ਤਿਕੋਣੀ ਦੀਆਂ ਲਾਈਟਾਂ ਬੰਦ ਹੋਣ ਕਾਰਨ ਲੋਕ ਪਰੇਸ਼ਾਨ
ਬਰਨਾਲਾ ਸਿਰਸਾ ਨੈਸ਼ਨਲ ਹਾਈਵੇ
Publish Date: Sun, 18 Jan 2026 08:02 PM (IST)
Updated Date: Mon, 19 Jan 2026 04:18 AM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ : ਮਾਨਸਾ : ਬਰਨਾਲਾ-ਸਿਰਸਾ ਨੈਸ਼ਨਲ ਹਾਈਵੇ ’ਤੇ ਮਾਨਸਾ ਸ਼ਹਿਰ ਦੀ ਤਿੰਨ ਕੋਨੀ ਤੇ ਡੀਸੀ ਰਿਹਾਇਸ਼ ਨਜ਼ਦੀਕ ਲੱਗੀਆਂ ਬੱਤੀਆਂ ਲੰਬੇ ਸਮੇਂ ਤੋਂ ਖਰਾਬ ਪਈਆਂ ਹਨ, ਪਰ ਇਨ੍ਹਾਂ ਨੂੰ ਠੀਕ ਕਰਵਾਉਣ ਵੱਲ ਨਾ ਤਾਂ ਪ੍ਰਸ਼ਾਸਨ ਅਤੇ ਨਾ ਹੀ ਨਗਰ ਕੌਂਸਲ ਵੱਲੋਂ ਕੋਈ ਠੋਸ ਕਦਮ ਚੁੱਕਿਆ ਗਿਆ ਹੈ। ਇਸ ਕਾਰਨ ਆਉਣ ਜਾਣ ਵਾਲੇ ਵਾਹਨ ਲਾਈਟਾਂ ਖਰਾਬ ਹੋਣ ਕਾਰਨ ਲੰਘਣ ਵੇਲੇ ਦੁਚਿੱਤੀ ’ਚ ਪਏ ਦਿਖਾਈ ਦਿੰਦੇ ਹਨ ਅਤੇ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਇੱਥੇ ਤਿੰਨਕੋਨੀ ‘ਤੇ ਹਰ ਵੇਲੇ ਵਾਹਨਾਂ ਦੀ ਆਵਾਜਾਈ ਰਹਿੰਦੀ ਹੈ। ਲਾਈਟਾਂ ਬੰਦ ਹੋਣ ਕਾਰਨ ਵਾਹਨ ਚਾਲਕਾਂ ਨੂੰ ਇਥੋਂ ਲੰਘਦੇ ਸਮੇਂ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਕਈ ਵਾਰ ਹਾਦਸੇ ਵੀ ਵਾਪਰ ਚੁੱਕੇ ਹਨ। ਇਲਾਕਾ ਵਾਸੀਆਂ ਨੇ ਮੰਗ ਕੀਤੀ ਹੈ ਕਿ ਇਹ ਬੱਤੀਆਂ ਜਲਦ ਤੋਂ ਜਲਦ ਠੀਕ ਕਰਵਾਈਆਂ ਜਾਣ, ਜੋ ਹਾਦਸਿਆਂ ਤੋਂ ਬਚਿਆ ਜਾ ਸਕੇ। ਇਸ ਮੌਕੇ ਗੁਰਪ੍ਰੀਤ ਸਿੰਘ ਹੀਰਕੇ ਨੇ ਦੱਸਿਆ ਕਿ ਜਦੋਂ ਵੀ ਉਹ ਮਾਨਸਾ ਆਉਂਦੇ ਹਨ ਤਾਂ ਤਿੰਨ ਕੋਨੀ ’ਤੇ ਲੱਗੀਆਂ ਲਾਈਟਾਂ ਬੰਦ ਹੀ ਨਜ਼ਰ ਆਉਂਦੀਆਂ ਹਨ। ਇਸ ਦੇ ਇਲਾਵਾ ਵਾਹਨ ਚਾਲਕ ਰਘਵੀਰ ਸਿੰਘ ਨੇ ਕਿਹਾ ਕਿ ਇਹ ਲਾਈਟਾਂ ਇਸ ਲਈ ਲਗਾਈਆਂ ਗਈਆਂ ਸਨ ਤਾਂ ਜੋ ਇਥੇ ਵੱਡੀ ਗਿਣਤੀ ਆਉਂਦੇ ਵਾਹਨ ਲਾਈਟਾਂ ਦੇ ਲਾਲ, ਪੀਲੀ, ਹਰੀ ਹੋਣ ’ਤੇ ਲੰਘ ਸਕਣ, ਪਰ ਇਹ ਬੱਤੀਆਂ ਬੰਦ ਹੋਣ ਕਾਰਨ ਉਹ ਮੁਸ਼ਕਿਲਾਂ ’ਚ ਫਸੇ ਹੋਏ ਹਨ। ਹਰ ਵਾਹਨ ਚਾਲਕ ਕਾਹਲੀ ਕਰ ਰਿਹਾ ਹੈ ਅਤੇ ਇਸ ਨਾਲ ਹਾਦਸੇ ਵਾਪਰਨ ਦਾ ਖਦਸ਼ਾ ਬਣਿਆ ਹੋਇਆ ਹੈ। ਜੇਕਰ ਇਹ ਬੱਤੀਆਂ ਤਿੰਨ ਕੋਨੀ ’ਤੇ ਠੀਕ ਕਰਵਾਈਆਂ ਜਾਣ ਤਾਂ ਆਮ ਲੋਕਾਂ ਨੂੰ ਵੱਡੀ ਰਾਹਤ ਮਿਲ ਸਕਦੀ ਹੈ ਅਤੇ ਸੜਕ ਸੁਰੱਖਿਆ ਵੀ ਯਕੀਨੀ ਬਣੇਗੀ।