ਕਣਕ ਕੱਟਣ ਉਪਰੰਤ ਨਾੜ ਸਾੜਨ 'ਤੇ ਪਾਬੰਦੀ
ਜ਼ਿਲ੍ਹਾ ਮੈਜਿਸਟਰੇਟ ਨਵਜੋਤ ਕੌਰ, ਆਈ.ਏ.ਐੱਸ.
Publish Date: Wed, 01 Apr 2026 06:06 PM (IST)
Updated Date: Thu, 02 Apr 2026 04:07 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਜ਼ਿਲ੍ਹਾ ਮੈਜਿਸਟ੍ਰੇਟ ਨਵਜੋਤ ਕੌਰ, ਆਈਏਐੱਸ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਦੀ ਧਾਰਾ 163 ਅਧੀਨ ਪ੍ਰਾਪਤ ਹੱਕਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਮਾਨਸਾ ਅੰਦਰ ਕਣਕ ਕੱਟਣ ਉਪਰੰਤ ਨਾੜ ਨੂੰ ਅੱਗ ਲਾਉਣ ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਹੈ। ਹੁਕਮ ’ਚ ਕਿਹਾ ਗਿਆ ਹੈ ਕਿ ਕਣਕ ਦੀ ਕਟਾਈ ਦਾ ਸੀਜ਼ਨ ਸਾਲ 2026 ਸ਼ੁਰੂ ਹੋਣ ਵਾਲਾ ਹੈ। ਆਮ ਤੌਰ ਤੇ ਵੇਖਣ ਵਿਚ ਆਇਆ ਹੈ ਕਿ ਕਣਕ ਕੱਟਣ ਉਪਰੰਤ ਨਾੜ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ, ਜਿਸ ਨਾਲ ਨੂਕਸਾਨ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਹਵਾ ’ਚ ਧੂੰਏਂ ਨਾਲ ਪ੍ਰਦੂਸ਼ਣ ਫੈਲਦਾ ਹੈ, ਜਿਸ ਨਾਲ ਸਾਹ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ। ਰਹਿੰਦ/ਖੂੰਹਦ ਨੂੰ ਅੱਗ ਲਗਾਉਣ ਨਾਲ ਜ਼ਮੀਨ ਦੀ ਉੱਪਰਲੀ ਸਤ੍ਹਾ ਜਲਣ ਕਰਕੇ ਇਸ ਵਿਚ ਮੌਜੂਦ ਕਈ ਲਾਭਦਾਇਕ ਜੀਵਾਣੂ ਮਰ ਜਾਂਦੇ ਹਨ, ਜਿਸ ਨਾਲ ਖੇਤ ਦੀ ਉਪਜਾਊ ਸ਼ਕਤੀ ਨਸ਼ਟ ਹੁੰਦੀ ਹੈ। ਇਸ ਨਾਲ ਆਲੇ ਦੁਆਲੇ ਖੜ੍ਹੀਆਂ ਫਸਲਾਂ ਤੋਂ ਇਲਾਵਾ ਪਿੰਡ ਦੀ ਆਬਾਦੀ ਵਿਚ ਵੀ ਅੱਗ ਫੈਲਣ ਦਾ ਡਰ ਬਣਿਆ ਰਹਿੰਦਾ ਹੈ, ਜਿਸ ਨਾਲ ਵੱਡੇ ਹਾਦਸੇ ਵੀ ਵਾਪਰ ਸਕਦੇ ਹਨ। ਸੜਕਾਂ ਦੁਆਲੇ ਮੌਜੂਦ ਰਹਿੰਦ-ਖੂੰਹਦ ਨੁੰ ਅੱਗ ਲਗਾਉਣ ਨਾਲ ਆਵਾਜਾਈ ਵਿਚ ਵਿਘਨ ਪੈਂਦਾ ਹੈ ਤੇ ਕਈ ਵਾਰ ਹਾਦਸੇ ਵੀ ਵਾਪਰ ਜਾਂਦੇ ਹਨ। ਇਸ ਨਾਲ ਪਿੰਡਾਂ ਵਿਚ ਲੜਾਈ ਝਗੜਾ ਹੋਣ ਦਾ ਵੀ ਖਦਸ਼ਾ ਬਣਿਆ ਰਹਿੰਦਾ ਹੈ ਤੇ ਅਸਿੱਧੇ ਤੌਰ ਤੇ ਇਸ ਦਾ ਅਸਰ ਦੇਸ਼ ਦੇ ਉਤਪਾਦਨ ਤੇ ਪੈਂਦਾ ਹੈ। ਇਹ ਹੁਕਮ 31 ਮਈ, 2026 ਤੱਕ ਲਾਗੂ ਰਹੇਗਾ।