ਪੰਜ ਪਿੰਡਾਂ ਦੇ ਵਸਨੀਕਾਂ ਤੇ ਕਿਸਾਨਾਂ ਨੇ ਐਕਸੀਅਨ ਦਫ਼ਤਰ ਘੇਰਿਆ ਮਾਨਸਾ ਅਤੇ ਭੀਖੀ ਬਲਾਕ ਨਾਲ ਸਬੰਧਿਤ
Publish Date: Thu, 20 Aug 2026 07:14 PM (IST)
Updated Date: Fri, 21 Aug 2026 04:06 AM (IST)
* ਨਹਿਰੀ ਪਾਣੀ ’ਚ ਸੀਵਰੇਜ ਦਾ ਗੰਦਾ ਪਾਣੀ ਆਉਣ ਕਾਰਨ ਲੋਕਾਂ ਤੇ ਕਿਸਾਨਾਂ ’ਚ ਰੋਸ * ਨੌਂ ਦਿਨਾਂ ’ਚ ਸਮੱਸਿਆ ਹੱਲ ਕਰਨ ਦੇ ਭਰੋਸੇ ਤੋਂ ਬਾਅਦ ਧਰਨਾ ਸਮਾਪਤ ਫ਼ੋਟੋ : 13 ਐਮਏਐਨ ਕੈਪਸ਼ਨ : ਭਾਕਿਯੂ ਏਕਤਾ ਡਕੌੰਦਾ ਧਰਨਾ ਨੂੰ ਸੰਬੋਧਨ ਕਰਦਾ ਹੋਇਆ ਆਗੂ। ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ : ਨਹਿਰੀ ਪਾਣੀ ’ਚ ਸੀਵਰੇਜ ਦਾ ਗੰਦਾ ਪਾਣੀ ਮਿਲਣ ਕਾਰਨ ਪੰਜ ਪਿੰਡਾਂ ਦੇ ਲੋਕ ਔਖੇ ਹਨ। ਇਸ ਕਾਰਨ ਭੜਕੇ ਹੋਏ ਪਿੰਡਾਂ ਦੇ ਲੋਕਾਂ ਤੇ ਕਿਸਾਨਾਂ ਵੱਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੀ ਅਗਵਾਈ ਹੇਠ ਅੱਜ ਸੀਵਰੇਜ ਬੋਰਡ ਮਾਨਸਾ ਵਿਖੇ ਐਕਸੀਅਨ ਦਫ਼ਤਰ ਦਾ ਘਿਰਾਓ ਕਰ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਹ ਵਿਰੋਧ ਪ੍ਰਦਰਸ਼ਨ ਮਾਨਸਾ ਅਤੇ ਭੀਖੀ ਬਲਾਕ ਨਾਲ ਸਬੰਧਿਤ ਪਿੰਡ ਖਿਆਲਾ ਕਲਾਂ, ਖਿਆਲਾ ਖੁਰਦ, ਮਲਕਪੁਰ ਖਿਆਲਾ, ਕੋਟੜਾ ਕਲਾਂ ਅਤੇ ਦਲੇਲ ਵਾਲਾ ਦੇ ਵਸਨੀਕਾਂ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ। ਕਿਸਾਨ ਆਗੂ ਮੱਖਣ ਸਿੰਘ ਭੈਣੀ ਬਾਘਾ ਅਤੇ ਲਖਵੀਰ ਸਿੰਘ ਅਕਲੀਆ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਮਾਓਂ ਬਰਾਂਚ ਤੋਂ ਆ ਰਹੇ ਨਹਿਰੀ ਪਾਣੀ ਵਿੱਚ ਲਗਾਤਾਰ ਸੀਵਰੇਜ਼ ਦਾ ਗੰਦਾ ਪਾਣੀ ਮਿਲ ਕੇ ਆ ਰਿਹਾ ਹੈ, ਪਰ ਸਬੰਧਤ ਵਿਭਾਗ ਸੀਵਰੇਜ਼ ਬੋਰਡ ਅਧਿਕਾਰੀ ਕੁੰਭਕਰਨੀ ਨੀਂਦ ਸੁੱਤੇ ਪਏ ਹਨ। ਭਾਵੇਂਕਿ ਕਿਸਾਨਾਂ ਅਤੇ ਲੋਕਾਂ ਵੱਲੋਂ ਸੀਵਰੇਜ਼ ਬੋਰਡ ਅਧਿਕਾਰੀਆਂ ਦੇ ਧਿਆਨ ਵਿੱਚ ਇਸ ਨੂੰ ਲਿਆਂਦਾ ਗਿਆ ਹੈ। ਪਰ ਕੋਈ ਵੀ ਸੁਣਵਾਈ ਨਹੀਂ ਹੋ ਰਹੀ। ਇਸ ਕਾਰਨ ਹੀ ਪਿੰਡ ਵਾਸੀਆਂ ਅਤੇ ਕਿਸਾਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਸੀ। ਇਸੇ ਸਮੱਸਿਆ ਦੇ ਹੱਲ ਲਈ ਜੱਥੇਬੰਦੀ ਵੱਲੋਂ ਲੋਕਾਂ ਨੂੰ ਨਾਲ ਲੈ ਕੇ ਇਹ ਰੋਸ ਧਰਨਾ ਦਿੱਤਾ ਗਿਆ। ਧਰਨੇ ਦੌਰਾਨ ਐਕਸੀਅਨ ਮਾਨਸਾ ਨੇ ਕਿਸਾਨ ਜੱਥੇਬੰਦੀ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਮੌਕੇ ਦੀ ਸਥਿਤੀ ਬਾਰੇ ਜਾਣੂ ਕਰਵਾਇਆ। ਐਕਸੀਅਨ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਆਉਂਦੇ 9 ਦਿਨਾਂ ਦੇ ਅੰਦਰ-ਅੰਦਰ ਇਸ ਸਮੱਸਿਆ ਦਾ ਪੱਕਾ ਹੱਲ ਕਰ ਦਿੱਤਾ ਜਾਵੇਗਾ। ਅਧਿਕਾਰੀ ਦੇ ਇਸ ਭਰੋਸੇ ਬਾਅਦ ਜੱਥੇਬੰਦੀ ਨੇ ਧਰਨਾ ਜੇਤੂ ਨਾਅਰਿਆਂ ਨਾਲ ਸਮਾਪਤ ਕਰਨ ਦਾ ਐਲਾਨ ਕੀਤਾ। ਕਿਸਾਨ ਆਗੂਆਂ ਨੇ ਇਸ ਨੂੰ ਲੋਕਾਂ ਦੇ ਏਕੇ ਦੀ ਵੱਡੀ ਜਿੱਤ ਕਰਾਰ ਦਿੱਤਾ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਇਸੇ ਤਰ੍ਹਾਂ ਲਾਮਬੰਦ ਹੁੰਦੇ ਰਹਿਣ। ਇਸ ਮੌਕੇ ਬਲਜੀਤ ਸਿੰਘ ਭੈਣੀ ਬਾਘਾ, ਬਾਵਾ ਸਿੰਘ ਖੀਵਾ ਕਲਾਂ, ਕਾਲਾ ਸਿੰਘ ਅਕਲੀਆ, ਹਰਚੇਤ ਸਿੰਘ ਚਕੇਰੀਆਂ, ਵਰਿਆਮ ਸਿੰਘ, ਗੁਰਸੇਵਕ ਸਿੰਘ, ਜੀਤ ਸਿੰਘ, ਰਾਵਲ ਸਿੰਘ ਕੋਟੜਾ, ਪ੍ਰਗਟ ਸਿੰਘ, ਜਰਨੈਲ ਸਿੰਘ, ਰਾਜ ਸਿੰਘ ਖਾਰਾ, ਗੁਰਜੀਤ ਸਿੰਘ ਰੱਲਾ ਅਤੇ ਰੂਪ ਸਿੰਘ ਅਕਲੀਆ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।