ਵਰਲਡ ਹਿਊਮਨ ਰਾਈਟ ਫਾਊਂਡੇਸ਼ਨ ਨੇ 50 ਵਿਅਕਤੀਆਂ ਦੀਆਂ ਅੱਖਾਂ ਇਕੱਤਰ ਕਰ ਭੇਜੀਆਂ ਏਮਜ਼ ਬਠਿੰਡਾ ਦੇ ਅੱਖ ਬੈਂਕ ‘ਚ ਸਮਾਜ ਭਲਾਈ ਅਤੇ ਮਾਨਵ ਅਧਿਕਾਰਾਂ ਲਈ
Publish Date: Wed, 07 Oct 2026 05:05 PM (IST)
Updated Date: Wed, 07 Oct 2026 05:08 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਮਾਨਸਾ ਸੰਸਥਾ ਵਰਲਡ ਹਿਊਮਨ ਰਾਈਟ ਫਾਊਂਡੇਸ਼ਨ ਮਾਨਸਾ ਨੇ ਹੁਣ ਤੱਕ ਮਰਨ ਉਪਰੰਤ ਲਗਭਗ 50 ਵਿਅਕਤੀਆਂ ਦੀਆਂ ਅੱਖਾਂ ਇਕੱਤਰ ਕਰ ਏਮਜ਼, ਬਠਿੰਡਾ ਦੇ ਅੱਖ ਬੈਂਕ ਵਿਖੇ ਸਫ਼ਲਤਾ ਪੂਰਵਕ ਭੇਜੀਆਂ ਹਨ ਤਾਂ ਜੋ ਲੋੜਵੰਦ ਨੇਤਰਹੀਣ ਵਿਅਕਤੀਆਂ ਨੂੰ ਨਵੀਂ ਰੋਸ਼ਨੀ ਦਿੱਤੀ ਜਾ ਸਕੇ। ਇਸ ਸ਼ਲਾਘਾਯੋਗ ਕਾਰਜ ਨੂੰ ਮੁੱਖ ਰੱਖਦਿਆਂ ਪਿਛਲੇ ਦਿਨ੍ਹੀਂ ਏਮਜ਼ ਬਠਿੰਡਾ ਵੱਲੋਂ ਨੇਤਰ ਦਾਨ ਦੀ ਮਹੱਤਤਾ ਤੇ ਇੱਕ ਵਿਸ਼ੇਸ਼, ਪ੍ਰਭਾਵਸ਼ਾਲੀ ਅਤੇ ਜਾਣਕਾਰੀ ਭਰਪੂਰ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਸੈਮੀਨਾਰ ਦਾ ਮੁੱਖ ਵਿਸ਼ਾ ਨੇਤਰ ਬੈਂਕ ਅਤੇ ਕਾਰਨੀਆ ਪ੍ਰਤੱਖਾਰੋਪਣ ਸੀ। ਸੈਮੀਨਾਰ ਦੇ ਮੁੱਖ ਪ੍ਰਬੰਧਕ ਡਾ. ਅਨੁਰਾਧਾ ਰਾਜ, ਪ੍ਰੋਫ਼ੈਸਰ ਅਤੇ ਮੁਖੀ, ਅੱਖਾਂ ਰੋਗ ਵਿਭਾਗ, ਏਮਜ਼ ਬਠਿੰਡਾ ਸਨ। ਡਾ. ਅਨੁਰਾਧਾ ਰਾਜ ਵੱਲੋਂ ਦੱਸਿਆ ਗਿਆ ਕਿ ਕਿਵੇਂ ਇੱਕ ਅੱਖਾਂ ਦੇ ਦਾਨ ਨਾਲ ਕਈਆਂ ਦੀ ਜ਼ਿੰਦਗੀ ਰੋਸ਼ਨ ਹੋ ਸਕਦੀ ਹੈ। ਏਮਜ਼ ਦੇ ਮਾਹਿਰ ਅੱਖਾਂ ਦੇ ਡਾਕਟਰਾਂ ਵੱਲੋਂ ਦੱਸਿਆ ਗਿਆ ਕਿ ਮਰਨ ਤੋਂ 6 ਘੰਟੇ ਦੇ ਅੰਦਰ ਅੰਦਰ ਅੱਖਾਂ ਦਾਨ ਕੀਤੀਆਂ ਜਾ ਸਕਦੀਆਂ ਹਨ। ਇੱਕ ਵਿਅਕਤੀ ਦੇ ਨੇਤਰ ਦਾਨ ਨਾਲ ਦੋ ਨੇਤਰਹੀਣ ਵਿਅਕਤੀਆਂ ਨੂੰ ਨਵੀਂ ਰੋਸ਼ਨੀ ਮਿਲ ਸਕਦੀ ਹੈ। ਅੱਖਾਂ ਕੱਢਣ ਦੀ ਪ੍ਰਕਿਰਿਆ ਸਰਲ, ਸੁਰੱਖਿਅਤ ਅਤੇ ਸਿਰਫ਼ 20-25 ਮਿੰਟ ਦੀ ਹੁੰਦੀ ਹੈ। ਇਸ ਨਾਲ ਮ੍ਰਿਤਕ ਦੇ ਚਿਹਰੇ ਤੇ ਕੋਈ ਵਿਗਾੜ ਨਹੀਂ ਆਉਂਦਾ। ਇਸ ਮਹੱਤਵਪੂਰਨ ਸੈਮੀਨਾਰ ਲਈ ਏਮਜ਼, ਬਠਿੰਡਾ ਵੱਲੋਂ ਸਾਡੀ ਸੰਸਥਾ ਵਰਲਡ ਹਿਊਮਨ ਰਾਈਟਸ ਫ਼ਾਊਂਡੇਸ਼ਨ, ਮਾਨਸਾ ਨੂੰ ਵਿਸ਼ੇਸ਼ ਤੌਰ ਤੇ ਸੱਦਾ ਪੱਤਰ ਭੇਜ ਸਨਮਾਨਿਤ ਕੀਤਾ ਗਿਆ। ਸੰਸਥਾ ਦੇ ਮੁੱਖ ਸੇਵਾਦਾਰ ਅਤੇ ਸਰਪ੍ਰਸਤ ਸੂਰਜ ਛਾਬੜਾ ਦੀ ਯੋਗ ਅਗਵਾਈ ਅਤੇ ਸੁਚੱਜੀ ਦੇਖ-ਰੇਖ ਹੇਠ ਕੀਤਾ ਜਾ ਰਿਹਾ ਹੈ। ਸੰਸਥਾ ਦੇ ਸੀਨੀਅਰ ਮੈਂਬਰ-ਪ੍ਰੋਜੈਕਟ ਚੇਅਰਮੈਨ ਡਾ. ਕ੍ਰਿਸ਼ਨ ਸੇਠੀ (ਜਿੰਨ੍ਹਾਂ ਨੂੰ ਏਮਜ਼ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ)। ਸੰਤ ਲਾਲ ਨਾਗਪਾਲ, ਗੁਰਤੇਜ ਸਿੰਘ ਜਗਰੀ, ਸੱਤ ਪਾਲ ਅਰੋੜਾ, ਸੁਰਜੀਤ ਸਿੰਘ ਫ਼ੌਜੀ, ਸੁਨੀਲ ਕੁਮਾਰ ਅਤੇ ਹੋਰ ਪਤਵੰਤੇ ਸੱਜਣ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਅੰਤ ਵਿਚ ਗੁਰਤੇਜ ਸਿੰਘ ਜਗਰੀ ਨੇ ਸਮੂਹ ਇਲਾਕਾ ਵਾਸੀਆਂ ਨੂੰ ਹੱਥ ਜੋੜ ਅਪੀਲ ਕੀਤੀ ਕਿ ਆਉ, ਅਸੀਂ ਸਭ ਰਲ ਕੇ ਇਹ ਪ੍ਰਣ ਲਈਏ ਕਿ ਮਰਨ ਉਪਰੰਤ ਆਪਣੀਆਂ ਅੱਖਾਂ ਦਾਨ ਕਰਾਂਗੇ। ਸੰਸਥਾ ਵੱਲੋਂ ਡਾ. ਅਨੁਰਾਧਾ ਰਾਜ ਅਤੇ ਏਮਜ਼ ਬਠਿੰਡਾ ਦੀ ਸਮੁੱਚੀ ਟੀਮ ਦਾ ਨੇਕ ਅਤੇ ਜਾਣਕਾਰੀ ਭਰਪੂਰ ਸੈਮੀਨਾਰ ਕਰਵਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ।