੰਘ ਨੇ ਕਿਹਾ ਕਿ ਫ਼ਿਲਹਾਲ ਇਸ ਮਾਮਲੇ ’ਚ 194 ਬੀਐੱਨਐੱਸ ਦੀ ਕਾਰਵਾਈ ਕੀਤੀ ਗਈ ਹੈ ਅਤੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ ਬਾਅਦ ਜੋ ਵੀ ਤੱਥ ਸਾਹਮਣੇ ਆਉਣਗੇ। ਉਸ ਅਨੁਸਾਰ ਅਗਲੇਰੀ ਕਾਰਵਾਈ ਹੋਵੇਗੀ।