ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਡੀਸੀ ਦਫ਼ਤਰ ਅੱਗੇ ਧਰਨਾ ਲਗਾਇਆ ਕੀਤੀ ਨਾਅਰੇਬਾਜ਼ੀ ਭਾਰਤੀ ਕਿਸਾਨ ਯੂਨੀਅਨ ਏਕਤਾ
Publish Date: Sat, 05 Sep 2026 07:04 PM (IST)
Updated Date: Sat, 05 Sep 2026 07:07 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਜ਼ਿਲ੍ਹਾ ਮਾਨਸਾ ਡੀਸੀ ਦਫ਼ਤਰ ਅੱਗੇ ਪਿਛਲੀ 30 ਅਗਸਤ ਤੋਂ ਸ਼ੁਰੂ ਕੀਤੇ ਦਿਨ ਰਾਤ ਦੇ ਪੱਕੇ ਮੋਰਚੇ ਦੌਰਾਨ ਜੱਥੇਬੰਦੀ ਡੀਸੀ ਅਤੇ ਐਸਐਸਪੀ ਦੇ ਦਫ਼ਤਰਾਂ ਦਾ ਮੁਕੰਮਲ ਘਿਰਾਓ ਕੀਤਾ। ਇਸ ਵਿੱਚ ਔਰਤਾਂ ਸਮੇਤ ਹਜ਼ਾਰਾਂ ਕਿਸਾਨ ਸ਼ਾਮਲ ਹੋਏ। ਕੇਂਦਰ ਅਤੇ ਪੰਜਾਬ ਸਰਕਾਰ ਦੇ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਕੰਮ ਦੀ ਰੁੱਤ ਅਤੇ ਗਰਮੀ ਦੇ ਬਾਵਜੂਦ ਪਿਛਲੇ ਸੱਤ ਦਿਨਾ ਤੋਂ ਡੀਸੀ ਦਫ਼ਤਰ ਅੱਗੇ ਮੋਰਚੇ ਵਿੱਚ ਬੈਠੇ ਹਨ, ਪਰ ਕੇਂਦਰ ਅਤੇ ਪੰਜਾਬ ਸਰਕਾਰ ਕਿਸਾਨਾਂ ਦੀ ਅਵਾਜ਼ ਨੂੰ ਅਣਗੌਲਿਆਂ ਕਰ ਰਹੀਆਂ ਹਨ, ਜਿਸ ਕਰਕੇ ਵੱਡੇ ਅਫ਼ਸਰਾਂ ਦੇ ਦਫ਼ਤਰਾਂ ਨੂੰ ਘੇਰਨਾ ਪਿਆ ਹੈ। ਸਰਕਾਰਾਂ ਜੋ ਮਰਜ਼ੀ ਹੱਥ ਕੰਢੇ ਅਪਣਾ ਲੈਣ ਪਰ ਕਿਸਾਨ ਆਪਣੇ ਸੰਘਰਸ਼ ਤੋਂ ਪਿੱਛੇ ਨਹੀਂ ਹਟਣਗੇ। ਕਿਸਾਨ ਆਗੂ ਨੇ ਕਿਹਾ ਕਿ ਕਿਸਾਨ ਆਪਣੀਆਂ ਹੱਕੀਂ ਮੰਗਾਂ ਦੀ ਗੱਲ ਕਰ ਰਹੇ ਹਨ ਜਿਵੇਂ ਕੇਂਦਰ ਸਰਕਾਰ ਅਮਰੀਕਾ ਨਾਲ ਕਿਸਾਨ ਵਿਰੋਧੀ ਸਮਝੌਤੇ ਨਾ ਕਰੇ, ਕਿਸਾਨ, ਮਜ਼ਦੂਰਾਂ ਸਿਰ ਚੜ੍ਹੇ ਕਰਜ਼ੇ ਖ਼ਤਮ ਕਰੇ। ਪੰਜਾਬ ਸਰਕਾਰ ਵੱਲੋਂ ਲਿਆਂਦੀ ਲੈਂਡ ਨੀਤੀ ਰੱਦ ਕਰੇ, ਕਾਸ਼ਤਕਾਰ ਕਿਸਾਨਾਂ ਨੂੰ ਜ਼ਮੀਨੀ ਦੇ ਹੱਕ ਦਿੱਤੇ ਜਾਣ, ਸੰਘਰਸ਼ਾਂ ਦੌਰਾਨ ਪਾਏ ਝੂਠੇ ਕੇਸ਼ ਰੱਦ ਕੀਤੇ ਜਾਣ, ਪਰਾਲੀ ਫੁਕਣ ਦੇ ਪਰਚੇ ਰੱਦ ਕੀਤੇ ਜਾਣ, ਹਰ ਖੇਤ ਨੂੰ ਨਹਿਰੀ ਪਾਣੀ ਦੇਣ ਦੀ ਗਰੰਟੀ ਕੀਤੀ ਜਾਵੇ, ਹਰ ਘਰ ਨੂੰ ਪੀਣ ਵਾਲਾ ਪਾਣੀ ਲਾਜ਼ਮੀ ਦਿੱਤਾ ਜਾਵੇ, ਪੰਜਾਬ ਦੇ ਪਾਣੀਆਂ ਤੇ ਕਰਵਾਏ ਜਾਂ ਰਹੇ ਕੰਪਨੀਆਂ ਦੇ ਕਬਜਿਆਂ ਨੂੰ ਰੋਕਿਆ ਜਾਵੇ, ਐਮਐਸਪੀ ਗਰੰਟੀ ਕਾਨੂੰਨ ਲਿਆਂਦਾ ਜਾਵੇ, ਫਸਲਾਂ ਦੇ ਭਾਅ ਸੁਆਮੀ ਨਾਥਨ ਕਮੀਸਨ ਦੀਆਂ ਸਿਫਾਰਸ਼ਾਂ ਮੁਤਾਬਕ ਤੈਅ ਕੀਤੇ ਜਾਣ। ਇਸ ਮੌਕੇ ਇੰਦਰਜੀਤ ਸਿੰਘ ਝੱਬਰ, ਭੋਲਾ ਸਿੰਘ ਮਾਖਾ, ਜਗਸੀਰ ਸਿੰਘ ਜਮਾਵਰਕੇ, ਕੁਲਦੀਪ ਸਿੰਘ ਚਚੋਹਰ, ਹਰਪਾਲ ਸਿੰਘ ਮੀਰਪੁਰ, ਮਹਿੰਦਰ ਸਿੰਘ ਰੁਮਾਣਾ, ਮੇਜ਼ਰ ਸਿੰਘ ਗੋਬਿੰਦਪੁਰਾ, ਸਾਥੂ ਸਿੰਘ ਅਕਲੀਆਂ, ਚਰਨਜੀਤ ਕੌਰ ਖੋਖਰ ਕਲਾਂ ਨੇ ਵੀ ਸੰਬੋਧਨ ਕੀਤਾ।