ਬੱਬੀ ਦਾਨੇਵਾਲੀਆ ਨੇ ਕੇਂਦਰੀ ਮੰਤਰੀ ਅੱਗੇ ਰੱਖੀਆਂ ਵਪਾਰੀਆਂ ਦੀਆਂ ਮੰਗਾਂ
ਭਾਜਪਾ ਦੇ ਜ਼ਿਲ੍ਹਾ ਮਹਾ ਮੰਤਰੀ ਮਨੀਸ਼ ਬੱਬੀ
Publish Date: Sat, 14 Feb 2026 06:48 PM (IST)
Updated Date: Sun, 15 Feb 2026 04:09 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਭਾਜਪਾ ਦੇ ਜ਼ਿਲ੍ਹਾ ਮਹਾਂਮੰਤਰੀ ਮਨੀਸ਼ ਬੱਬੀ ਦਾਨੇਵਾਲੀਆ ਸਮੇਤ ਦਿਆਲ ਦਾਸ ਸੋਢੀ ਸ਼ੈਲਰ ਐਸੋਸੀਏਸ਼ਨ ਵਿੰਗ ਦੇ ਜਤਿੰਦਰ ਮੋਹਨ ਬਰੇਟਾ, ਬਾਲਕ੍ਰਿਸ਼ਨ ਬਾਲੀ ਵੱਲੋਂ ਕੱਲ ਵਪਾਰੀਆਂ ਦੇ ਮਸਲਿਆਂ ਨੂੰ ਲੈ ਦਿੱਲੀ ਵਿਖੇ ਦੇਸ਼ ਦੇ ਖਾਦ ਮੰਤਰੀ ਪ੍ਰਹਲਾਦ ਜੋਸ਼ੀ ਨੂੰ ਮਿਲਕੇ ਵਿਚਾਰਾਂ ਕੀਤੀਆਂ ਗਈਆਂ ਅਤੇ ਇਹ ਮੰਗਾਂ ਪ੍ਰਵਾਨ ਕਰਨ ਦੀ ਮੰਗ ਕੀਤੀ ਗਈ। ਵਪਾਰ ਮੰਡਲ ਦੇ ਪ੍ਰਧਾਨ ਮੁਨੀਸ਼ ਬੱਬੀ ਦਾਨੇਵਾਲੀਆ ਨੇ ਇਸ ਵਿੱਚ ਆੜ੍ਹਤੀਆਂ ਦੇ ਕਮਿਸ਼ਨ ਵਧਾਉਣ ਦੀ ਮੰਗ ਕਰਦਿਆਂ ਇਸਨੂੰ ਢਾਈ ਫ਼ੀਸਦੀ ਕਰਨ ਦੀ ਗੱਲ ਰੱਖੀ। ਉਨ੍ਹਾਂ ਕਿਹਾ ਕਿ ਇਹ ਮੁੱਖ ਮੰਗ ਪਿਛਲੇ ਕਾਫ਼ੀ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਹੈ। ਉਨ੍ਹਾਂ ਖ਼ਾਸ ਤੌਰ ‘ਤੇ ਇੰਨ੍ਹਾਂ ਮੁੱਦਿਆਂ ਅਤੇ ਮੰਗਾਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨਾਲ ਵਿਸ਼ੇਸ਼ ਰੂਪ ਵਿੱਚ ਚਰਚਾ ਕੀਤੀ। ਮੁਨੀਸ਼ ਬੱਬੀ ਦਾਨੇਵਾਲੀਆ ਨੇ ਪੰਜਾਬ ਦੀ ਸ਼ੈਲਰ ਇੰਡਸਟਰੀ ਬਾਰੇ ਵੀ ਦੱਸਿਆ ਕਿ ਇਸ ਖੇਤਰ ਦੀ ਸਿਰਫ਼ ਇੱਕੋ ਇੱਕ ਸ਼ੈਲਰ ਇੰਡਸਟਰੀ ਹੈ, ਜੇਕਰ ਸਮਾਂ ਰਹਿੰਦੇ ਕੁੱਝ ਨੀਤੀਆਂ ਵਿੱਚ ਬਦਲਾਅ ਕਰਕੇ ਇਸ ਨੂੰ ਨਾ ਬਚਾਇਆ ਗਿਆ ਤਾਂ ਸਾਰੀ ਇੰਡਸਟਰੀ ਖ਼ਤਮ ਹੋ ਜਾਵੇਗੀ। ਇਸਦਾ ਸਿੱਧਾ ਅਸਰ ਆਰਥਿਕਤਾ ਤੇ ਸ਼ੈਲਰ ਉਦਯੋਗ ਤੇ ਪਵੇਗਾ। ਇਸਦੇ ਦਮ ਤੋੜਣ ਨਾਲ ਵਪਾਰੀ ਜ਼ਮੀਨ ਤੇ ਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਉਦਯੋਗ ਨਾਲ 50 ਲੱਖ ਪਰਿਵਾਰ ਵਪਾਰੀ, ਕਿਸਾਨ, ਮਜ਼ਦੂਰ, ਆੜ੍ਹਤੀਏ, ਛੋਟੇ ਕਾਰੋਬਾਰੀ, ਰੇਹੜੀ ਚਾਲਕ ਆਦਿ ਜੁੜੇ ਹੋਏ ਹਨ। ਇਸ ਉਦਯੋਗ ਨੂੰ ਬਚਾਉਣ ਦੀ ਵੱਡੀ ਜ਼ਰੂਰਤ ਹੈ। ਮੰਤਰੀ ਪ੍ਰਹਿਲਾਦ ਜੋਸ਼ੀ ਨੇ ਇੰਨ੍ਹਾਂ ਸਾਰੀਆਂ ਮੰਗਾਂ ‘ਤੇ ਗੌਰ ਕਰਨ ਦਾ ਪੂਰਨ ਤੌਰ ਤੇ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਇਸ ਤੇ ਜਲਦੀ ਵਿਚਾਰ ਕੀਤਾ ਜਾਵੇਗਾ। ਇਸ ਦੌਰਾਨ ਕੌਮੀ ਜਨਰਲ ਸਕੱਤਰ ਤਰੁਣ ਚੁੱਘ, ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ, ਸੂਬਾ ਮਹਾਂ ਮੰਤਰੀ ਦਿਆਲ ਸੋਢੀ, ਆੜ੍ਹਤੀਆ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਵਿਜੇ ਕਾਲੜਾ, ਜਗਮੋਹਨ ਆਦਿ ਮੌਜੂਦ ਸਨ।