ਬਰੇਟਾ ਦਾ ਰੇਲਵੇ ਫ਼ਾਟਕ ਜ਼ਿਆਦਾਤਰ ਰਹਿੰਦਾ ਹੈ ਬੰਦ, ਲੋਕ ਪ੍ਰੇਸ਼ਾਨ
ਸਥਾਨਕ ਸ਼ਹਿਰ ਦਾ ਜਲਵੇੜੇ ਰੋਡ ਵਾਲਾ
Publish Date: Sat, 28 Nov 2026 06:05 PM (IST)
Updated Date: Sat, 28 Nov 2026 06:07 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਸਥਾਨਕ ਸ਼ਹਿਰ ਦਾ ਜਲਵੇੜੇ ਰੋਡ ਵਾਲਾ ਰੇਲਵੇ ਫ਼ਾਟਕ ਹਰ 18 ਮਿੰਟ ਬਾਅਦ ਬੰਦ ਹੋ ਜਾਂਦਾ ਹੈ, ਜਿਸ ਕਾਰਨ ਆਮ ਲੋਕਾਂ, ਦੁਕਾਨਦਾਰਾਂ, ਵਿਦਿਆਰਥੀਆਂ ਅਤੇ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫ਼ਾਟਕ ਬੰਦ ਹੋਣ ਮਗਰੋਂ ਇਸ ਦੇ ਖੁੱਲ੍ਹਣ ਲਈ ਲੋਕਾਂ ਨੂੰ ਲੰਮਾ ਸਮਾਂ ਉਡੀਕ ਕਰਨੀ ਪੈਂਦੀ ਹੈ। ਫ਼ਾਟਕ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ ਲੰਬੀਆਂ ਕਤਾਰਾਂ ਲੱਗ ਜਾਂਦੀਆਂ ਹਨ। ਇਸ ਕਾਰਨ ਕਈ ਵਾਰ ਜਾਮ ਦੀ ਸਥਿਤੀ ਬਣ ਜਾਂਦੀ ਹੈ ਅਤੇ ਦਫ਼ਤਰਾਂ, ਸਕੂਲਾਂ ਤੇ ਹੋਰ ਜ਼ਰੂਰੀ ਕੰਮਾਂ ਤੇ ਜਾਣ ਵਾਲੇ ਲੋਕ ਸਮੇਂ ਸਿਰ ਨਹੀਂ ਪਹੁੰਚ ਪਾਉਂਦੇ। ਮਰੀਜ਼ਾਂ ਨੂੰ ਲਿਜਾ ਰਹੀਆਂ ਗੱਡੀਆਂ ਨੂੰ ਵੀ ਕਈ ਵਾਰ ਫ਼ਾਟਕ ਤੇ ਰੁਕਣਾ ਪੈਂਦਾ ਹੈ। ਜ਼ਿਕਰਯੋਗ ਹੈ ਕਿ ਸ਼ਹਿਰ ਦੇ ਦੂਸਰੇ ਗਊਸ਼ਾਲਾ ਸਾਈਡ ਵਾਲੇ ਰੇਲਵੇ ਫ਼ਾਟਕ ਤੇ ਅੰਡਰਬ੍ਰਿਜ਼ ਦਾ ਕਾਰਜ ਚੱਲ ਰਿਹਾ ਹੈ, ਜਿਸ ਕਾਰਨ ਆਵਾਜਾਈ ਦਾ ਸਾਰਾ ਬੋਝ ਇਸ ਇੱਕੋ ਫ਼ਾਟਕ ਤੇ ਪੈ ਗਿਆ ਹੈ। ਇਸ ਨਾਲ ਸਮੱਸਿਆ ਹੋਰ ਗੰਭੀਰ ਹੋ ਗਈ ਹੈ। ਸ਼ਹਿਰ ਵਾਸੀਆਂ ਨੇ ਪ੍ਰਸ਼ਾਸਨ ਅਤੇ ਰੇਲਵੇ ਵਿਭਾਗ ਤੋਂ ਮੰਗ ਕੀਤੀ ਹੈ ਕਿ ਅੰਡਰਬ੍ਰਿਜ ਦਾ ਕੰਮ ਜਲਦੀ ਮੁਕੰਮਲ ਕਰਵਾਇਆ ਜਾਵੇ ਤਾਂ ਜੋ ਲੋਕਾਂ ਨੂੰ ਇਸ ਰੋਜ਼ਾਨਾ ਦੀ ਖੱਜਲ -ਖੁਆਰੀ ਤੋਂ ਰਾਹਤ ਮਿਲ ਸਕੇ।