ਭਗਵੰਤ ਮਾਨ ਨੇ ਆਪਣਾ ਹਰਾ ਪੈੱਨ ਨਸ਼ਾ ਤਸਕਰਾਂ ਕੋਲ ਗਹਿਣੇ ਧਰਿਆ : ਐਡਵੋਕੇਟ ਕੁਲਵਿੰਦਰ ਉੱਡਤ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੋਣਾਂ
Publish Date: Sat, 31 Oct 2026 05:28 PM (IST)
Updated Date: Sat, 31 Oct 2026 05:29 PM (IST)
ਪੱਤਰ ਪ੍ਰੇਰਕ ਪੰਜਾਬੀ ਜਾਗਰਣ ਮਾਨਸਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਪੱਕੀ ਗਾਰੰਟੀ ਦਿੱਤੀ ਸੀ ਕਿ ਸੱਤਾ ਵਿਚ ਆਉਣ ਸਾਰ ਪੰਜਾਬ ’ਚੋਂ ਨਸ਼ਿਆਂ ਦੇ ਵੱਗ ਰਹੇ ਛੇਵੇਂ ਦਰਿਆ ਨੂੰ ਠੱਲ੍ਹ ਪਾਈ ਜਾਵੇਗੀ ਤੇ ਪੰਜਾਬ ’ਚੋਂ ਨਸ਼ੇ ਦੀ ਜੜ੍ਹ ਪੁੱਟ ਕੇ ਰੱਖ ਦਿੱਤੀ ਜਾਵੇਗੀ, ਸੱਤਾ ਵਿਚ ਆਉਣ ਤੋ ਬਾਅਦ ਆਪ ਸਰਕਾਰ ਨੇ ਪੰਜਾਬ ਦੇ ਹਰ ਪਿੰਡ, ਕਸਬੇ ਤੇ ਸ਼ਹਿਰ ਵਿਚ ਨਸ਼ਾ ਆਮੋ ਆਮ ਕਰ ਦਿੱਤਾ ਤੇ ਹਰ ਦਿਨ ਪੰਜਾਬ ’ਚੋਂ ਨਸ਼ਿਆਂ ਕਾਰਨ ਨੌਜਵਾਨਾਂ ਦੀਆ ਲਾਸ਼ਾਂ ਉੱਠ ਰਹੀਆਂ ਹਨ ਤੇ ਪੰਜਾਬ ਵਿਚ ਸਿਵਿਆਂ ਦੀਆਂ ਲਾਟਾ ਉਚੀਆਂ ਉੱਠ ਰਹੀਆ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਇੱਥੋਂ ਥੋੜੀ ਦੂਰ ਸਥਿਤ ਪਿੰਡ ਦੂਲੋਵਾਲ ਵਿਖੇ ਜਨਤਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੈਂਟਰ ਆਫ ਇੰਡੀਅਨ ਟਰੇਡ ਯੂਨੀਅਨਜ਼ (ਸੀਟੂ) ਦੇ ਸੂਬਾਈ ਮੀਤ ਪ੍ਰਧਾਨ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਆਪਣਾ ਹਰਾ ਪੈੱਨ ਨਸ਼ਾ ਤਸ਼ਕਰਾਂ ਦੇ ਕੋਲ ਗਹਿਣੇ ਰੱਖ ਦਿੱਤਾ ਤੇ ਪੰਜਾਬ ਦੀ ਜ਼ੁਬਾਨੀ ਨੂੰ ਬਰਬਾਦ ਕਰਨ ਲਈ ਆਪਣੀ ਜੀਭ ’ਤੇ ਤਾਲਾ ਲਾ ਲਿਆ। ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਬਦਲਾਅ ਵਾਲੀ ਮਾਨ ਸਰਕਾਰ ਦੇ ਕਾਰਜਕਾਲ ਵਿਚ ਨਸ਼ਾ ਤਸਕਰਾਂ ਦੇ ਹੌਸਲੇ ਰਿਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਤੋਂ ਵੀ ਵੱਧ ਵਧੇ ਹੋਏ ਹਨ, ਨਸ਼ਾ ਵਿਰੋਧੀ ਮੁਹਿੰਮ ਦੇ ਕਾਰਕੁੰਨ ਦੇ ਕਤਲ ਕੀਤੇ ਜਾ ਰਹੇ ਹਨ ਤੇ ਉਨ੍ਹਾਂ ਤੇ ਝੂਠੇ ਪੁਲਿਸ ਕੇਸ ਬਣਾ ਕੇ ਜੇਲ੍ਹਾਂ ’ਚ ਛੁਟਿਆ ਜਾ ਰਿਹਾ ਹੈ। ਐਡਵੋਕੇਟ ਉੱਡਤ ਨੇ ਕਿਹਾ ਕਿ 3 ਨਵੰਬਰ ਦੀ ਧੂਰੀ ਰੈਲੀ ਮਾਨ ਸਰਕਾਰ ਦੀਆਂ ਜੜ੍ਹਾਂ ਹਿਲਾ ਕੇ ਰੱਖ ਦੇਵੇਗੀ ਤੇ ਵਰਕਿੰਗ ਕਲਾਸ ਨਾਲ ਮਾਨ ਸਰਕਾਰ ਵੱਲੋਂ ਕੀਤੇ ਵਿਸ਼ਵਾਸਘਾਤ ਦਾ ਇੰਤਕਾਮ ਲਿਆ ਜਾਵੇਗਾ। ਇਸ ਮੌਕੇ ਸਾਥੀ ਬਲਵਿੰਦਰ ਸਿੰਘ ਕੋਟ ਧਰਮੂ, ਸਾਥੀ ਗੁਰਪਿਆਰ ਸਿੰਘ ਕੋਟ ਧਰਮੂ, ਸਾਥੀ ਦੇਸਰਾਜ ਸਿੰਘ ਕੋਟ ਧਰਮੂ, ਬਲਦੇਵ ਸਿੰਘ ਦੂਲੋਵਾਲ, ਤੇਜਾ ਸਿੰਘ ਦੂਲੋਵਾਲ, ਹਰਬੰਸ ਸਿੰਘ ਦੂਲੋਵਾਲ, ਬਿੱਲੂ ਸਿੰਘ ਦੂਲੋਵਾਲ, ਕਰਨੈਲ ਸਿੰਘ ਦੂਲੋਵਾਲ, ਕਾਲੀ ਸਿੰਘ ਤੇ ਕੁਲਵੰਤ ਸਿੰਘ ਆਦਿ ਵੀ ਹਾਜ਼ਰ ਸਨ।