ਮੀਂਹ ਨਾ ਪੈਣ ਕਾਰਨ ਸੁੱਕ ਰਿਹਾ ਹੈ ਝੋਨਾ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ
Publish Date: Thu, 03 Sep 2026 07:33 PM (IST)
Updated Date: Fri, 04 Sep 2026 04:04 AM (IST)
ਖੇਤੀ ਮੋਟਰਾਂ ਲਈ ਬਿਜਲੀ ਸਪਲਾਈ ਮਿਲ ਰਹੀ 4 ਤੋਂ 6 ਘੰਟੇ ਕੀਤੀ ਸਟਾਫ ਪ੍ਰਤੀਨਿਧ, ਪੰਜਾਬੀ ਜਾਗਰਣ, ਮਾਨਸਾ : ਮੀਂਹ ਨਾ ਪੈਣ ਕਾਰਨ ਝੋਨਾ ਸੁੱਕਦਾ ਜਾ ਰਿਹਾ ਹੈ, ਜਦਕਿ ਬਿਜਲੀ ਸਪਲਾਈ ਵੀ ਵਿਭਾਗ ਵੱਲੋਂ ਘੱਟ ਕੀਤੇ ਜਾਣ ਕਾਰਨ ਕਿਸਾਨ ਨਰਾਜ਼ ਦਿਖਾਈ ਦੇ ਰਹੇ ਹਨ। ਉਹ ਸਰਕਾਰ ਨੂੰ ਕੋਸਦੇ ਹੋਏ ਨਜ਼ਰ ਆ ਰਹੇ ਹਨ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਮੀਂਹ ਨਾ ਪੈਣ ਕਰਕੇ ਕਿਸਾਨਾਂ ਦਾ ਝੋਨਾ ਖੇਤਾਂ ਵਿੱਚ ਸੁੱਕਣ ਲੱਗਿਆ ਹੈ ਪਰ ਦੂਜੇ ਪਾਸੇ ਬਿਜਲੀ ਸਪਲਾਈ 8 ਘੰਟੇ ਦੀ ਬਜਾਏ ਸਿਰਫ਼ ਚਾਰ ਤੋਂ ਛੇ ਘੰਟੇ ਦਿਤੀ ਜਾਣ ਲੱਗੀ ਹੈ, ਜੋ ਕਿ ਉੱਪਰੋਂ ਔੜ ਲੱਗੀ ਹੋਣ ਕਰਕੇ ਝੋਨਾ ਖੇਤਾਂ ਵਿੱਚ ਖੜ੍ਹਾ ਸੁੱਕਣ ਲੱਗਾ ਹੈ। ਕੁਝ ਕਿਸਾਨ ਝੋਨਾ ਵਾਹੁਣ ਲਈ ਮਜ਼ਬੂਰ ਹਨ, ਕਿਉਂਕਿ ਕਿਸਾਨਾਂ ਨੇ ਝੋਨੇ ਦੀ ਲਵਾਈ ਤੋਂ ਲੈਕੇ ਪਾਲਣ ਲਈ ਬਹੁਤ ਖ਼ਰਚਾ ਹੋ ਚੁੱਕਿਆ ਹੈ। ਕਿਸਾਨ ਆਗੂ ਨੇ ਕਿਹਾ ਕੁਝ ਬਿਜਲੀ ਮੁਲਾਜ਼ਮਾਂ ਨੇ ਦੱਸਿਆ ਕਿ ਸਾਨੂੰ ਤਾਂ ਉੱਪਰੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਵੀ ਛੇ ਘੰਟੇ ਬਿਜਲੀ ਸਪਲਾਈ ਦਿੱਤੀ ਜਾਵੇ ਪਰ ਕਈ ਬਿਜਲੀ ਗਰੈਡ ਵਾਲੇ 2 ਤੋਂ 4 ਘੰਟੇ ਤੱਕ ਬਿਜਲੀ ਸਪਲਾਈ ਦਿੰਦੇ ਹਨ ਪਰ ਜੇ ਕੁਝ ਦਿਨਾਂ ਮੀਂਹ ਨਾ ਪਿਆ ਤਾਂ ਬਹੁਤ ਕਿਸਾਨ ਝੋਨਾ ਵਾਹੁਣ ਲਈ ਮਜ਼ਬੂਰ ਹੋਣਗੇ। ਕਿਸਾਨ ਆਗੂ ਹਰਜਿੰਦਰ ਸਿੰਘ ਮਾਨਸ਼ਾਹੀਆ, ਜਰਨੈਲ ਸਿੰਘ ਖਿਆਲਾ, ਬੂਟਾ ਸਿੰਘ ਕੋਟਲੀ, ਜਗਤਾਰ ਸਿੰਘ ਸਹਾਰਨਾ, ਸੋਮਾ ਪੰਡਤ ਉਭਾ ਨੇ ਕਿਹਾ ਜੇਕਰ ਸਰਕਾਰ ਵੱਲੋਂ ਬਿਜਲੀ ਸਪਲਾਈ 8 ਘੰਟੇ ਨਾ ਦਿੱਤੀ ਗਈ ਤਾਂ ਅਗਲੇ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।