ਡੀਸੀ ਦਫ਼ਤਰ ਅੱਗੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਮੋਰਚਾ ਜਾਰੀ ਮਾਨਸਾ ਦੇ ਡੀਸੀ ਦਫ਼ਤਰ ਅੱਗੇ ਭਾਰਤੀ
Publish Date: Tue, 01 Sep 2026 05:05 PM (IST)
Updated Date: Tue, 01 Sep 2026 05:07 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਮਾਨਸਾ ਦੇ ਡੀਸੀ ਦਫ਼ਤਰ ਅੱਗੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਸ਼ੁਰੂ ਕੀਤੇ ਦਿਨ, ਰਾਤ ਦੇ ਮੋਰਚੇ ਦੌਰਾਨ ਜੱਥੇਬੰਦੀ ਨੇ ਕੇਂਦਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਡੀਸੀ ਦਫ਼ਤਰ ਤੋਂ ਬੱਸ ਅੱਡੇ ਤੱਕ ਰੋਸ ਮੁਜ਼ਾਹਰਾ ਕੀਤਾ। ਇਸ ਵਿਚ ਹਜ਼ਾਰਾਂ ਕਿਸਾਨ ਤੇ ਔਰਤਾਂ ਸ਼ਾਮਲ ਹੋਈਆਂ। ਮੋਰਚੇ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਕਿਸਾਨ ਲਗਾਤਾਰ ਘਾਟੇ ’ਚ ਹਨ, ਪਰ ਕਿਸਾਨਾਂ ਦੀ ਸਰਕਾਰਾਂ ਨੂੰ ਕੋਈ ਪ੍ਰਵਾਹ ਨਹੀਂ। ਕਿਸਾਨਾਂ ਦੀਆਂ ਮੰਗਾਂ ਨੂੰ ਟਾਲ ਮਟੋਲ ਕੀਤਾ ਜਾ ਰਿਹਾ ਹੈ ਤੇ ਕਿਸਾਨਾਂ ਵਿਰੁੱਧ ਸਰਕਾਰਾਂ ਵੱਲੋਂ ਨੀਤੀਆਂ ਬਣਾਈਆਂ ਜਾ ਰਹੀਆਂ ਹਨ। ਕਿਸਾਨ ਲਗਾਤਾਰ ਅਧਿਕਾਰੀਆਂ ਦੇ ਦਰਾਂ ਅੱਗੇ ਬੈਠਕੇ ਮੰਗ ਕਰ ਰਹੇ ਹਨ ਕਿ ਕੇਂਦਰ ਸਰਕਾਰ ਅਮਰੀਕਾ ਨਾਲ ਸਮਝੌਤਾ ਨਾ ਕਰੇ। ਅਜਿਹਾ ਹੋਇਆ ਤਾਂ ਦੇਸ਼ ਦਾ ਕਿਸਾਨ ਪੁਰੀ ਤਰ੍ਹਾਂ ਖ਼ਤਮ ਹੋ ਜਾਵੇਗਾ। ਡੇਅਰੀ ਕਿੱਤਾ ਤਬਾਹ ਹੋਵੇਗਾ। ਪੰਜਾਬ ਸਰਕਾਰ ਵੱਲੋਂ ਲਿਆਂਦੀ ਲੈਂਡ ਨੀਤੀ ਰੱਦ ਕਰੇ। ਕਿਸਾਨਾਂ, ਮਜ਼ਦੂਰਾ ਸਿਰ ਚੜ੍ਹੇ ਕਰਜ਼ੇ ਖ਼ਤਮ ਕਰੇ। ਕਾਸ਼ਤਕਾਰ ਕਿਸਾਨਾਂ ਨੂੰ ਜ਼ਮੀਨ ਮਾਲਕੀ ਦੇ ਹੱਕ ਦੇਵੇ। ਸੰਘਰਸ਼ੀ ਕਿਸਾਨਾਂ ਤੇ ਪਾਏ ਝੁਠੇ ਕੇਸ ਰੱਦ ਕੀਤੇ ਜਾਣ। ਸਰਕਾਰਾਂ ਨੂੰ ਦੇਸ਼ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਤੇ ਆਮ ਲੋਕਾਂ ਦਾ ਕੋਈ ਫ਼ਿਕਰ ਨਹੀਂ। ਆਮ ਜਨਤਾ ਕਰਜ਼ਿਆਂ ਥੱਲੇ ਦੱਬ ਦਿੱਤੀ ਹੈ। ਇਸ ਮੌਕੇ ਇੰਦਰਜੀਤ ਸਿੰਘ ਝੱਬਰ, ਮੇਜਰ ਸਿੰਘ ਗੋਬਿੰਦਪੁਰਾ, ਲਾਭ ਸਿੰਘ ਖੋਖਰ ਆਦਿ ਹਾਜ਼ਰ ਸਨ।