ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਕਿਸਾਨ ਦੀ ਕੁਰਕੀ ਰੋਕੀ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ
Publish Date: Sat, 19 Sep 2026 05:27 PM (IST)
Updated Date: Sat, 19 Sep 2026 05:29 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਮਾਨਸਾ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਪਿੰਡ ਠੂਠਿਆਂਵਾਲੀ ਦੇ ਕਿਸਾਨ ਸੁਰਜੀਤ ਸਿੰਘ ਪੁੱਤਰ ਦਰਬਾਰਾ ਸਿੰਘ ਦੀ ਮਾਨਸਾ ਮੰਡੀ ਦੇ ਇੱਕ ਸੂਦਖੋਰ ਪਵਨ ਕੁਮਾਰ ਪੁੱਤਰ ਜਗਨ ਨਾਥ ਵੱਲੋਂ ਪ੍ਰਨੋਟ ਦੇ ਵਿਰੋਧ ਵਿੱਚ ਲਿਆਂਦੀ ਜ਼ਮੀਨ ਦੀ ਕੁਰਕੀ ਦੇ ਵਿਰੋਧ ਵਿਚ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਅਕਲੀਆ ਦੀ ਅਗਵਾਈ ਵਿਚ ਤਹਿਸੀਲਦਾਰ ਦਫ਼ਤਰ ਮਾਨਸਾ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ। ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਨੇ ਦੱਸਿਆ ਕਿ ਸੁਰਜੀਤ ਸਿੰਘ ਦੀ ਪਿਛਲੇ ਲੰਬੇ ਸਮੇਂ ਤੋਂ ਪਾਵਨ ਕੁਮਾਰ ਨਾਲ ਆੜਤ ਦੀ ਸਾਂਝ ਸੀ। ਪਵਨ ਕੁਮਾਰ ਵੱਲੋਂ ਉਸਦੀ ਨਰਮਦਿਲੀ ਦਾ ਫਾਇਦਾ ਚੁੱਕਦੇ ਹੋਏ ਖਾਲੀ ਪ੍ਰਨੋਟ ਨੂੰ ਆਪਣੀ ਤਰਫੋਂ ਭਰ ਕੇ ਕੋਰਟ ਵਿਚ ਸਿਵਲ ਪ੍ਰੋਸੀਜਰ ਦੀ 1908 ਦੀ ਰੂਲਿੰਗ 64 ਦੇ ਆਰਡਰ ਨੰਬਰ 21 ਅਧੀਨ 1066009 ਰੁਪਏ ਦੇ ਕਰੀਬ ਬਦਲੇ ਮਾਨਸਾ ਪਿੰਡ ਵਿੱਚ ਪੈਂਦੇ 10 ਵਿਸਵਿਆਂ ਦੇ ਪਲਾਟ ਦੀ ਕੁਰਕੀ ਦੇ ਆਰਡਰ ਲਿਆਂਦੇ ਗਏ ਸੀ. ਕਿਸਾਨ ਵੱਲੋਂ ਨੋਟਿਸ ਨੂੰ ਪੜਦਿਆਂ ਸਾਰ ਜਥੇਬੰਦੀ ਕੋਲ ਪਹੁੰਚ ਕੀਤੀ ਗਈ। ਜਥੇਬੰਦੀ ਵੱਲੋਂ ਫੌਰੀ ਐਕਸ਼ਨ ਲੈਂਦਿਆਂ ਤਹਿਸੀਲਦਾਰ ਦਫ਼ਤਰ ਮਾਨਸਾ ਅੱਗੇ ਧਰਨਾ ਦਿੱਤਾ ਗਿਆ। ਵਿਰੋਧ ਦੇ ਚਲਦਿਆਂ ਮੌਕੇ ਪਰ ਕੋਈ ਵੀ ਅਧਿਕਾਰੀ ਬੋਲੀ ਕਰਨ ਨਹੀਂ ਆਇਆ, ਜਿਸ ਉੱਤੇ ਜਥੇਬੰਦੀ ਵੱਲੋਂ ਜੇਤੂ ਨਾਰਿਆਂ ਨਾਲ ਧਰਨੇ ਦੀ ਸਮਾਪਤੀ ਕੀਤੀ ਗਈ। ਕਿਸਾਨ ਆਗੂ ਮੱਖਣ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਜਥੇਬੰਦੀ ਆਪਣੀ ਇਤਿਹਾਸ ਉੱਤੇ ਪਹਿਰਾ ਦਿੰਦਿਆਂ ਕਰਜੇ ਵੱਟੇ ਕੁਰਕੀ, ਨਿਲਾਮੀਆਂ ਦੀ ਲੜਾਈ ਨੂੰ ਪਹਿਲ ਦੇ ਆਧਾਰ ਉੱਤੇ ਲੜ ਰਹੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਮੌਕੇ-ਮੌਕੇ ਉੱਪਰ ਸਰਕਾਰਾਂ ਵੱਲੋਂ ਕਰਜ਼ਿਆਂ ਨੂੰ ਖਤਮ ਕਰਨ ਅਤੇ ਫਸਲਾਂ ਦੇ ਵਾਜਿਬ ਭਾਅ ਦੇਣ ਦੀ ਗੱਲ ਕਹੀ ਜਾਂਦੀ ਹੈ ਪਰ ਸਰਕਾਰ ਦੇ ਵਾਅਦੇ ਕਦੇ ਵੀ ਖਰੇ ਨਹੀਂ ਉਤਰੇ। ਉਨ੍ਹਾਂ ਕਿਹਾ ਕਿ ਜਥੇਬੰਦੀ ਵੱਲੋਂ ਕਿਸੇ ਵੀ ਕਿਸਾਨ ਨੂੰ ਕਰਜੇ ਬਦਲੇ ਜ਼ਮੀਨ ਕੁਰਕ ਜਾਂ ਨਿਲਾਮ ਨਹੀਂ ਹੋਣ ਦਿੱਤੀ ਜਾਵੇਗੀ। ਇਸ ਮੌਕੇ ਬਲਾਕ ਪ੍ਰਧਾਨ ਬਲਜੀਤ ਸਿੰਘ ਭੈਣੀ ਬਾਘਾ, ਕਾਲਾ ਸਿੰਘ ਅਕਲੀਆ, ਮੱਖਣ ਸਿੰਘ ਅਤਲਾ, ਕਰਨੈਲ ਸਿੰਘ ਖੀਵਾ, ਜਗਜੀਤ ਸਿੰਘ, ਗੁਰਮੀਤ ਸਿੰਘ ਜੋਗਾ, ਮਹਿੰਦਰ ਸਿੰਘ ਹੀਰੋ, ਸੁਖਦੇਵ ਸਿੰਘ, ਲੀਲਾ ਸਿੰਘ ਮੂਸਾ ਆਦਿ ਨੇ ਸੰਬੋਧਨ ਕੀਤਾ।