ਸਿੱਖਿਆ, ਸਾਹਿਤ, ਵਾਤਾਵਰਨ ਅਤੇ ਸਮਾਜ ਸੇਵਾ ਦੇ ਪੁੰਜ : ਲੈਕਚਰਾਰ ਬਲਵਿੰਦਰ ਸਿੰਘ ਬਾਘਾ ਦਾ ਪ੍ਰੇਰਨਾਦਾਇਕ ਜੀਵਨ ਸਫ਼ਰ ਅਧਿਆਪਨ ਸਿਰਫ਼ ਇੱਕ ਪੇਸ਼ਾ ਨਹੀਂ
Publish Date: Sat, 05 Sep 2026 04:46 PM (IST)
Updated Date: Sat, 05 Sep 2026 04:49 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਅਧਿਆਪਨ ਸਿਰਫ਼ ਇਕ ਪੇਸ਼ਾ ਨਹੀਂ, ਸਗੋਂ ਸਮਾਜ ਦੀਆਂ ਨੀਂਹਾਂ ਨੂੰ ਮਜ਼ਬੂਤ ਕਰਨ ਵਾਲਾ ਇਕ ਪਵਿੱਤਰ ਮਿਸ਼ਨ ਹੈ। ਇਸ ਮਿਸ਼ਨ ਨੂੰ ਪੂਰੀ ਲਗਨ, ਨਿਸ਼ਠਾ, ਸਾਹਿਤਕ ਸੰਵੇਦਨਾ ਤੇ ਰਚਨਾਤਮਕਤਾ ਨਾਲ ਜੀਣ ਵਾਲੀ ਇਕ ਬਹੁਪੱਖੀ ਸ਼ਖ਼ਸੀਅਤ ਹਨ-ਬਲਵਿੰਦਰ ਸਿੰਘ ਬਾਘਾ, ਜੋ ਇਸ ਵੇਲੇ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ (ਡਾਇਟ) ਅਹਿਮਦਪੁਰ, ਜ਼ਿਲ੍ਹਾ ਮਾਨਸਾ ਵਿਖੇ ਬਤੌਰ ਲੈਕਚਰਾਰ ਆਪਣੀਆਂ ਨਿਵੇਕਲੀਆਂ ਅਤੇ ਵਡਮੁੱਲੀਆਂ ਸੇਵਾਵਾਂ ਨਿਭਾ ਰਹੇ ਹਨ। ਵਿਗਿਆਨ ਸਿੱਖਿਆ ਦੇ ਪਾਸਾਰ, ਵਾਤਾਵਰਨ ਜਾਗਰੂਕਤਾ, ਸਾਹਿਤਕ ਗਤੀਵਿਧੀਆਂ ਅਤੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਉਨ੍ਹਾਂ ਦੁਆਰਾ ਕੀਤੇ ਗਏ ਕਾਰਜ ਸਮੁੱਚੇ ਸਿੱਖਿਆ ਅਤੇ ਸਾਹਿਤ ਜਗਤ ਅਤੇ ਸਮਾਜ ਲਈ ਪ੍ਰੇਰਨਾ ਦਾ ਵੱਡਾ ਸਰੋਤ ਹਨ। ਬਲਵਿੰਦਰ ਸਿੰਘ ਬਾਘਾ ਦੀ ਅਕਾਦਮਿਕ ਖੇਤਰ ਵਿਚ ਬੇਮਿਸਾਲ ਘਾਲਣਾ ਤੇ ਵਿਗਿਆਨ ਅਧਿਆਪਨ ਵਿਚ ਨਿਵੇਕਲੇ ਯੋਗਦਾਨ ਨੂੰ ਦੇਖਦਿਆਂ, ਉਨ੍ਹਾਂ ਨੂੰ ਸਾਲ 2017 ਵਿਚ ਵੱਕਾਰੀ ਮਾਲਤੀ ਗਿਆਨ ਪੀਠ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਹ ਪੁਰਸਕਾਰ ਉਨ੍ਹਾਂ ਦੀ ਬੁਲੰਦ ਸੋਚ, ਮਿਹਨਤ ਅਤੇ ਅਧਿਆਪਨ ਖੇਤਰ ਵਿਚ ਪਾਏ ਵੱਡੇ ਯੋਗਦਾਨ ਦੀ ਰਾਸ਼ਟਰੀ ਪੱਧਰ ਤੇ ਪ੍ਰਵਾਨਗੀ ਦਾ ਪ੍ਰਤੀਕ ਹੈ। ਇਹ ਸਨਮਾਨ ਸਿੱਖਿਆ ਦੇ ਖੇਤਰ ਵਿਚ ਉਨ੍ਹਾਂ ਦੀ ਲਗਾਤਾਰ ਬਹਾਲ ਰਹੀ ਲਗਨ ਦਾ ਪ੍ਰਤੱਖ ਪ੍ਰਮਾਣ ਹੈ। ਸਿੱਖਿਆ ਦੇ ਨਾਲ-ਨਾਲ ਸਮਾਜਿਕ ਤੇ ਵਾਤਾਵਰਨਿਕ ਮੁੱਦਿਆਂ ਤੇ ਵੀ ਉਨ੍ਹਾਂ ਨੇ ਵੱਡੀ ਪੱਧਰ ਤੇ ਕੰਮ ਕੀਤਾ ਹੈ। ਵਾਤਾਵਰਨ ਦੀ ਸ਼ੁੱਧਤਾ ਲਈ ਜਾਗਰੂਕਤਾ ਫ਼ੈਲਾਉਣ ਤੇ ਪਰਾਲੀ ਦੀ ਸੰਭਾਲ ਸਬੰਧੀ ਚਲਾਏ ਗਏ ਵਿਸ਼ੇਸ਼ ਅਭਿਆਨਾਂ ਕਰਕੇ ਸਾਲ 2018 ਦੇ ਗਣਤੰਤਰ ਦਿਵਸ ਸਮਾਗਮ ਦੌਰਾਨ ਬਠਿੰਡਾ ਦੇ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਉਨ੍ਹਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਅਕਾਦਮਿਕ ਅਤੇ ਵਿਗਿਆਨਿਕ ਗਤੀਵਿਧੀਆਂ ਦੇ ਨਾਲ-ਨਾਲ ਸਾਹਿਤਕ ਖੇਤਰ ਵਿੱਚ ਵੀ ਉਨ੍ਹਾਂ ਦਾ ਯੋਗਦਾਨ ਬਹੁਤ ਹੀ ਜ਼ਿਕਰਯੋਗ ਹੈ। ਉਹ ਸਾਹਿਤ ਜਾਗਰਤੀ ਸਭਾ ਬਠਿੰਡਾ ਦੇ ਐਗਜੈਕਟਿਵ ਮੈਂਬਰ ਵਜੋਂ ਪੂਰੀ ਸਰਗਰਮੀ ਨਾਲ ਸੇਵਾਵਾਂ ਨਿਭਾ ਰਹੇ ਹਨ। ਉਨ੍ਹਾਂ ਦੀਆਂ ਰਚਨਾਵਾਂ, ਲੇਖ ਅਤੇ ਵਿਚਾਰ ਪ੍ਰਮੁੱਖ ਅਖ਼ਬਾਰਾਂ ਅਤੇ ਰਸਾਲਿਆਂ ਵਿੱਚ ਗਾਹੇ-ਬਗਾਹੇ ਛਪਦੇ ਰਹਿੰਦੇ ਹਨ, ਜਿਨ੍ਹਾਂ ਨੂੰ ਪਾਠਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਦਾ ਹੈ। ਉਨ੍ਹਾਂ ਦੀ ਕਲਮ ਸਮਾਜਿਕ ਚੇਤਨਾ, ਸਾਹਿਤਕ ਰਸ ਅਤੇ ਵਿਗਿਆਨਿਕ ਦ੍ਰਿਸ਼ਟੀਕੋਣ ਦਾ ਇਕ ਸੁਚੱਜਾ ਮਿਸ਼ਰਣ ਪੇਸ਼ ਕਰਦੀ ਹੈ। ਸੱਤ ਮਾਸਟਰ ਡਿਗਰੀਆਂ ਪੂਰ੍ਹੀਆਂ ਕਰਨ ਉਪਰੰਤ ਪੜ੍ਹਾਈ ਦਾ ਸਫ਼ਰ ਅਜੇ ਜਾਰੀ ਹੈ। ਉਹ ਰਾਸ਼ਟਰੀ ਪੱਧਰ ਦੇ ਕਈ ਸੈਮੀਨਾਰਾਂ ਤੇ ਵਰਕਸ਼ਾਪਾਂ ਵਿਚ ਭਾਗ ਲੈ ਚੁੱਕੇ ਹਨ। ਬਲਵਿੰਦਰ ਸਿੰਘ ਬਾਘਾ ਦੀ ਵਿਗਿਆਨਿਕ, ਸਾਹਿਤਕ ਅਤੇ ਬੌਧਿਕ ਪਕੜ ਕਰਕੇ ਉਨ੍ਹਾਂ ਨੂੰ ਵੱਖ-ਵੱਖ ਵਿਗਿਆਨਿਕ ਅਤੇ ਵਿੱਦਿਅਕ ਮੁਕਾਬਲਿਆਂ ਵਿੱਚ ਬਤੌਰ ਜੱਜ ਵਿਸ਼ੇਸ਼ ਤੌਰ ਤੇ ਸੱਦਾ ਦਿੱਤਾ ਜਾਂਦਾ ਹੈ। ਬਤੌਰ ਜੱਜ ਉਨ੍ਹਾਂ ਦੀ ਨਿਰਪੱਖ ਅਤੇ ਮਿਆਰੀ ਭੂਮਿਕਾ ਲਈ ਉਨ੍ਹਾਂ ਨੂੰ ਕਈ ਮੰਚਾਂ ਤੇ ਸਨਮਾਨਿਤ ਵੀ ਕੀਤਾ ਗਿਆ ਹੈ। ਉਨ੍ਹਾਂ ਦੁਆਰਾ ਸਕੂਲ ਵਿੱਚ ਸਥਾਪਿਤ ਕੀਤੇ ਗਏ ਸਾਇੰਸ ਕਲੱਬ ਅਤੇ ਈਕੋ ਕਲੱਬ ਦੁਆਰਾ ਕੀਤੇ ਗਏ ਕਾਰਜਾਂ ਨੂੰ ਸਮੁੱਚੇ ਜ਼ਿਲ੍ਹੇ ਦੁਆਰਾ ਕਈ ਵਾਰ ਸਰਾਹਿਆ ਅਤੇ ਸਨਮਾਨਿਤ ਕੀਤਾ ਗਿਆ ਹੈ। ਅੱਜ ਉਨ੍ਹਾਂ ਦੇ ਪੜ੍ਹਾਏ ਅਣਗਿਣਤ ਵਿਦਿਆਰਥੀ ਵੱਖ-ਵੱਖ ਉੱਚ ਅਹੁਦਿਆਂ ਤੇ ਤੈਨਾਤ ਹਨ। ਡਾਇਟ ਅਹਿਮਦਪੁਰ (ਮਾਨਸਾ) ਵਿਖੇ ਆਪਣੀਆਂ ਸੇਵਾਵਾਂ ਦਿੰਦਿਆਂ ਉਹ ਨਿਰੰਤਰ ਸਮਾਜ ਨੂੰ ਨਵੀਂ ਦਿਸ਼ਾ ਦੇਣ ਵਿੱਚ ਪੂਰੀ ਲਗਨ ਨਾਲ ਜੁਟੇ ਹੋਏ ਹਨ।