ਗੁਰਦੁਆਰਾ ਨਿਰਮਲਸਰ ਸਾਹਿਬ ਤਿਲੋਕੇਵਾਲਾ ਵਿਖੇ ਛੇਵੇਂ ਪਾਤਸ਼ਾਹ ਨੂੰ ਸਮਰਪਿਤ ਸਾਲਾਨਾ ਜੋੜ ਮੇਲ ਸੰਪੰਨ
ਮੀਰੀ-ਪੀਰੀ ਦੇ ਮਾਲਕ, ਛੇਵੇਂ ਪਾਤਸ਼ਾਹ
Publish Date: Sun, 14 Jun 2026 04:20 PM (IST)
Updated Date: Sun, 14 Jun 2026 04:21 PM (IST)

ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਤਲਵੰਡੀ ਸਾਬੋ ਮੀਰੀ-ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਨਿਰਮਲਸਰ ਸਾਹਿਬ ਤਿਲੋਕੇਵਾਲਾ ਵਿਖੇ ਸਾਲਾਨਾ ਜੋੜ ਮੇਲ ਪੂਰਨ ਸ਼ਰਧਾ, ਅਕੀਦਤ ਅਤੇ ਖਾਲਸਾਈ ਜਾਹੋ-ਜਲਾਲ ਨਾਲ ਮਨਾਇਆ ਗਿਆ। ਇਸ ਮੌਕੇ ਦੇਸ਼ ਵਿਦੇਸ਼ ਤੋਂ ਸਿੱਖ ਸੰਗਤ ਨਤਮਸਤਕ ਹੋਣ ਪਹੁੰਚੀ। ਸਮਾਗਮ ਦੌਰਾਨ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ, ਸਿੰਘ ਸਾਹਿਬ ਗਿਆਨੀ ਟੇਕ ਸਿੰਘ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰਦਿਆਂ ਸੰਗਤ ਨੂੰ ਕੌਮੀ ਇਤਿਹਾਸ ਅਤੇ ਗੁਰਮਤਿ ਫ਼ਲਸਫ਼ੇ ਨਾਲ ਜੋੜਿਆ। ਸੰਗਤ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸਿੰਘ ਸਾਹਿਬ ਬਾਬਾ ਟੇਕ ਸਿੰਘ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਦਰਸ਼ਨ ਤੇ ਰੋਸ਼ਨੀ ਪਾਈ। ਉਨ੍ਹਾਂ ਕਿਹਾ ਕਿ ਛੇਵੇਂ ਪਾਤਸ਼ਾਹ ਨੇ ਸਿੱਖ ਮਾਨਸਿਕਤਾ ਨੂੰ ਨਵੀਂ ਪਰਵਾਜ਼ ਦਿੰਦਿਆਂ ਕੇਵਲ ਰੂਹਾਨੀਅਤ (ਪੀਰੀ) ਦਾ ਮਾਰਗ ਹੀ ਦ੍ਰਿੜ ਨਹੀਂ ਕਰਵਾਇਆ, ਸਗੋਂ ਜਬਰ-ਜ਼ੁਲਮ ਅਤੇ ਬੇਇਨਸਾਫ਼ੀ ਵਿਰੁੱਧ ਹਿੱਕ ਤਾਣ ਕੇ ਖੜ੍ਹਨ ਲਈ ਮੀਰੀ ਦਾ ਸਰਵਉੱਚ ਸਿਧਾਂਤ ਬਖਸ਼ਿਸ਼ ਕੀਤਾ। ਇਹ ਸਿਧਾਂਤ ਭਗਤੀ ਅਤੇ ਸ਼ਕਤੀ ਦਾ ਅਦਭੁਤ ਸੁਮੇਲ ਹੈ। ਮੌਜੂਦਾ ਪਰਿਪੇਖ ਤੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਜਥੇਦਾਰ ਸਾਹਿਬ ਨੇ ਕਿਹਾ ਕਿ ਅਜੋਕੇ ਦੌਰ ਵਿੱਚ ਸਿੱਖ ਪੰਥ, ਸਾਡੀ ਨਿਆਰੀ ਹੌਂਦ ਅਤੇ ਮੌਲਿਕ ਸਿਧਾਂਤਾਂ ਤੇ ਚੌਹਾਂ ਤਰਫ਼ਾਂ ਤੋਂ ਸੂਖਮ ਅਤੇ ਪ੍ਰਤੱਖ ਹਮਲੇ ਹੋ ਰਹੇ ਹਨ। ਇਨ੍ਹਾਂ ਵਧ ਰਹੀਆਂ ਚੁਣੌਤੀਆਂ ਅਤੇ ਕੌਮੀ ਸੰਕਟਾਂ ਦਾ ਟਾਕਰਾ ਕਰਨ ਲਈ ਸਾਨੂੰ ਗੁਰੂ ਸਾਹਿਬ ਦੇ ਇਸੇ ਬੇਮਿਸਾਲ ਫ਼ਲਸਫ਼ੇ ਤੇ ਪਹਿਰਾ ਦੇਣਾ ਹੋਵੇਗਾ। ਅੱਜ ਜਿੱਥੇ ਸਾਨੂੰ ਆਤਮਿਕ ਤੌਰ ਤੇ ਬਲਵਾਨ ਹੋ ਕੇ ਨਾਮ ਬਾਣੀ ਨਾਲ ਜੁੜਨ ਦੀ ਲੋੜ ਹੈ, ਉੱਥੇ ਹੀ ਸਮਾਜਿਕ, ਵਿਦਿਅਕ ਅਤੇ ਸੰਗਠਨਾਤਮਕ ਪੱਧਰ ਤੇ ਵੀ ਕੌਮ ਨੂੰ ਸ਼ਕਤੀਸ਼ਾਲੀ ਬਣਾਉਣਾ ਪਵੇਗਾ। ਇਨ੍ਹਾਂ ਹਮਲਿਆਂ ਨੂੰ ਪਛਾੜਨ ਦਾ ਇੱਕੋ ਇੱਕ ਰਸਤਾ ਆਪਸੀ ਵਖਰੇਵੇਂ ਭੁਲਾ ਕੇ ਇੱਕ ਨਿਸ਼ਾਨ ਹੇਠ ਇਕਜੁੱਟ ਹੋਣਾ ਹੈ। ਸਮਾਗਮ ਦੌਰਾਨ ਧਾਰਮਿਕ ਅਸਥਾਨ ਦੇ ਮੁੱਖ ਸੇਵਾਦਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਾਬਾ ਗੁਰਮੀਤ ਸਿੰਘ ਤਿਲੋਕੇਵਾਲਾ ਨੇ ਸਿੰਘ ਸਾਹਿਬ ਬਾਬਾ ਟੇਕ ਸਿੰਘ ਸਮੇਤ ਪੁੱਜੀਆਂ ਪ੍ਰਮੁੱਖ ਸ਼ਖਸੀਅਤਾਂ ਅਤੇ ਸਮੂਹ ਸੰਗਤ ਦਾ ਰਸਮੀ ਤੌਰ ਤੇ ਨਿੱਘਾ ਸਵਾਗਤ ਕੀਤਾ। ਗੁਰੂ ਘਰ ਦੀਆਂ ਪੁਰਾਤਨ ਮਰਯਾਦਾਵਾਂ ਅਨੁਸਾਰ ਸਿੰਘ ਸਾਹਿਬ ਨੂੰ ਗੁਰੂ ਬਖਸ਼ਿਸ਼ ‘ਸਿਰੋਪਾਓ’ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਬਾਬਾ ਗੁਰਮੀਤ ਸਿੰਘ ਨੇ ਬੋਲਦਿਆਂ ਕਿਹਾ ਕਿ ਅੱਜ ਦਾ ਇਹ ਜੋੜ ਮੇਲਾ ਸਾਨੂੰ ਕੇਵਲ ਇਤਿਹਾਸ ਯਾਦ ਕਰਵਾਉਣ ਲਈ ਨਹੀਂ, ਸਗੋਂ ਭਵਿੱਖ ਦੀਆਂ ਪੰਥਕ ਜ਼ਿੰਮੇਵਾਰੀਆਂ ਪ੍ਰਤੀ ਸੁਚੇਤ ਕਰਨ ਦਾ ਵੀ ਇੱਕ ਵੱਡਾ ਜ਼ਰੀਆ ਹੈ। ਸਿੰਘ ਸਾਹਿਬ ਨੇ ਜੋ ਕੌਮੀ ਇਕਜੁੱਟਤਾ ਦਾ ਹੋਕਾ ਦਿੱਤਾ ਹੈ, ਉਹ ਅਜੋਕੇ ਸਮੇਂ ਦੀ ਸਭ ਤੋਂ ਵੱਡੀ ਹਾਕ ਹੈ। ਸਾਨੂੰ ਸਾਰਿਆਂ ਨੂੰ ਧੜੇਬੰਦੀਆਂ ਤੋਂ ਉੱਪਰ ਉੱਠ ਕੇ ਪੰਥਕ ਸਫ਼ਾਂ ਵਿਚ ਇਕਸੁਰਤਾ ਅਤੇ ਅਖੰਡਤਾ ਕਾਇਮ ਰੱਖਣ ਲਈ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਜੋ ਕੌਮ ਦੇ ਸੁਨਹਿਰੀ ਭਵਿੱਖ ਦੀ ਸਿਰਜਣਾ ਕੀਤੀ ਜਾ ਸਕੇ। ਇਸ ਵਿਸ਼ੇਸ਼ ਮੌਕੇ ਨਰਿੰਦਰਜੀਤ ਸਿੰਘ ਭਵਾਨੀਗੜ੍ਹ ਮੈਨੇਜਰ ਤਖ਼ਤ ਸ੍ਰੀ ਦਮਦਮਾ ਸਾਹਿਬ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।