ਬਲਕੌਰ ਸਿੰਘ ਸਿੱਧੂ ਮੂਸੇਵਾਲਾ ਵੱਲੋਂ ਭੀਖੀ ‘ਚ ਵਰਕਰ ਮਿਲਣੀ ਸੀਨੀਅਰ ਕਾਂਗਰਸੀ ਆਗੂ ਅਤੇ ਵਿਧਾਨ
Publish Date: Sun, 20 Sep 2026 05:25 PM (IST)
Updated Date: Mon, 21 Sep 2026 04:03 AM (IST)
ਕਿਹਾ, ਕਾਨੂੰਨ ਵਿਵਸਥਾ, ਸਿਹਤ ਤੇ ਸਿੱਖਿਆ ਖੇਤਰ ’ਚ ਸੁਧਾਰ ਹੋਵੇਗਾ ਮੁੱਖ ਟੀਚਾ ਜੀਵਨ ਸਿੰਗਲਾ, ਪੰਜਾਬੀ ਜਾਗਰਣ, ਭੀਖੀ : ਸੀਨੀਅਰ ਕਾਂਗਰਸੀ ਆਗੂ ਅਤੇ ਵਿਧਾਨ ਸਭਾ ਹਲਕਾ ਮਾਨਸਾ ਤੋਂ ਕਾਂਗਰਸ ਪਾਰਟੀ ਦੀ ਟਿਕਟ ਮੁੱਖ ਦਾਅਵੇਦਾਰ ਬਲਕੌਰ ਸਿੰਘ ਸਿੱਧੂ ਮੂਸੇਵਾਲਾ ਨੇ ਸਥਾਨਕ ਹਨੂੰਮਾਨ ਮੰਦਿਰ ਵਿਖੇ ਕਾਂਗਰਸੀ ਵਰਕਰਾਂ ਦੀ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸੂਬੇ ਵਿੱਚ ਮਾੜੀ ਕਾਨੂੰਨ ਵਿਵਸਥਾ ਨੂੰ ਉਹ ਆਪਣੇ ਪਿੰਡੇ ‘ਤੇ ਹੰਢਾ ਰਹੇ ਹਨ, ਕਾਨੂੰਨ ਵਿਵਸਥਾ ਵਿੱਚ ਵੱਡੇ ਪੱਧਰ ‘ਤੇ ਸੁਧਾਰਾਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਗੈਂਗਸਟਰਵਾਦ ਬਹੁਤ ਹੀ ਸੰਗਠਿਤ ਅਤੇ ਸਾਜਸ਼ੀ ਤਰੀਕੇ ਨਾਲ ਚਲਾਇਆ ਜਾ ਰਿਹਾ ਹੈ ਅਤੇ ਇਸ ਵਿੱਚ ਕੁਝ ਪੁਲਿਸ ਦੀਆਂ ਕਾਲੀਆਂ ਭੇਡਾਂ ਦੀ ਵੀ ਮਿਲੀਭੁਗਤ ਹੈ। ਉਨ੍ਹਾਂ ਕਿਹਾ ਕਿ ਉਹ ਗੈਂਗਸਟਰਵਾਦ ਦਾ ਖੁੱਲ ਕੇ ਵਿਰੋਧ ਕਰ ਰਹੇ ਹਨ ਅਤੇ ਜੇਕਰ ਕੋਈ ਵਿਅਕਤੀ ਗੈਂਗਸਟਰਵਾਦ ਤੋਂ ਪੀੜਿਤ ਹੈ ਤਾਂ ਉਹ ਉਸ ਨਾਲ ਹਿੱਕ ਡਾਅ ਕੇ ਖੜ੍ਹੇ ਰਹਿਣਗੇ। ਉਨ੍ਹਾਂ ਕਿਹਾ ਕਿ ਅੱਜ ਸੂਬੇ ਵਿੱਚ ਕਾਨੂੰਨੀ ਵਿਵਸਥਾ ਇੰਨੀ ਮਾੜੀ ਅਤੇ ਨਿਕੰਮੀ ਹੋ ਚੁੱਕੀ ਹੈ ਕਿ ਕੋਈ ਵੀ ਸ਼ਹਿਰੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀ ਕਰਦਾ। ਉਨ੍ਹਾਂ ਸ਼ਹਿਰੀਆਂ ਨੂੰ ਭਰੋਸਾ ਦਿੱਤਾ ਕਿ ਜੇਕਰ ਕੋਈ ਗੈਂਗਸਟਰਵਾਦ ਤੋਂ ਪੀੜਿਤ ਹੈ ਜਾਂ ਕੋਈ ਧਮਕੀ ਵਗ੍ਹੈਰਾ ਆਉਂਦੀ ਹੈ ਤਾਂ ਉਹ ਉਨਾਂ ਨਾਲ ਡਟ ਕੇ ਖੜਨਗੇ। ਕਾਂਗਰਸ ਆਗੂ ਨੇ ਕਿਹਾ ਕਿ ਉਨਾਂ ਦੇ ਸਪੁੱਤਰ ਮਰਹੂਮ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦਾ ਸੁਪਨਾ ਸੀ ਕਿ ਉਹ ਵਕਤੀ ਰਾਜਨੀਤੀ ਤੋਂ ਉੱਪਰ ਉੱਠ ਕੇ ਲੋਕਾਂ ਦੀਆਂ ਮੁੱਢਲੀਆਂ ਲੋੜਾਂ ਨੂੰ ਪੂਰਨ ਲਈ ਜਮੀਨੀ ਪੱਧਰ ‘ਤੇ ਯਤਨ ਕਰੇਗਾ। ਉਹ ਇਲਾਕੇ ਦੇ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਅਤੇ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਲਈ ਆਪਣਾ ਰਾਜਨੀਤਿਕ ਉਦੇਸ਼ ਰੱਖਦਾ ਸੀ। ਉਨ੍ਹਾਂ ਕਾਂਗਰਸੀ ਵਰਕਰਾਂ ਨੂੰ ਕਿਹਾ ਕਿ ਉਹ ਪਾਰਟੀ ਹਾਈਕਮਾਂਡ ਦੇ ਹਰ ਹੁਕਮ ਨੂੰ ਮੰਨਣ ਲਈ ਪ੍ਰਤੀਬੱਧ ਹਨ ਅਤੇ ਪਾਰਟੀ ਜਿਸ ਨੂੰ ਵੀ ਟਿਕਟ ਦਵੇਗੀ ਉਸਦੀ ਦਿਲੋਂ ਮਦਦ ਕਰਨਗੇ ਪ੍ਰੰਤੂ ਸਮੂਹ ਕਾਂਗਰਸੀ ਵਰਕਰਾਂ ਨੂੰ ਇਕੱਜੁੱਟ ਹੋ ਕੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨ ਦੀ ਜਰੂਰਤ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚਮਕੌਰ ਸਿੰਘ ਸਿੱਧੂ, ਅਮਨ ਸਿੰਗਲਾ ਢੈਪਈ, ਕਿਸਾਨ ਸੈੱਲ ਦੇ ਜਿਲ੍ਹਾ ਪ੍ਰਧਾਨ ਬਲਜੀਤ ਸ਼ਰਮਾ ਰਿਸ਼ੀ, ਚਰਨਜੀਤ ਮਾਖਾ, ਪਾਲ ਸਿੰਘ ਸਮਾਉਂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਮਨਜੀਤ ਰਾਣਾ, ਲਾਜਪਤ ਰਾਏ ਸ਼ਰਮਾ, ਧੰਨਾ ਸਿੰਘ ਸਮਾਉਂ, ਡਾ. ਸੁਲਤਾਨ ਸ਼ਾਹ, ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਵਿਨੋਦ ਸਿੰਗਲਾ, ਵਿੱਕੀ ਸ਼ਰਮਾ, ਜਰਨੈਲ ਸਿੰਘ ਭੀਖੀ, ਰਾਜਪ੍ਰੀਤ ਸਿੰਘ ਨੰਬਰਦਾਰ, ਜਗਤਾਰ ਸਿੰਘ ਗਿੰਨੀ, ਸਾਬਕਾ ਕੋਂਸਲਰ ਇੰਦਰਜੀਤ ਸਿੰਘ, ਰਣਜੀਤ ਸਿੰਘ ਮੋਹਰ ਸਿੰਘ ਵਾਲਾ, ਪਵਨ ਸ਼ਰਮਾ, ਡਾ. ਜਸਵੀਰ ਸਿੰਘ ਖੀਵਾ, ਸੰਜੀਵ ਕੁਮਾਰ ਸਿੰਗਲਾ, ਸੁਰੇਸ਼ ਕੁਮਾਰ ਸਮਾਉਂ, ਮੇਸ਼ੀ ਸ਼ੇਰੋਂ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਅਤੇ ਵਰਕਰ ਮੌਜੂਦ ਸਨ। ਬਾਕਸ ਗੁਰਪ੍ਰੀਤ ਵਿੱਕੀ ਨੂੰ ਮਿਲੀ ਧਮਕੀ ਤੋਂ ਅਣਜਾਣਤਾ ਜਤਾਈ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਅੱਜ ਕਾਂਗਰਸੀ ਆਗੂ ਅਤੇ ਮਾਨਸਾ ਤੋਂ ਪਾਰਟੀ ਟਿਕਟ ਲਈ ਦਾਅਵੇਦਾਰੀ ਜਤਾ ਰਹੇ ਐਡਵੋਕੇਟ ਗੁਰਪ੍ਰੀਤ ਸਿੰਘ ਵਿੱਕੀ ਨੂੰ ਵਿਦੇਸ਼ ਤੋਂ ਮਿਲੀ ਧਮਕੀ ‘ਤੇ ਪ੍ਰਤੀਕਿਰਿਆ ਦਿੰਦਿਆਂ ਅਣਜਾਨਤਾ ਜਤਾਈ। ਉਨ੍ਹਾਂ ਕਿਹਾ ਕਿ ਉਨਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।