ਆਲ ਪੰਜਾਬ ਆਂਗਨਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਮੀਟਿੰਗ
ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ
Publish Date: Wed, 25 Mar 2026 06:07 PM (IST)
Updated Date: Thu, 26 Mar 2026 04:02 AM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਆਲ ਪੰਜਾਬ ਆਂਗਨਵਾੜੀ ਮੁਲਾਜ਼ਮ ਯੂਨੀਅਨ ਬਲਾਕ ਮਾਨਸਾ ਦੀ ਮੀਟਿੰਗ ਬਲਵੀਰ ਕੌਰ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ’ਚ ਹੋਈ। ਮੀਟਿੰਗ ਨੂੰ ਸੰਬੋਧਨ ਕਰਨ ਲਈ ਹਰਗੋਬਿੰਦ ਕੌਰ ਕੌਮੀ ਪ੍ਰਧਾਨ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਝਾੜੂ ਦੀ ਸਰਕਾਰ ਨੇ ਵੋਟਾਂ ਵੇਲੇ ਆਂਗਨਵਾੜੀ ਵਰਕਰਾਂ, ਹੈਲਪਰਾਂ ਨਾਲ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਆਉਣ ਤੇ ਆਂਗਨਵਾੜੀ ਵਰਕਰਾਂ, ਹੈਲਪਰਾਂ ਦਾ ਮਾਣ-ਭੱਤਾ ਦੁੱਗਣਾ ਕੀਤਾ ਜਾਵੇਗਾ। ਪਰ ਆਂਗਨਵਾੜੀ ਵਰਕਰਾਂ, ਹੈਲਪਰਾਂ ਦਾ ਮਾਣ ਭੱਤਾ ਦੁੱਗਣਾ ਕਰਨ ਦੀ ਜਗ੍ਹਾ ’ਤੇ ਸਰਕਾਰ ਆਂਗਨਵਾੜੀ ਵਰਕਰਾਂ, ਹੈਲਪਰਾਂ ਨੂੰ ਮਾਣ-ਭੱਤਾ ਸਮੇਂ ਸਿਰ ਦੇਣ ਵਿੱਚ ਵੀ ਅਸਫ਼ਲ ਰਹੀ ਹੈ। ਆਂਗਨਵਾੜੀ ਵਰਕਰਾਂ, ਹੈਲਪਰਾਂ ਨੂੰ ਅੱਜ ਤੱਕ ਸਮਾਰਟ ਫ਼ੋਨ ਨਹੀਂ ਦਿੱਤੇ ਗਏ। ਉਨ੍ਹਾਂ ਮੰਗ ਕੀਤੀ ਕਿ ਆਂਗਨਵਾੜੀ ਵਰਕਰਾਂ, ਹੈਲਪਰਾਂ ਨੂੰ ਸਮਾਰਟ ਫ਼ੋਨ ਦਿੱਤੇ ਜਾਣ, ਆਂਗਨਵਾੜੀ ਕੇਂਦਰਾਂ ’ਚ ਆ ਰਿਹਾ ਖ਼ਰਾਬ ਰਾਸ਼ਨ ਪ੍ਰਾਈਵੇਟ ਕੰਪਨੀਆਂ ਤੋਂ ਬੰਦ ਕਰਕੇ ਵੇਰਕਾ ਰਾਹੀਂ ਸਪਲਾਈ ਕੀਤਾ ਜਾਵੇ। ਐੱਨਜੀਓ ਨੂੰ ਦਿੱਤੇ ਬਲਾਕ ਵਾਪਸ ਲਏ ਜਾਣ। ਆਂਗਨਵਾੜੀ ਵਰਕਰ ਹੈਲਪਰ ਨੂੰ ਪ੍ਰੀ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ। ਮੀਟਿੰਗ ’ਚ ਜਥੇਬੰਦੀ ਦੇ ਉਲੀਕੇ ਸਮਾਗਮਾਂ ਅਨੁਸਾਰ ਮਈ ਮਹੀਨੇ ਵਿਚ ਹਲਕੇ ਦੇ ਐੱਮਐੱਲਏ ਦੇ ਘਰ ਦੇ ਸਾਹਮਣੇ ਰੋਸ ਮੁਜ਼ਾਹਰਾ ਕਰਨ ਦਾ ਫ਼ੈਸਲਾ ਕੀਤਾ ਗਿਆ ਤੇ ਉਸ ਦੀ ਤਿਆਰੀ ਕੀਤੀ ਗਈ। ਮੀਟਿੰਗ ’ਚ ਸੁਰਿੰਦਰ ਕੌਰ ਪ੍ਰਧਾਨ, ਮਲਕੀਤ ਕੌਰ ਮੀਤ ਪ੍ਰਧਾਨ, ਗੁਰਮੀਤ ਕੌਰ ਰਾਪੁਰ ਹਰਪਾਲ ਕੌਰ ਸਰਦੂਲਗੜ੍ਹ, ਸਤਵਿੰਦਰ ਕੌਰ, ਰਛਪਾਲ ਕੌਰ, ਇੰਦਰਜੀਤ ਕੌਰ, ਸੁਖਵਿੰਦਰ ਕੌਰ, ਬੇਅੰਤ ਕੌਰ, ਗੁਰਮੇਲ ਕੌਰ, ਨਿਰਮਲਾ ਕੁਮਾਰੀ, ਜਸਵੀਰ ਕੌਰ, ਮਨਜੀਤ ਕੌਰ, ਚਰਨਜੀਤ ਕੌਰ, ਮਨੋਖ ਕੁਮਾਰੀ ਆਦਿ ਆਗੂ ਹਾਜ਼ਰ ਸਨ।