- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖੇਤੀਬਾੜੀ ਅਫ਼ਸਰ ਹਰਵਿੰਦਰ ਸਿੰਘ ਸਿੱਧੂ

-ਕਿਸਾਨਾਂ ਨੂੰ ਚਿੱਟੀ ਮੱਖੀ ਤੇ ਗੁਲਾਬੀ ਸੁੰਡੀ ਦੀ ਰੋਕਥਾਮ ਸਬੰਧੀ ਦਿੱਤੇ ਤਕਨੀਕੀ ਸੁਝਾਅ
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਖੇਤੀਬਾੜੀ ਅਫ਼ਸਰ ਹਰਵਿੰਦਰ ਸਿੰਘ ਸਿੱਧੂ ਵੱਲੋਂ ਬਲਾਕ ਪੱਧਰੀ ਤਕਨੀਕੀ ਟੀਮਾਂ ਨਾਲ ਬਲਾਕ ਝੁਨੀਰ ਅਤੇ ਸਰਦੂਲਗੜ੍ਹ ਦੇ ਵੱਖ ਵੱਖ ਪਿੰਡਾਂ ਜਟਾਣਾ ਕਲਾਂ, ਸਰਦੂਲੇਵਾਲਾ, ਫੱਤਾ ਮਾਲੋਕਾ, ਝੁਨੀਰ ਅਤੇ ਸਾਹਨੇਵਾਲੀ ਵਿਖੇ ਨਰਮੇ ਦੀ ਫ਼ਸਲ ਦਾ ਦੌਰਾ ਕਰਕੇ ਮੁਆਇਨਾ ਕੀਤਾ ਗਿਆ। ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਸਰਵੇਖਣ ਦੌਰਾਨ ਨਰਮੇ ਦੀ ਫ਼ਸਲ ਦੀ ਹਾਲਤ ਤਸੱਲੀਬਖ਼ਸ਼ ਪਾਈ ਗਈ ਹੈ। ਖੇਤਾਂ ਦੇ ਨਿਰੀਖਣ ਦੌਰਾਨ ਕਿਸੇ ਵੀ ਪਿੰਡ ਵਿੱਚ ਚਿੱਟੀ ਮੱਖੀ, ਗੁਲਾਬੀ ਸੁੰਡੀ ਜਾਂ ਹੋਰ ਕੀੜੇ-ਮਕੌੜਿਆਂ ਅਤੇ ਬਿਮਾਰੀਆਂ ਦਾ ਹਮਲਾ ਆਰਥਿਕ ਨੁਕਸਾਨ ਪੱਧਰ ਤੋਂ ਵੱਧ ਨਹੀਂ ਪਾਇਆ ਗਿਆ। ਉਨ੍ਹਾਂ ਕਿਸਾਨਾਂ ਨੂੰ ਫ਼ਸਲ ਦਾ ਨਿਯਮਿਤ ਸਰਵੇਖਣ ਕਰਨ ਅਤੇ ਬਿਨਾਂ ਲੋੜ ਤੋਂ ਕੀਟਨਾਸ਼ਕਾਂ ਦਾ ਛਿੜਕਾਅ ਨਾ ਕਰਨ ਦੀ ਅਪੀਲ ਕੀਤੀ।
ਉਨ੍ਹਾਂ ਕਿਸਾਨਾਂ ਨੂੰ ਚਿੱਟੀ ਮੱਖੀ ਅਤੇ ਗੁਲਾਬੀ ਸੁੰਡੀ ਦੇ ਜੀਵਨ ਚੱਕਰ, ਪਛਾਣ, ਨਿਗਰਾਨੀ ਅਤੇ ਏਕੀਕ੍ਰਿਤ ਕੀਟ ਪ੍ਰਬੰਧਨ ਸਬੰਧੀ ਵਿਸਥਾਰ ਨਾਲ ਦੱਸਿਆ ਕਿ ਕੀੜੇਮਾਰ ਦਵਾਈਆਂ ਦਾ ਛਿੜਕਾਅ ਕੇਵਲ ਉਸ ਸਮੇਂ ਹੀ ਕੀਤਾ ਜਾਵੇ ਜਦੋਂ ਕੀੜਿਆਂ ਦਾ ਹਮਲਾ ਆਰਥਿਕ ਨੁਕਸਾਨ ਪੱਧਰ ਤੋਂ ਵੱਧ ਹੋਵੇ ਅਤੇ ਹਮੇਸ਼ਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੀਆਂ ਸਿਫ਼ਾਰਸ਼ਾਂ ਅਨੁਸਾਰ ਹੀ ਦਵਾਈਆਂ ਦੀ ਵਰਤੋਂ ਕੀਤੀ ਜਾਵੇ। ਚਿੱਟੀ ਮੱਖੀ ਦੇ ਪ੍ਰਭਾਵਸ਼ਾਲੀ ਪ੍ਰਬੰਧਨ ਲਈ ਉਨ੍ਹਾਂ ਦੱਸਿਆ ਕਿ ਜੇਕਰ ਚਿੱਟੀ ਮੱਖੀ ਦੀ ਗਿਣਤੀ 4 ਪ੍ਰਤੀ ਪੱਤਾ ਹੈ ਤਾਂ ਨਿੰਬੀਸੀਡੀਨ ਜਾਂ ਅਚੂਕ (ਨਿੰਮ ਅਧਾਰਿਤ ਕੀਟਨਾਸ਼ਕ) 1000 ਮਿ.ਲੀ. ਵਰਤੋਂ ਕੀਤੀ ਜਾਵੇ ਅਤੇ ਜੇਕਰ ਚਿੱਟੀ ਮੱਖੀ ਦੀ ਗਿਣਤੀ 4 ਪ੍ਰਤੀ ਪੱਤਾ ਤੋਂ ਵੱਧ ਹੈ ਤਾਂ ਅਫਿਡੋਪਾਈਰੋਪੈਨ 50 ਡੀ.ਸੀ. 400 ਮਿ.ਲੀ. ਪ੍ਰਤੀ ਏਕੜ, ਫਲੋਨੀਕਾਮਿਡ 50 ਡਬਲਯੂ.ਜੀ. 80 ਗ੍ਰਾਮ ਪ੍ਰਤੀ ਏਕੜ ਜਾਂ ਸਪਾਇਰੋਮੇਸੀਫੈਨ 22.9 ਐੱਸ.ਸੀ. 200 ਮਿ.ਲੀ. ਪ੍ਰਤੀ ਏਕੜ ਵਿੱਚੋਂ ਕਿਸੇ ਇੱਕ ਸਿਫ਼ਾਰਸ਼ੀ ਕੀਟਨਾਸ਼ਕ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ। ਇਸੇ ਤਰ੍ਹਾਂ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਕਿਸਾਨਾਂ ਨੂੰ ਸਲਾਹ ਦਿੱਤੀ ਗਈ ਕਿ ਹਮਲਾ ਆਰਥਿਕ ਨੁਕਸਾਨ ਪੱਧਰ ਤੋਂ ਵੱਧ ਹੋਣ ਦੀ ਸਥਿਤੀ ਵਿੱਚ ਹੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੀਆਂ ਸਿਫ਼ਾਰਸ਼ਾਂ ਅਨੁਸਾਰ ਕਿਸੇ ਇੱਕ ਸਿਫ਼ਾਰਸ਼ੀ ਕੀਟਨਾਸ਼ਕ ਦਾ ਹੀ ਛਿੜਕਾਅ ਕੀਤਾ ਜਾਵੇ।
ਇਸ ਤੋਂ ਇਲਾਵਾ ਖੇਤਾਂ ਦਾ ਹਫ਼ਤੇ ਵਿਚ ਘੱਟੋ ਘੱਟ ਦੋ ਵਾਰ ਸਰਵੇਖਣ ਵੀ ਕੀਤਾ ਜਾਵੇ, ਫੋਰਮੈਨ ਟੈਪ ਲਗਾ ਕੇ ਗੁਲਾਬੀ ਸੁੰਡੀ ਦੀ ਨਿਯਮਿਤ ਨਿਗਰਾਨੀ ਕੀਤੀ ਜਾਵੇ, ਪ੍ਰਭਾਵਿਤ ਫੁੱਲਾਂ ਅਤੇ ਟਿੰਡਿਆਂ ਨੂੰ ਨਸ਼ਟ ਕੀਤਾ ਜਾਵੇ ਅਤੇ ਕਿਸੇ ਵੀ ਕੀਟਨਾਸ਼ਕ ਤੋਂ ਪਹਿਲਾਂ ਆਪਣੇ ਨੇੜਲੇ ਖੇਤੀਬਾੜੀ ਦਫ਼ਤਰ ਜਾਂ ਖੇਤੀਬਾੜੀ ਮਾਹਿਰ ਦੀ ਸਲਾਹ ਜ਼ਰੂਰ ਲੈ ਲਈ ਜਾਵੇ।
ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਨਰਮੇ ਦੀ ਫ਼ਸਲ ਨੂੰ ਪਾਣੀ ਦੀ ਘਾਟ ਨਾ ਆਉਣ ਦਿੱਤੀ ਜਾਵੇ ਅਤੇ ਫੁੱਲਾਂ ਤੇ ਟੀਂਡਿਆਂ ਦੀ ਚੰਗੀ ਬਣਤਰ ਲਈ ਵੱਧ ਝਾੜ ਪ੍ਰਾਪਤ ਕਰਨ ਲਈ ਸਮੇਂ ਸਿਰ ਸਿੰਚਾਈ ਕਰਨਾ ਬਹੁਤ ਜ਼ਰੂਰੀ ਹੈ। ਇਸ ਮੌਕੇ ਅਮਨ ਸੁਲੇਖ ਕੁਮਾਰ ਮਹਿਲਾ, ਖੇਤੀਬਾੜੀ ਵਿਕਾਸ ਅਫ਼ਸਰ, ਗੁਰਿੰਦਰਜੀਤ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ, ਮਿਸ ਸਿਮਰਨ ਮਹਿਤਾ, ਖੇਤੀਬਾੜੀ ਵਿਕਾਸ ਅਫ਼ਸਰ, ਬਲਾਕ ਸਰਦੂਲਗੜ੍ਹ, ਅੰਮ੍ਰਿਤਪਾਲ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ, ਬਲਾਕ ਝੁਨੀਰ, ਰੋਹਤਾਸ ਕੁਮਾਰ, ਏ.ਐੱਸ.ਆਈ., ਸੁਖਵਿੰਦਰ ਸਿੰਘ, ਏ.ਐੱਸ.ਆਈ., ਅਮਰਿੰਦਰ ਸਿੰਘ, ਬੀ.ਟੀ.ਐੱਮ. ਸਮੇਤ ਹੋਰ ਵਿਭਾਗੀ ਅਧਿਕਾਰੀ, ਕਰਮਚਾਰੀ ਅਤੇ ਵੱਡੀ ਗਿਣਤੀ ’ਚ ਕਿਸਾਨ ਹਾਜ਼ਰ ਸਨ।