ਭਾਖੜਾ ਨਹਿਰ ਦੀ ਬੰਦੀ ਨੇ ਵਧਾਈ ਕਿਸਾਨਾਂ ਦੀ ਚਿੰਤਾ, ਪਛੜ ਰਹੀ ਝੋਨੇ ਦੀ ਲੁਆਈ ਝੋਨੇ ਦੀ ਲੁਆਈ ਦਾ ਸੀਜ਼ਨ
Publish Date: Wed, 15 Jul 2026 07:51 PM (IST)
Updated Date: Thu, 16 Jul 2026 04:04 AM (IST)
* 65 ਪਿੰਡਾਂ ਦੇ ਕਿਸਾਨ ਹੋ ਰਹੇ ਹਨ ਪ੍ਰਭਾਵਿਤ ਫ਼ੋਟੋ : 11 ਐਮਏਐਨ ਕੈਪਸ਼ਨ : ਬੰਦ ਪਈ ਨਿਊ ਢੰਡਾਲ ਨਹਿਰ ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ ਸਰਦੂਲਗੜ੍ਹ : ਝੋਨੇ ਦੀ ਲੁਆਈ ਦਾ ਸੀਜ਼ਨ ਜੋਰਾਂ ‘ਤੇ ਹੈ ਪਰ ਹਰਿਆਣਾ ਸਿੰਚਾਈ ਵਿਭਾਗ ਵੱਲੋਂ ਟੋਹਾਣਾ ਹੈੱਡਵਰਕਸ ਤੋਂ ਪੰਜਾਬ ਨੂੰ ਆਉਣ ਵਾਲੀ ਭਾਖੜਾ ਮੇਨ ਬਰਾਂਚ ਨਹਿਰ ਨੂੰ ਕਰੀਬ 15 ਦਿਨਾਂ ਹੋਣ ਵਾਲੇ ਹਨ ਤੇ ਬੰਦ ਕੀਤਾ ਹੋਇਆ ਹੈ। ਇਸ ਕਾਰਨ ਭਾਖੜਾ ਨਹਿਰ ਨਾਲ ਜੁੜੀ ਨਿਊ ਢੰਡਾਲ ਨਹਿਰ ਜੋ ਕਿ ਸਰਦੂਲਗੜ੍ਹ ਦੇ ਲਗਭਗ 65 ਪਿੰਡਾਂ ਨੂੰ ਪਾਣੀ ਮੁਹਈਆ ਕਰਵਾਉਂਦੀ ਹੈ ਵੀ ਸੁੱਕੀ ਪਈ ਹੈ। ਇਸ ਕਾਰਨ ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਮੇਂ ਇਲਾਕੇ ’ਚ ਝੋਨੇ ਦੀ ਲੁਆਈ ਦਾ ਕੰਮ ਜ਼ੋਰਾਂ ਤੇ ਚੱਲ ਰਿਹਾ ਹੈ, ਪਰ ਨਹਿਰੀ ਪਾਣੀ ਦੀ ਬੰਦੀ ਕਾਰਨ ਕਈ ਕਿਸਾਨ ਆਪਣੇ ਖੇਤਾਂ ਵਿੱਚ ਝੋਨਾ ਲਗਾਉਣ ਲਈ ਪ੍ਰੇਸ਼ਾਨ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਬੰਦੀ ਕਾਰਨ ਵੱਡਾ ਰਕਬਾ ਝੋਨੇ ਦੀ ਬਿਜਾਈ ਤੋਂ ਬਿਨਾਂ ਹੀ ਰਹਿ ਜਾਵੇਗਾ, ਜਿਸ ਨਾਲ ਇਸ ਖੇਤਰ ਦੇ ਝੋਨੇ ਦੇ ਉਤਪਾਦਨ ਤੇ ਗੰਭੀਰ ਅਸਰ ਪਵੇਗਾ। ਕਿਸਾਨਾਂ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਇਨ੍ਹਾਂ ਦਿਨਾਂ ਦੌਰਾਨ ਨਿਊ ਢੰਡਾਲ ਬਰਾਂਚ ਸਮੇਤ ਹੋਰ ਨਹਿਰਾਂ ਵਿੱਚ ਲਗਾਤਾਰ ਪਾਣੀ ਚੱਲਦਾ ਰਿਹਾ ਹੈ, ਪਰ ਇਸ ਸਾਲ ਅਚਾਨਕ ਕੀਤੀ ਗਈ ਬੰਦੀ ਨੇ ਖੇਤੀਬਾੜੀ ਦਾ ਸਾਰਾ ਸ਼ਡਿਊਲ ਵਿਗਾੜ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਹੋਰ ਖੇਤਰਾਂ ਵਿੱਚ ਨਹਿਰੀ ਪਾਣੀ ਦੀ ਸਪਲਾਈ ਆਮ ਵਾਂਗ ਜਾਰੀ ਹੈ, ਪਰ ਸਰਹੱਦੀ ਇਲਾਕਿਆਂ ਦੇ ਕਿਸਾਨਾਂ ਨੂੰ ਪਾਣੀ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ। ਕਿਸਾਨਾਂ ਨੇ ਦੋਸ਼ ਲਗਾਇਆ ਕਿ ਟੋਹਾਣਾ ਹੈੱਡਵਰਕਸ ਤੋਂ ਹਰਿਆਣਾ ਵੱਲ ਜਾਣ ਵਾਲੀਆਂ ਸਾਰੀਆਂ ਨਹਿਰਾਂ ਵਿੱਚ ਪਾਣੀ ਦੀ ਸਪਲਾਈ ਲਗਾਤਾਰ ਜਾਰੀ ਹੈ, ਜਦਕਿ ਸਿਰਫ਼ ਪੰਜਾਬ ਨੂੰ ਆਉਣ ਵਾਲੀ ਭਾਖੜਾ ਮੇਨ ਬਰਾਂਚ ਨੂੰ ਹੀ ਬੰਦ ਕੀਤਾ ਗਿਆ ਹੈ। ਇੱਥੇ ਇਹ ਵੀ ਵਰਨਣਯੋਗ ਹੈ ਕਿ ਭਾਖੜਾ ਮੇਨ ਬਰਾਂਚ ਦੀ ਬੰਦੀ ਦੌਰਾਨ ਨਿਯਮਾਂ ਅਨੁਸਾਰ ਪੰਜਾਬ ਨੂੰ ਘੱਟੋ - ਘੱਟ 400 ਕਿਊਸਿਕ ਪਾਣੀ ਦਿੱਤਾ ਜਾਣਾ ਲਾਜ਼ਮੀ ਹੈ। ਪਰ ਕਿਸਾਨਾਂ ਦਾ ਦੋਸ਼ ਹੈ ਕਿ ਪਿਛਲੇ ਕਈ ਦਿਨਾਂ ਤੋਂ ਇਹ ਲਾਜ਼ਮੀ ਪਾਣੀ ਵੀ ਨਹੀਂ ਛੱਡਿਆ ਜਾ ਰਿਹਾ। ਇਸ ਕਾਰਨ ਕਿਸਾਨਾਂ ਵਿੱਚ ਭਾਰੀ ਰੋਸ ਹੈ ਅਤੇ ਉਹ ਇਸ ਨੂੰ ਹਰਿਆਣਾ ਸਿੰਚਾਈ ਵਿਭਾਗ ਅਤੇ ਟੋਹਾਣਾ ਹੈੱਡਵਰਕਸ ਦੇ ਅਧਿਕਾਰੀਆਂ ਦੀ ਪੰਜਾਬ ਪ੍ਰਤੀ ਅਣਗਹਿਲੀ ਦਾ ਸਬੂਤ ਮੰਨ ਰਹੇ ਹਨ। ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਪੰਜਾਬ ਦੇ ਸਿੰਚਾਈ ਵਿਭਾਗ ਦੇ ਉੱਚ ਅਧਿਕਾਰੀ ਵੀ ਕੋਈ ਪ੍ਰਭਾਵਸ਼ਾਲੀ ਦਖ਼ਲ ਕਰਨ ਵਿੱਚ ਅਸਮਰੱਥ ਨਜ਼ਰ ਆ ਰਹੇ ਹਨ, ਜਿਸ ਕਾਰਨ ਸਰਹੱਦੀ ਇਲਾਕਿਆਂ ਦੇ ਕਿਸਾਨ ਆਪਣੇ ਆਪ ਨੂੰ ਬੇਸਹਾਰਾ ਮਹਿਸੂਸ ਕਰ ਰਹੇ ਹਨ। ਇੱਥੇ ਇਹ ਵੀ ਵਰਨਣਯੋਗ ਹੈ ਕਿ ਘੱਗਰ ਤੋਂ ਪਾਰਲੇ ਇਲਾਕਿਆਂ ਵਿੱਚ ਧਰਤੀ ਹੇਠਲਾ ਪਾਣੀ ਖਾਰਾ ਹੋਣ ਕਰਕੇ ਕਿਸਾਨਾਂ ਦੀ ਪੂਰੀ ਨਿਰਭਰਤਾ ਨਹਿਰੀ ਪਾਣੀ ਤੇ ਹੀ ਹੈ। ਅਜਿਹੇ ਵਿੱਚ ਭਾਖੜਾ ਮੇਨ ਬਰਾਂਚ ਦੀ ਬੰਦੀ ਨੇ ਖੇਤੀ ਨੂੰ ਵੱਡੇ ਸੰਕਟ ਵਿੱਚ ਧੱਕ ਦਿੱਤਾ ਹੈ। ਭਾਖੜਾ ਮੇਨ ਬਰਾਂਚ ਦੀ ਬੰਦੀ ਕਾਰਨ ਖੈਰਾ ਕਲਾਂ, ਖੈਰਾ ਖੁਰਦ, ਕਰੰਡੀ, ਝੰਡਾ ਕਲਾਂ, ਝੰਡਾ ਖੁਰਦ, ਮਾਨਖੇੜਾ, ਸੰਘਾ, ਨਾਹਰਾ ਸਮੇਤ ਸਰਦੂਲਗੜ੍ਹ ਨਾਲ ਲੱਗਦੇ ਲਗਭਗ 65 ਪਿੰਡਾਂ ਵਿੱਚ ਕਿਸਾਨ ਸਮੇਂ ਸਿਰ ਝੋਨੇ ਦੀ ਲੁਆਈ ਨਹੀਂ ਕਰ ਸਕੇ। ਪ੍ਰਭਾਵਿਤ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਅੰਤਰਰਾਜੀ ਮਸਲਾ ਹੋਣ ਕਾਰਨ ਪੰਜਾਬ ਹਰਿਆਣਾ ਦੋਹਾਂ ਸਟੇਟਾਂ ਦੇ ਸਿੰਚਾਈ ਮੰਤਰੀਆਂ ਵੱਲੋਂ ਹੀ ਇਸ ਦਾ ਹੱਲ ਕੱਢਿਆ ਜਾ ਸਕਦਾ ਹੈ । ਕਿਸਾਨਾਂ ਮੰਗ ਕੀਤੀ ਭਾਖੜਾ ਮੇਨ ਬਰਾਂਚ ਵਿੱਚ ਪਾਣੀ ਦੀ ਸਪਲਾਈ ਮੁੜ ਬਹਾਲ ਕਰਵਾਈ ਜਾਵੇ ਅਤੇ ਪੰਜਾਬ ਦੇ ਹਿੱਸੇ ਦਾ ਨਿਯਮਾਂ ਅਨੁਸਾਰ ਬਣਦਾ ਪਾਣੀ ਹਰ ਹਾਲ ਵਿੱਚ ਯਕੀਨੀ ਬਣਾਇਆ ਜਾਵੇ, ਤਾਂ ਜੋ ਹਜ਼ਾਰਾਂ ਏਕੜ ਫ਼ਸਲ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾਇਆ ਜਾ ਸਕੇ। ਇਸ ਸਬੰਧੀ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਬਣਾਵਾਲੀ ਨੇ ਵੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਹਰਿਆਣਾ ਸਰਕਾਰ ਜਾਣ ਬੁੱਝ ਕੇ ਸਾਡੇ ਕਿਸਾਨਾਂ ਨੂੰ ਪਰੇਸ਼ਾਨ ਕਰ ਰਹੀ ਹੈ ਉਹਨਾਂ ਕਿਹਾ ਸੀ ਕਿ ਹਰਿਆਣੇ ਨੇ ਨਹਿਰ ਨੂੰ ਰਿਪੇਅਰ ਕਰਨ ਦੇ ਬਹਾਨੇ ਨਾਲ ਬੰਦ ਕੀਤਾ ਹੋਇਆ ਹੈ ਜਦੋਂ ਕਿ ਇਹ ਸਮਾਂ ਨਹਿਰਾਂ ਨੂੰ ਰਿਪੇਅਰ ਕਰਨ ਦਾ ਨਹੀਂ ਹੁੰਦਾ ਉਹਨਾਂ ਕਿਹਾ ਕਿ ਇਸ ਸਬੰਧੀ ਜਲਦੀ ਹੀ ਉਹ ਭਾਖੜਾ ਬਿਆਸ ਮੈਨੇਜਮੈਂਟ ਦੇ ਉੱਚ ਅਧਿਕਾਰੀਆਂ ਨਾਲ ਮਿਲ ਕੇ ਗੱਲਬਾਤ ਕਰਨਗੇ।