ਅਕਾਲੀ ਦਲ ਧਰਮ ਦੀ ਮਰਿਆਦਾ ਬਹਾਲ ਰੱਖਣ ਦੀ ਲੜਾਈ ਲੜ ਰਿਹਾ : ਗਿ. ਹਰਪ੍ਰੀਤ ਸਿੰਘ
ਅਕਾਲੀ ਦਲ ( ਪੁਨਰ ਸੁਰਜੀਤ) ਵੱਲੋਂ
Publish Date: Wed, 25 Mar 2026 08:31 PM (IST)
Updated Date: Thu, 26 Mar 2026 04:08 AM (IST)

ਚਤਰ ਸਿੰਘ, ਪੰਜਾਬੀ ਜਾਗਰਣ, ਬੁਢਲਾਡਾ : ਅਕਾਲੀ ਦਲ (ਪੁਨਰ ਸੁਰਜੀਤ) ਵੱਲੋਂ ਪੰਜਾਬ ਮਹਾਂਵੀਰ ਦਲ ਧਰਮਸ਼ਾਲਾ ਵਿਖੇ ਵਰਕਰ ਮੀਟਿੰਗ ਬੁਲਾਈ ਗਈ। ਮੀਟਿੰਗ ਨੂੰ ਸੰਬੋਧਿਤ ਕਰਦਿਆਂ ਪਾਰਟੀ ਦੇ ਕੌਮੀ ਪ੍ਰਧਾਨ ਤੇ ਸ਼੍ਰੀ ਅਕਾਲ ਤਖਤ ਦੇ ਸਾਬਕਾ ਜਥੇ. ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅਕਾਲੀ ਦਲ (ਪੁਨਰ ਸੁਰਜੀਤ) ਧਰਮ ਦੀ ਮਰਿਆਦਾ ਨੂੰ ਬਹਾਲ ਰੱਖਣ ਦੀ ਲੜਾਈ ਲੜ ਰਿਹਾ ਹੈ। ਇਸ ਲਈ ਇਸ ਮਰਿਆਦਾ ਨੂੰ ਤੋੜਣ ਵਾਲੇ ਲੋਕਾਂ ਨਾਲ ਉਦੋਂ ਤੱਕ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ, ਜਦੋਂ ਤੱਕ ਉਹ ਧਰਮ ਦੇ ਰਾਹ ’ਤੇ ਵਾਪਸ ਨਹੀਂ ਪਰਤ ਆਉਂਦੇ। ਹੋਰਨਾਂ ਪਾਰਟੀਆਂ ਨੂੰ ਲੋਕ ਦੇਖ ਚੁੱਕੇ ਹਨ, ਪਰ ਹੁਣ 2027 ’ਚ ਪੰਥਕ ਤਾਕਤਾਂ ਦੇ ਹੱਥ ਸਰਕਾਰ ਹੋਵੇਗੀ। ਅੱਜ ਦਾ ਇੱਕਠ ਅਸਲ ਰੂਪ ਵਿਚ ਉਨ੍ਹਾਂ ਦੇ ਖ਼ਿਲਾਫ਼ ਹੈ, ਜਿਨ੍ਹਾਂ ਨੇ ਪੰਜਾਬ ਨੂੰ ਪਿੱਛੇ ਲਿਆਂਦਾ ਹੈ। ਵੱਡੀਆਂ ਰੈਲੀਆਂ ਕਰਨ ਵਾਲੇ ਦਲਾਂ ਕੋਲ ਰੇਤ ਮਾਫ਼ੀਆ ਤੇ ਲੋਕਾਂ ਦੀ ਲੁੱਟ ਰਾਹੀਂ ਕਮਾਇਆ ਪੈਸਾ ਹੈ, ਪਰ ਅਸੀਂ ਹੱਕ ਸੱਚ ਦੀ ਕਮਾਈ ਰਾਹੀਂ ਰੈਲੀਆਂ ਦਾ ਪ੍ਰਬੰਧ ਕਰਨਾ ਹੈ। ਉਨ੍ਹਾਂ ਦਾ ਅਕਾਲੀ ਦਲ ਸਿੱਖ ਮਰਿਆਦਾ ਤੇ ਸਿੱਖ ਸੰਸਥਾਵਾਂ ਨੂੰ ਬਚਾਉਣ ਦੀ ਲੜਾਈ ਲੜ ਰਿਹਾ ਹੈ ਤੇ ਆਪਣੇ ਮਕਸਦ ਦੀ ਪੂਰਤੀ ਤੱਕ ਆਪਣੀ ਲੜਾਈ ਜਾਰੀ ਰੱਖੇਗਾ। ਪੰਜਾਬ ਦੀ ਵਿਗੜਦੀ ਅਮਨ ਕਾਨੂੰਨ ਦੀ ਸਥਿੱਤੀ ‘ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਜੰਗਲ ਦੇ ਰਾਜ ਵਰਗੇ ਹਲਾਤ ਪੈਦਾ ਹੋ ਗਏ ਹਨ ਤੇ ਸਥਿਤੀ ਦਿਨ-ਬ-ਦਿਨ ਖ਼ਰਾਬ ਹੁੰਦੀ ਜਾ ਰਹੀ ਹੈ। ਉਨ੍ਹਾਂ ਮੀਟਿੰਗ ਦੇ ਪ੍ਰਬੰਧ ਲਈ ਪਾਰਟੀ ਦੇ ਵਰਕਿੰਗ ਕਮੇਟੀ ਮੈਂਬਰ ਜੱਥੇਦਾਰ ਮਲਕੀਤ ਸਿੰਘ ਸਮਾਓ ਦੀ ਸ਼ਲਾਘਾ ਕੀਤੀ। ਮੀਟਿੰਗ ਨੂੰ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਬੱਪੀਆਣਾ, ਸ਼੍ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਮੈਂਬਰ ਮਿੱਠੂ ਸਿੰਘ ਕਾਹਨੇ ਕੇ, ਬਲਾਕ ਬੁਢਲਾਡਾ ਦੇ ਪ੍ਰਧਾਨ ਰਜਿੰਦਰ ਸਿੰਘ ਰਿਉਂਦ ਕਲਾ, ਬਲਾਕ ਬੁਢਲਾਡਾ (ਦਿਹਾਤੀ ) ਦੇ ਪ੍ਰਧਾਨ ਭੀਮ ਸਿੰਘ ਕਣਕਵਾਲ, ਹਰਜੀਤ ਸਿੰਘ ਜੰਡੂ ਤੇ ਗੁਰਜੰਟ ਸਿੰਘ ਫਫੜੇ ਭਾਈ ਨੇ ਵੀ ਸੰਬੋਧਨ ਕੀਤਾ।