ਇਨਸਾਫ਼ ਨਾ ਮਿਲਣ ਦੀ ਸੂਰਤ ’ਚ ਦਿੱਤਾ ਜਾਵੇਗਾ ਐਸਐਸਪੀ ਦਫ਼ਤਰ ਅੱਗੇ ਧਰਨਾ: ਭਾਕਿਯੂ (ਏਕਤਾ) ਡਕੌਂਦਾ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ
Publish Date: Sat, 29 Aug 2026 05:07 PM (IST)
Updated Date: Sat, 29 Aug 2026 05:10 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਲੰਘੀ 22 ਅਗਸਤ ਤੋਂ ਚੱਲ ਰਹੇ ਜੋਗਾ ਥਾਣੇ ਅੱਗੇ ਧਰਨੇ ਵਿੱਚ ਵੱਡਾ ਇਕੱਠ ਕੀਤਾ ਗਿਆ ਅਤੇ ਰੋਸ ਮੁਜ਼ਾਹਰਾ ਕੀਤਾ ਗਿਆ ਤੇ ਪੁਲਿਸ ਪ੍ਰਸ਼ਾਸਨ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਅਕਲੀਆ ਨੇ ਦੱਸਿਆ ਕਿ ਪਿੰਡ ਰੱਲਾ ਦੇ ਕਿਸਾਨ ਬਲਦੇਵ ਸਿੰਘ ‘ਤੇ ਲੰਘੀ 19 ਜੁਲਾਈ ਨੂੰ ਕੁੱਝ ਵਿਅਕਤੀਆਂ ਵੱਲੋਂ ਜਾਨਲੇਵਾ ਹਮਲਾ ਕਰ ਦਿੱਤਾ ਗਿਆ ਸੀ। ਮੁਲਜ਼ਮਾਂ ’ਤੇ ਡਾਕਟਰੀ ਰਿਪੋਰਟ ਅਨੁਸਾਰ ਬੀਐਨਐਸ ਦੀ ਧਾਰਾ 109 ਤਹਿਤ ਇਰਾਦਾ ਕਤਲ ਦਾ ਪਰਚਾ ਦਰਜ ਕੀਤਾ ਗਿਆ ਸੀ ਪਰ ਦੋ ਮਹੀਨੇ ਬੀਤ ਜਾਣ ਬਾਅਦ ਵੀ ਉਹ ਬੇਖੌਫ਼ ਘੁੰਮ ਰਹੇ ਹਨ। ਕਿਸੇ ਵੀ ਮੁਜ਼ਰਮ ਦੀ ਗ੍ਰਿਫਤਾਰੀ ਨਾ ਹੋਣ ਦੇ ਸਬੰਧ ਵਿੱਚ ਜਥੇਬੰਦੀ ਵੱਲੋਂ ਵਾਰ-ਵਾਰ ਪ੍ਰਸ਼ਾਸਨ ਤੱਕ ਪਹੁੰਚ ਕੀਤੀ ਗਈ ਪਰ ਪ੍ਰਸ਼ਾਸਨ ਵੱਲੋਂ ਮਸਲੇ ਦੀ ਟਾਲ ਮਟੋਲ ਕੀਤੀ ਗਈ। ਜੱਥੇਬੰਦੀ ਵੱਲੋਂ 22 ਅਗਸਤ ਤੋਂ ਥਾਣਾ ਜੋਗਾ ਅੱਗੇ ਪੱਕੇ ਧਰਨਾ ਚਾਲੂ ਹੈ। ਜੱਥੇਬੰਦੀ ਵੱਲੋਂ ਥਾਣਾ ਜੋਗਾ ਤੋਂ ਬੱਸ ਅੱਡੇ ਤੱਕ ਰੋਹ ਭਰਪੂਰ ਨਾਅਰੇਬਾਜ਼ੀ ਕਰਕੇ ਰੋਸ ਮੁਜ਼ਾਹਰਾ ਕੀਤਾ ਗਿਆ ਅਤੇ ਪੁਲਿਸ ਸਿਆਸੀ ਗੁੰਡਾ ਗੱਠਜੋੜ ਦਾ ਪੁਤਲਾ ਫੂਕਿਆ ਗਿਆ। ਸੂਬਾ ਆਗੂ ਮੱਖਣ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਵੱਲੋਂ ਬਲਦੇਵ ਸਿੰਘ ਨੂੰ ਇਨਸਾਫ਼ ਦੇਣ ਦੀ ਬਜਾਏ ਟਾਲ ਮਟੋਲ ਦੀ ਨੀਤੀ ਨੂੰ ਜਾਰੀ ਰੱਖਿਆ ਤਾਂ ਆਉਂਦੇ ਦਿਨਾਂ ਵਿੱਚ ਐਸਐਸਪੀ ਦਫ਼ਤਰ ਅੱਗੇ ਧਰਨਾ ਦਿੱਤਾ ਜਾਵੇਗਾ, ਜਿਸ ਦੀ ਸਾਰੀ ਜ਼ਿੰਮੇਵਾਰੀ ਸਥਾਨਕ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਜਗਦੇਵ ਸਿੰਘ ਕੋਟਲੀ, ਬਲਜੀਤ ਸਿੰਘ ਭੈਣੀ ਬਾਘਾ, ਬਾਵਾ ਸਿੰਘ ਖੀਵਾ, ਕਾਲਾ ਸਿੰਘਾ ਅਕਲੀਆ, ਦਰਸ਼ਨ ਸਿੰਘ ਰੜ੍ਹ, ਜਸਪਾਲ ਸਿੰਘ ਉੱਭਾ, ਲੀਲਾ ਸਿੰਘ ਮੂਸਾ, ਗੁਰਮੀਤ ਸਿੰਘ ਜੋਗਾ, ਗੁਰਜੀਤ ਸਿੰਘ, ਅਮਰੀਕ ਸਿੰਘ, ਤਾਰਾ ਸਿੰਘ ਰੱਲਾ ਆਦਿ ਸਮੇਤ ਵੱਡੀ ਗਿਣਤੀ ਵਿੱਚ ਵਰਕਰ ਮੌਜੂਦ ਰਹੇ।