ਬਹੁਜਨ ਸਮਾਜ ਪਾਰਟੀ ਵੱਲੋਂ ਸ਼ਹਿਰ ’ਚ ਰੋਸ ਪ੍ਰਦਰਸ਼ਨ ਬਾਅਦ ਨਗਰ ਪੰਚਾਇਤ ਦਫ਼ਤਰ ਅੱਗੇ ਲਗਾਇਆ ਧਰਨਾ ਬਹੁਜਨ ਸਮਾਜ ਪਾਰਟੀ ਬਹੁਜਨ ਸਮਾਜ ਪਾਰਟੀ
Publish Date: Thu, 08 Oct 2026 04:50 PM (IST)
Updated Date: Thu, 08 Oct 2026 04:53 PM (IST)
ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ ਸਰਦੂਲਗੜ੍ਹ ਬਹੁਜਨ ਸਮਾਜ ਪਾਰਟੀ ਵੱਲੋਂ ਕੁਲਦੀਪ ਸਿੰਘ ਸਰਦੂਲਗੜ੍ਹ ਇੰਚਾਰਜ ਬਸਪਾ ਪੰਜਾਬ ਦੀ ਅਗਵਾਈ ’ਚ ਸ਼ਹਿਰ ’ਚ ਰੋਸ ਮਾਰਚ ਕੱਢਣ ਬਾਅਦ ਨਗਰ ਪੰਚਾਇਤ ਦਫ਼ਤਰ ਅੱਗੇ ਧਰਨਾ ਲਗਾ ਕੇ ਪੰਜਾਬ ਸਰਕਾਰ ਖਿਲਾਫ਼ ਦੱਬ ਕੇ ਨਾਅਰੇਬਾਜ਼ੀ ਕੀਤੀ ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਕੁਲਦੀਪ ਸਿੰਘ ਨੇ ਕਿਹਾ ਕਿ ਅੱਜ ਦਾ ਰੋਸ ਪ੍ਰਦਰਸ਼ਨ ਅਤੇ ਧਰਨਾ ਸਰਦੂਲਗੜ੍ਹ ਇਹ ਲੋਕਾਂ ਦੀਆਂ ਮੰਗਾਂ ਨੂੰ ਮੁੱਖ ਰੱਖਦਿਆਂ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਨਗਰ ਪੰਚਾਇਤ ਸਰਦੂਲਗੜ੍ਹ ਵਿਚ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਨੂੰ ਲਗਾਉਣ ਸਬੰਧੀ ਰਾਸ਼ੀ ਆਈ ਹੋਈ ਹੈ, ਪਰ ਨਗਰ ਪੰਚਾਇਤ ਵੱਲੋਂ ਬੁੱਤ ਲਗਾਉਣ ਵਿਚ ਆਨਾ ਕਰ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਇਹ ਬੁੱਤ ਘੱਗਰ ਦੇ ਪੁਲ ਨਜ਼ਦੀਕ ਨੈਸ਼ਨਲ ਹਾਈਵੇ ਵਿਚਕਾਰ ਪਈ ਖਾਲੀ ਜਗ੍ਹਾ ਵਿਚ ਸਥਾਪਿਤ ਕੀਤਾ ਜਾਵੇ। ਇਸ ਤੋਂ ਇਲਾਵਾ ਸ਼ਹਿਰ ਦੇ ਰੋੜਕੀ ਚੌਂਕ ਵਿਚ ਸ਼ਹੀਦ ਭਗਤ ਸਿੰਘ ਦੇ ਬੁੱਤ ਕੋਲ ਬਣੇ ਪਬਲਿਕ ਬਾਥਰੂਮਾਂ ਨੂੰ ਹਟਾਇਆ ਜਾਵੇ। ਸੂਬੇ ਵਿਚ ਦਿਨ ਬ ਦਿਨ ਵੱਧ ਰਹੇ ਚਿੱਟੇ ਦੇ ਕਹਿਰ ਨੂੰ ਖ਼ਤਮ ਕਰਨ ਲਈ ਮੁੱਖ ਸਮਗਲਰਾਂ ਨੂੰ ਫੜ੍ਹਿਆ ਜਾਵੇ ਤੇ ਇਸ ਸਿੰਥੈਟਿਕ ਨਸ਼ੇ ਨੂੰ ਪੂਰਨ ਤੌਰ ‘ਤੇ ਬੰਦ ਕੀਤਾ ਜਾਵੇ। ਦਿਹਾੜੀਦਾਰਾਂ ਨੂੰ ਮਨਰੇਗਾ ਅਧੀਨ ਸਾਲ ਵਿਚ 200 ਦਿਨ ਕੰਮ ਦੀ ਗਰੰਟੀ ਦਿੱਤੀ ਜਾਵੇ ਤੇ ਇਸ ਦੀ ਘੱਟੋ ਘੱਟ ਦਿਹਾੜੀ 700 ਰੁਪਏ ਪ੍ਰਤੀ ਦਿਨ ਕੀਤੀ ਜਾਵੇ। ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਜਿਹੜੇ ਗਰੀਬ ਲੋਕਾਂ ਦੇ ਮਕਾਨਾਂ ਦੇ ਪੈਸੇ ਹਾਲੇ ਤੱਕ ਉਹਨਾਂ ਨੂੰ ਨਹੀਂ ਮਿਲੇ ਤੁਰੰਤ ਰਹਿੰਦੀਆਂ ਕਿਸ਼ਤਾਂ ਉਨ੍ਹਾਂ ਨੂੰ ਜਾਰੀ ਕੀਤੀਆਂ ਜਾਣ। ਅਸ਼ੀਰਵਾਦ ਸਕੀਮ ਤਹਿਤ ਲਾਭਪਾਤਰੀਆਂ ਨੂੰ ਤੁਰੰਤ ਪੈਸੇ ਜਾਰੀ ਕੀਤੇ ਜਾਣ, ਬੁਢਾਪਾ, ਵਿਧਵਾ, ਅੰਗਹੀਣਾਂ ਦੀਆਂ ਪੈਨਸ਼ਨਾਂ ਨੂੰ ਤੁਰੰਤ ਜਾਰੀ ਕੀਤਾ ਜਾਵੇ। ਸ਼ਹਿਰ ਵਿਚ ਸਫ਼ਾਈ ਪ੍ਰਬੰਧਾਂ ਨੂੰ ਦਰੁਸਤ ਕੀਤਾ ਜਾਵੇ। ਸ਼ਹਿਰ ਵਿੱਚ ਸਟਰੀਟ ਲਾਈਟਾਂ ਗਲੀਆਂ, ਨਾਲੀਆਂ ਅਤੇ ਬੰਦ ਪਏ ਸੀਵਰੇਜ਼ ਨੂੰ ਜਲਦੀ ਠੀਕ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਇਨ੍ਹਾਂ ਮੰਗਾਂ ਸਬੰਧੀ ਅੱਜ ਪਾਰਟੀ ਦੇ ਸੀਨੀਅਰ ਆਗੂਆਂ ਵੱਲੋਂ ਉਪ ਮੰਡਲ ਮੈਜਿਸਟ੍ਰੇਟ ਸਰਦੂਲਗੜ੍ਹ ਨੂੰ ਮੰਗ ਪੱਤਰ ਦਿੱਤਾ ਗਿਆ ਹੈ। ਜਲਦੀ ਹੀ ਇਨ੍ਹਾਂ ਮੰਗਾਂ ਨੂੰ ਹੱਲ ਕਰਨ ਲਈ ਕਿਹਾ ਗਿਆ ਹੈ। ਜੇਕਰ ਪ੍ਰਸ਼ਾਸਨ ਵੱਲੋਂ ਜਲਦੀ ਕੋਈ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਰਸ਼ਪਾਲ ਸਿੰਘ ਸਿੰਗੋ, ਜ਼ਿਲਾ ਪ੍ਰਧਾਨ ਬਾਬੂ ਸਿੰਘ ਫਤਿਹਪੁਰ, ਹਲਕਾ ਪ੍ਰਧਾਨ ਰਸ਼ਪਾਲ ਸਿੰਘ, ਬੰਤ ਸਿੰਘ ਫੱਤਾ ਮਾਲੋਕਾ, ਜਸਵੀਰ ਸਿੰਘ ਜੱਸੀ, ਜੋਗਿੰਦਰ ਸਿੰਘ ਕੁਸਲਾ, ਸੌਦਾਗਰ ਸਿੰਘ, ਪਾਲੀ ਸਿੰਘ ਇੰਚਾਰਜ ਬੁਢਲਾਡਾ ਆਦੀ ਹਾਜ਼ਰ ਸਨ।