ਮਾਨਸਾ ’ਚ ਲੈਕਚਰਾਰਾਂ ਦੀ ਘਾਟ 'ਤੇ ਫੁੱਟਿਆ ਗੁੱਸਾ, ਮਾਪਿਆਂ ਨੇ ਸਕੂਲ ਨੂੰ ਜੜਿਆ ਤਾਲਾ; ਸਿੱਖਿਆ ਵਿਭਾਗ ਖ਼ਿਲਾਫ਼ ਪ੍ਰਦਰਸ਼ਨ
ਆਦਰਸ਼ ਮਾਡਲ ਸਕੂਲ ਕੁਲਰੀਆਂ ਵਿੱਚ ਲੰਬੇ ਸਮੇਂ ਤੋਂ ਚੱਲ ਰਹੀ ਅਧਿਆਪਕਾਂ ਦੀ ਘਾਟ ਦੇ ਵਿਰੋਧ ’ਚ ਅੱਜ ਮਾਪਿਆਂ ਅਤੇ ਵਿਦਿਆਰਥੀਆਂ ਨੇ ਰੋਸ ਪ੍ਰਗਟ ਕਰਦਿਆਂ ਸਕੂਲ ਦੇ ਮੁੱਖ ਗੇਟ ਨੂੰ ਜਿੰਦਾ ਲਾ ਕੇ ਧਰਨਾ ਦਿੱਤਾ। ਇਸ ਮੌਕੇ ਵੱਡੀ ਗਿਣਤੀ ਵਿੱਚ ਪਹੁੰਚੇ ਮਾਪਿਆਂ ਨੇ ਸਰਕਾਰ ਅਤੇ ਸਿੱਖਿਆ ਵਿਭਾਗ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
Publish Date: Sat, 25 Jul 2026 04:11 PM (IST)
Updated Date: Sat, 25 Jul 2026 04:13 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ। ਆਦਰਸ਼ ਮਾਡਲ ਸਕੂਲ ਕੁਲਰੀਆਂ ਵਿੱਚ ਲੰਬੇ ਸਮੇਂ ਤੋਂ ਚੱਲ ਰਹੀ ਅਧਿਆਪਕਾਂ ਦੀ ਘਾਟ ਦੇ ਵਿਰੋਧ ’ਚ ਅੱਜ ਮਾਪਿਆਂ ਅਤੇ ਵਿਦਿਆਰਥੀਆਂ ਨੇ ਰੋਸ ਪ੍ਰਗਟ ਕਰਦਿਆਂ ਸਕੂਲ ਦੇ ਮੁੱਖ ਗੇਟ ਨੂੰ ਜਿੰਦਾ ਲਾ ਕੇ ਧਰਨਾ ਦਿੱਤਾ। ਇਸ ਮੌਕੇ ਵੱਡੀ ਗਿਣਤੀ ਵਿੱਚ ਪਹੁੰਚੇ ਮਾਪਿਆਂ ਨੇ ਸਰਕਾਰ ਅਤੇ ਸਿੱਖਿਆ ਵਿਭਾਗ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਮਾਪਿਆਂ ਦਾ ਕਹਿਣਾ ਹੈ ਕਿ ਸਕੂਲ ’ਚ ਕਈ ਵਿਸ਼ਿਆਂ ਦੀਆਂ ਅਸਾਮੀਆਂ ਲੰਬੇ ਸਮੇਂ ਤੋਂ ਖਾਲੀ ਪਈਆਂ ਹਨ, ਜਿਸ ਕਾਰਨ ਬੱਚਿਆਂ ਦੀ ਪੜ੍ਹਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਵਾਰ-ਵਾਰ ਸਿੱਖਿਆ ਅਧਿਕਾਰੀਆਂ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਕੋਈ ਸੁਣਵਾਈ ਨਾ ਹੋਣ ਤੋਂ ਬਾਅਦ ਉਨ੍ਹਾਂ ਨੂੰ ਇਹ ਸਖ਼ਤ ਕਦਮ ਚੁੱਕਣਾ ਪਿਆ। ਧਰਨੇ ’ਚ ਸ਼ਾਮਲ ਵਿਦਿਆਰਥੀਆਂ ਨੇ ਵੀ ਹੱਥਾਂ ਵਿੱਚ ਤਖ਼ਤੀਆਂ ਫੜ ਕੇ ਆਪਣੀ ਪੜ੍ਹਾਈ ਦੇ ਨੁਕਸਾਨ ਬਾਰੇ ਗੱਲ ਰੱਖੀ।
ਧਰਨਾਕਾਰੀਆਂ ਨੇ ਸਾਫ਼ ਕਿਹਾ ਕਿ ਜਦੋਂ ਤੱਕ ਖਾਲੀ ਪਈਆਂ ਅਸਾਮੀਆਂ 'ਤੇ ਅਧਿਆਪਕਾਂ ਦੀ ਨਿਯੁਕਤੀ ਨਹੀਂ ਹੁੰਦੀ, ਸਕੂਲ ਨੂੰ ਜਿੰਦਾ ਨਹੀਂ ਖੋਲ੍ਹਿਆ ਜਾਵੇਗਾ।
ਸੂਚਨਾ ਮਿਲਦਿਆਂ ਹੀ ਮੌਕੇ 'ਤੇ ਪੁੱਜੇ ਡਿਪਟੀ ਡੀ ਓ ਪਰਮਜੀਤ ਸਿੰਘ ਨੇ ਮਾਪਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਅਤੇ ਮਸਲੇ ਨੂੰ ਉੱਚ ਅਧਿਕਾਰੀਆਂ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਇੱਕ ਮਹੀਨੇ ਦੇ ਅੰਦਰ-ਅੰਦਰ ਸਕੂਲ ’ਚ ਪ੍ਰਿੰਸੀਪਲ ਸਮੇਤ ਅਧਿਆਪਕਾਂ ਦੀਆਂ ਅਸਾਮੀਆਂ ਨੂੰ ਭਰ ਦਿੱਤਾ ਜਾਵੇਗਾ। ਇਸ ਭਰੋਸੇ ਤੋਂ ਬਾਅਦ ਇੱਕ ਵਾਰ ਧਰਨਾਕਾਰੀਆਂ ਵੱਲੋਂ ਧਰਨਾ ਚੁੱਕ ਲਿਆ ਗਿਆ।