ਅਕਾਲੀ ਦਲ ਪੁਨਰ ਸੁਰਜੀਤ ਪੰਥਕ ਪਾਰਟੀਆਂ ਨਾਲ ਸਮਝੌਤਾ ਕਰਨ ਲਈ ਤਿਆਰ ਅਕਾਲੀ ਦਲ ਸਾਡੀ ਮਾਂ ਪਾਰਟੀ ਹੈ
Publish Date: Sat, 10 Oct 2026 04:35 PM (IST)
Updated Date: Sat, 10 Oct 2026 04:38 PM (IST)
ਅਵਤਾਰ ਸਿੰਘ ਗੇਹਲੇ, ਪੰਜਾਬੀ ਜਾਗਰਣ ਮਾਨਸਾ ਅਕਾਲੀ ਦਲ ਸਾਡੀ ਮਾਂ ਪਾਰਟੀ ਹੈ ਪਰ ਅਸੀਂ ਅਕਾਲੀ ਦਲ ਤੋਂ ਵੱਖ ਨਹੀਂ ਹੋਏ। ਸੁਖਬੀਰ ਸਿੰਘ ਬਾਦਲ ਦੀਆਂ ਮਨਮਾਨੀਆਂ ਕਾਰਨ ਵੱਖ ਹੋਏ ਹਾਂ। ਜੇਕਰ ਉਹ 2 ਦਸੰਬਰ ਦੇ ਸ਼੍ਰੀ ਅਕਾਲ ਤਖਤ ਦੇ ਫ਼ੈਸਲੇ ਨੂੰ ਮੰਨਦੇ ਤਾਂ ਚੰਗੀ ਗੱਲ ਹੈ ਤਾਂ ਹੀ ਪੰਥਕ ਪਾਰਟੀਆਂ ਇੱਕ ਮੰਚ ’ਤੇ ਆ ਸਕਦੀਆਂ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮਾਨਸਾ ਵਿਖੇ ਪਹੁੰਚੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਕੀਤਾ ਗਿਆ। ਅਕਾਲੀ ਦਲ ਪੁਨਰ ਸੁਰਜੀਤ ਦੇ ਆਗੂ ਪਰਮਿੰਦਰ ਸਿੰਘ ਢੀਡਸਾ ਮਾਨਸਾ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਵੱਲੋਂ ਅਕਾਲੀ ਦਲ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਡਾਕਟਰ ਲਖਵਿੰਦਰ ਸਿੰਘ ਮੂਸਾ ਨੂੰ ਅਕਾਲੀ ਦਲ ਪੁਨਰ ਸੁਰਜੀਤ ਦੇ ਵਿੱਚ ਸ਼ਾਮਿਲ ਕਰਵਾਇਆ। ਇਸ ਦੌਰਾਨ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਅਕਾਲੀ ਦਲ ਪੁਨਰ ਸਰਜੀਤ ਪੰਥ ਦੀ ਗੱਲ ਕਰਦੀ ਹੈ ਅਤੇ ਪੰਥਕ ਧਿਰਾਂ ਨੂੰ ਨਾਲ ਲੈ ਕੇ ਚੱਲਣ ਦੇ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਸਾਡੀ ਮਾਂ ਪਾਰਟੀ ਹੈ ਪਰ ਸੁਖਬੀਰ ਸਿੰਘ ਬਾਦਲ ਜੇਕਰ ਆਪਣੀ ਹਉਮੈ ਛੱਡ ਕੇ ਨਾਲ ਆਉਂਦੇ ਹਨ ਤਾਂ ਉਹ ਨਾਲ ਚੱਲਣ ਦੇ ਲਈ ਵੀ ਤਿਆਰ ਹਨ। ਪਰ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਦੋ ਦਸੰਬਰ ਦੇ ਫੈਸਲੇ ਨੂੰ ਮੰਨਣ ਪਰ ਉਹ ਨਹੀਂ ਮੰਨਦੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਪੁਨਰ ਸਰਜੀਤ ਵੱਲੋਂ ਪੰਜਾਬ ਦੇ ਵਿਚ ਸ਼ਾਂਤੀ ਅਤੇ ਪੰਜਾਬ ਦੇ ਲੋਕਾਂ ਨੂੰ ਵਿਕਾਸ ਵੱਲ ਲੈ ਕੇ ਜਾਣ ਦਾ ਰੋਡ ਮੈਪ ਹੈ, ਜਿਸ ਤਹਿਤ ਅੱਜ ਵੱਡੇ ਪੱਧਰ ਤੇ ਲੋਕ ਪੰਥਕ ਪਾਰਟੀ ਦੇ ਨਾਲ ਜੁੜ ਰਹੇ ਹਨ। ਉਨ੍ਹਾਂ ਸਪਸ਼ਟ ਕੀਤਾ ਕਿ ਜੇਕਰ ਕੋਈ ਵੀ ਪਾਰਟੀ ਉਨ੍ਹਾਂ ਦੇ ਨਾਲ ਸਮਝੌਤਾ ਕਰਨਾ ਚਾਹੁੰਦੀ ਹੈ ਤਾਂ ਉਹ ਤਿਆਰ ਹਨ ਜੋ ਪੰਜਾਬ ਦੀ ਗੱਲ ਕਰਨਗੇ। ਉਨ੍ਹਾਂ ਦੀ ਵਾਰਿਸ ਪੰਜਾਬ ਦੇ ਨਾਲ ਵੀ ਗੱਲਬਾਤ ਚੱਲ ਰਹੀ ਹੈ, ਜਿਸ ਨੂੰ ਲੈ ਕੇ ਆਉਣ ਵਾਲੇ ਦਿਨਾਂ ਦੇ ਵਿਚ ਚਰਚਾ ਵੀ ਹੋ ਸਕਦੀ ਹੈ। ਇਸ ਦੌਰਾਨ ਉਨ੍ਹਾਂ ਬੀਜੇਪੀ ਨਾਲ ਸਮਝੌਤੇ ’ਤੇ ਬੋਲਦੇ ਹੋਏ ਕਿਹਾ ਕਿ ਬੀਜੇਪੀ ਨੇ ਪੰਜਾਬ ਦੇ ਹਿੱਤਾਂ ਦੀ ਗੱਲ ਨਹੀਂ ਕੀਤੀ। ਪੰਜਾਬ ਦੇ ਕਿਸਾਨੀ ਦੀ ਜਵਾਨੀ ਦੀ ਅਤੇ ਨਾ ਹੀ ਪੰਜਾਬ ਦੇ ਲਈ ਕੋਈ ਵੱਡਾ ਪ੍ਰੋਜੈਕਟ ਦਿੱਤਾ ਹੈ ਪਰ ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਵਿਚ ਬਹੁਤ ਸਾਰੀਆਂ ਪੰਥਕ ਪਾਰਟੀਆਂ ਬਣਨ ਦੇ ਕਾਰਨ ਕੋਈ ਵੀ ਵੱਡੀ ਪਾਰਟੀ ਹੁਣ ਛੇਤੀ ਪੰਜਾਬ ਦੀਆਂ ਪੰਥਕ ਪਾਰਟੀਆਂ ਨਾਲ ਸਮਝੌਤਾ ਕਰਨ ਦੇ ਲਈ ਤਿਆਰ ਨਹੀਂ ਕਿਉਂਕਿ ਸਾਰੀਆਂ ਹੀ ਪਾਰਟੀਆਂ ਆਪਸ ’ਚ ਵੰਡੀਆਂ ਗਈਆਂ ਹਨ। ਕਿਉਂਕਿ ਪਹਿਲਾਂ ਹਰ ਪਾਰਟੀ ਪੰਜਾਬ ਦੀ ਪੰਥਕ ਪਾਰਟੀ ਦੇ ਨਾਲ ਜੁੜਨਾ ਚਾਹੁੰਦੀ ਸੀ ਪਰ ਅੱਜ ਵੱਖ-ਵੱਖ ਹੋਣ ਦੇ ਕਾਰਨ ਕੋਈ ਵੀ ਵੱਡੀ ਪਾਰਟੀ ਸਮਝੌਤਾ ਕਰਨ ਦੇ ਲਈ ਤਿਆਰ ਨਹੀਂ।